ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੰਨਿਆ ਅਰਬਨ ਸਲਮ ਏਰੀਆ ਡਿਸਪੈਂਸਰੀ, ਪੀ ਐਚ ਸੀ ਕੋਟਸ਼ਮੀਰ ਅਤੇ ਸੰਗਤ ਹਸਪਤਾਲ ਦੀ ਬੇਹੱਦ ਮਾੜੀ ਹਾਲਤ
ਏ.ਐਸ. ਅਰਸ਼ੀ , ਚੰਡੀਗੜ੍ਹ 5 ਮਾਰਚ 2021
ਵਿਧਾਨ ਸਭਾ ਸੈਸ਼ਨ ਦੇ 5 ਵੇਂ ਦਿਨ ਹਲਕਾ ਬਠਿੰਡਾ ਦਿਹਾਤੀ ਦੀਆਂ ਸਿਹਤ ਸਹੂਲਤਾਂ ਦਾ ਮੁੱਦਾ ਵਿਧਾਇਕਾ ਪ੍ਰੋਫੈਸਰ ਰੁਪਿੰਦਰ ਕੌਰ ਰੂਬੀ ਵਲੋਂ ਜ਼ੋਰਦਾਰ ਢੰਗ ਨਾਲ ਉਠਾਇਆ ਗਿਆ। ਧਿਆਨ ਦਿਵਾਉ ਮਤੇ ਦੀ ਬਹਿਸ ਦੌਰਾਨ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੰਨਿਆ ਕਿ ਹਲਕਾ ਬਠਿੰਡਾ ਦਿਹਾਤੀ ਚ’ ਸਿਹਤ ਸੰਸਥਾਵਾਂ ਦੀਆਂ ਇਮਾਰਤਾਂ ਬੇਹੱਦ ਖ਼ਰਾਬ ਹਾਲਤ ਵਿੱਚ ਹਨ, ਇਹਨਾਂ ਇਮਾਰਤਾਂ ਦੀ ਉਸਾਰੀ ਲਈ ਨਵੇਂ ਬੱਜਟ ਵਿੱਚ ਫ਼ੰਡ ਰੱਖਿਆ ਜਾਵੇਗਾ।

ਇਸ ਦੇ ਜਵਾਬ ਵਿੱਚ ਉਕਤ ਇਮਾਰਤਾਂ ਦੀ ਖਸਤਾ ਹਾਲਤ ਬਾਰੇ ਮੰਨਿਆ ਕਿ ਦਿਹਾਤੀ ਹਲਕੇ ਦੀਆਂ ਸਿਹਤ ਸੰਸਥਾਵਾਂ ਦੀ ਇਮਾਰਤਾਂ ਨੂੰ ਨਵੇਂ ਸਿਰੇ ਤੋਂ ਬਨਾਉਣ ਦੀ ਲੋੜ ਹੈ। ਜਿਸ ਲਈ ਕੋਟਫੱਤਾ ਦੀ ਅਰਬਨ ਸਲਮ ਏਰੀਆ ਡਿਸਪੈਂਸਰੀ ਦੀ ਇਮਾਰਤ ਲਈ 80 ਲੱਖ ਰੁਪਏ, ਕੋਟਸ਼ਮੀਰ ਦੀ ਪੀ ਐਚ ਸੀ ਇਮਾਰਤ ਲਈ 80 ਲੱਖ ਰੁਪਏ, ਸੰਗਤ ਸੀ ਐਚ ਸੀ ਦੀ ਇਮਾਰਤ ਤੇ 57.80 ਲੱਖ, ਹੈਲਥ ਵੈਲਨੇਸ ਸੈਂਟਰ ਦੀ ਉਸਾਰੀ ਲਈ 150 ਲੱਖ ਰੁਪਏ, ਸਬ ਸੈਂਟਰ ਰਾਏ ਕੇ ਕਲਾਂ, ਜੰਗੀਰਾਣਾ, ਬੰਬੀਹਾ, ਬੱਲੂਆਣਾ ਆਦਿ ਦੀਆਂ ਇਮਾਰਤਾਂ ਦੀ ਥਾਂ ਨਵੀਆਂ ਇਮਾਰਤਾਂ ਬਣਾਉਣ ਦੀ ਤਜਵੀਜ਼ ਸਰਕਾਰ ਦੇ ਵਿਚਾਰ ਅਧੀਨ ਹੈ। ਉਹਨਾਂ ਕਿਹਾ ਕਿ ਬੱਜਟ 2021 ਦੇ ਫ਼ੰਡ ਵਿੱਚੋ ਇਹਨਾਂ ਇਮਾਰਤਾਂ ਦੀ ਹਾਲਤ ਨੂੰ ਸੁਧਾਰ ਦਿੱਤਾ ਜਾਵੇਗਾ। ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵਿਧਾਨਸਭਾ ਵਿੱਚ ਵਿਧਾਇਕਾ ਪ੍ਰੋ ਰੁਪਿੰਦਰ ਕੌਰ ਰੂਬੀ ਨੂੰ ਭਰੋਸਾ ਦਿੱਤਾ ਕਿ ਉਹਨਾਂ ਨੂੰ ਨਾਲ ਲੈ ਕੇ ਖੁੱਦ ਸਾਰੀਆਂ ਇਮਾਰਤਾਂ ਦਾ ਦੌਰਾ ਕਰਣਗੇ।