ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿ਼ਲ੍ਹੇ ਦੇ ਸਕੂਲਾਂ ਵਿੱਚ ਕਰਵਾਏ ਜਾ ਰਹੇ ਹਨ ਵੱਖ-ਵੱਖ ਮੁਕਾਬਲੇ
ਅਸ਼ੋਕ ਧੀਮਾਨ , ਫ਼ਤਹਿਗੜ੍ਹ ਸਾਹਿਬ, 30 ਮਾਰਚ:2021
ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਹੱਕ-ਸੱਚ ’ਤੇ ਪਹਿਰਾ ਦਿੰਦਿਆਂ ਆਪਣਾ ਸਿਦਕ ਨਹੀਂ ਹਾਰਿਆ ਜੋ ਕਿ ਹਰੇਕ ਨਾਗਰਿਕ ਲਈ ਪ੍ਰੇਰਨਾਸ੍ਰੋਤ ਹੈ। ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜੋ ਵੱਖ-ਵੱਖ ਸਕੂਲਾਂ ਵਿੱਚ ਮੁਕਾਬਲੇ ਕਰਵਾਏ ਜਾ ਰਹੇ ਹਨ, ਇਨ੍ਹਾਂ ਨਾਲ ਜਿਥੇ ਵਿਦਿਆਰਥੀਆਂ ਨੂੰ ਆਪਣੇ ਅਮੀਰ ਵਿਰਸੇ ਬਾਰੇ ਜਾਣਕਾਰੀ ਹਾਸਲ ਹੋਵੇਗੀ ਉਥੇ ਹੀ ਉਨ੍ਹਾਂ ਨੂੰ ਪੰਜਾਬੀਅਤ ਨਾਲ ਜੁੜੇ ਹੋਣ ਦਾ ਗੌਰਵ ਵੀ ਹਾਸਲ ਹੋਵੇਗਾ। ਇਹ ਪ੍ਰਗਟਾਵਾ ਜਿ਼ਲ੍ਹਾ ਸਿੱਖਿਆ ਅਫਸਰ (ਸੈ:ਸਿੱ:) ਸ਼੍ਰੀਮਤੀ ਪ੍ਰਭਸਿਮਰਨ ਕੌਰ ਨੇ ਸਕੂਲਾਂ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਮੁਕਾਬਲਿਆਂ ਸਬੰਧੀ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਉਪਰਾਲਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬ ਦੀ ਵੀਰ ਗਾਥਾ ਬਾਰੇ ਜਾਣਕਾਰੀ ਪਹੁੰਚਾਉਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।
ਜਿ਼ਲ੍ਹਾ ਸਿੱਖਿਆ ਅਫਸਰ ਨੇ ਕਿਹਾ ਕਿ ਅੱਜ ਜਦੋਂ ਸਾਡੇ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਕੁਰੀਤੀਆਂ ਪਣਪ ਰਹੀਆਂ ਹਨ ਤਾਂ ਉਸ ਸਮੇਂ ਵਿੱਚ ਸਰਕਾਰ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਕਦਮ ਹੈ ਕਿਉਂਕਿ ਸਾਡੇ ਬੱਚਿਆਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ ’ਤੇ ਚੱਲਦੇ ਹੋਏ ਇੱਕ ਸਿਹਤਮੰਦ ਜਿੰਦਗੀ ਪ੍ਰਦਾਨ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਜੀਵਨ ਵਿੱਚ ਜੇਕਰ ਛੋਟੀ ਉਮਰੇ ਹੀ ਵਿਦਿਆਰਥੀਆਂ ਨੂੰ ਚੰਗੀਆਂ ਆਦਤਾਂ ਪਾਈਆਂ ਜਾਣ ਤਾਂ ਉਹ ਹਮੇਸ਼ਾਂ ਸਹੀ ਰਾਹ ’ਤੇ ਤੁਰਦਾ ਹੈ। ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦੀਆਂ ਰੋਜ਼ਾਨਾਂ ਦੀਆਂ ਗਤੀਵਿਧੀਆਂ ਵੱਲ ਵਿਸ਼ੇਸ਼ ਧਿਆਨ ਦੇਣ ਅਤੇ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਨਿੱਜੀ ਜਿੰਦਗੀ ਵਿੱਚ ਹੋ ਰਹੇ ਬਦਲਾਅ ਬਾਰੇ ਜਾਣਕਰੀ ਪ੍ਰਾਪਤ ਕੀਤੀ ਜਾਵੇ ਤਾਂ ਜੋ ਬੱਚੇ ਆਪਣੇ ਆਪ ਨੂੰ ਇਕੱਲੇ ਨਾ ਸਮਝਣ। ਉਨ੍ਹਾਂ ਦੱਸਿਆ ਕਿ ਸੁੰਦਰ ਲਿਖਾਈ ਦੇ ਕਰਵਾਏ ਮੁਕਾਬਲਿਆਂ ਵਿੱਚ 12ਵੀਂ ਜਮਾਤ ਦੀ ਸਿਮਰਨਜੀਤ ਕੌਰ ਪਹਿਲੇ, 12ਵੀਂ ਜਮਾਤ ਦੀ ਹੀ ਜਸਪ੍ਰੀਤ ਕੌਰ ਦੂਜੇ ਅਤੇ 11ਵੀਂ ਜਮਾਤ ਦੀ ਹਰਸ਼ਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੀ।