ਫੇਸਬੁੱਕ ਤੇ 18 ਘੰਟੇ ਪਹਿਲਾਂ ਕਿਸੇ ਸ਼ਰਾਰਤੀ ਅਨਸਰ ਨੇ ਪੁਰਾਣੀ ਵੀਡੀਉ ਕੀਤੀ ਅਪਲੋਡ
ਡੀ.ਸੀ. ਫੂਲਕਾ ਨੇ ਕਿਹਾ, ਹਾਲੇ ਤੱਕ ਪੰਜਾਬ ਸਰਕਾਰ ਨੇ ਅਜਿਹਾ ਕੋਈ ਐਲਾਨ ਨਹੀਂ ਕੀਤਾ
ਹਰਿੰਦਰ ਨਿੱਕਾ , ਬਰਨਾਲਾ 25 ਫਰਵਰੀ 2021
ਬੀਤੇ ਵਰ੍ਹੇ ਕੋਰੋਨਾ ਕਾਲ ਦੌਰਾਨ ਲੌਕਡਾਉਣ ਦਾ ਸੰਤਾਪ ਭੋਗ ਚੁੱਕੇ ਪੰਜਾਬ ਦੇ ਲੋਕਾਂ ਦੇ ਅੱਜ ਤੋਂ ਫਿਰ ਹੀ 31 ਮਾਰਚ ਤੱਕ ਲੌਕਡਾਉਣ ਲਾਗੂ ਹੋਣ ਦੀ ਅਫਵਾਹ ਨਾਲ ਸਾਂਹ ਸੂਤੇ ਗਏ । ਫੇਸਬੁੱਕ ਤੇ ਕਰੀਬ 18 ਘੰਟੇ ਪਹਿਲਾਂ ਕਿਸ਼ਨਪਾਲ ਨਾਮ ਦੇ ਵਿਅਕਤੀ ਦੀ ਆਈ.ਡੀ. ਤੋਂ ਅੱਪਲੋਡ ਕੀਤੀ ਵੀਡੀਉ ਜੰਗਲ ਦੀ ਅੱਗ ਵਾਂਗ ਫੈਲ ਗਈ। ਲੌਕਡਾਉਣ ਲਾਗੂ ਹੋਣ ਦੇ ਬਾਰੇ ਜਾਣਨ ਲਈ ਮੋਬਾਇਲਾਂ ਦੀਆਂ ਘੰਟੀਆਂ ਠਾਹ ਠਾਹ ਖੜਕਦੀਆਂ ਰਹੀਆਂ। ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਉ ਦੀ ਤਹਿਕੀਕਾਤ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਇਹ ਵੀਡੀਉ ਕਰੀਬ 1 ਵਰ੍ਹਾ ਪੁਰਾਣੀ ਹੈ। ਇਸ ਵੀਡੀਉ ਵਿੱਚ ਕਿਹਾ ਗਿਆ ਸੀ ਕਿ ਸਿਰਫ ਐਮਰਜੈਂਸੀ ਸੇਵਾਵਾਂ ਨੂੰ ਛੱਡ ਕੇ ਪੂਰੇ ਪੰਜਾਬ ਵਿੱਚ ਲੌਕਡਾਉਣ ਲਾਗੂ ਕਰ ਦਿੱਤਾ ਗਿਆ ਹੈ। ਇਸ ਅਫਵਾਹ ਤੋਂ ਸਹਿਮੇ ਲੋਕ ਬਜਾਰਾਂ ਵਿੱਚੋਂ ਰਾਸ਼ਨ ਲੈਣ ਲਈ ਭੱਜ ਨਿੱਕਲੇ। ਲੌਕਡਾਊਨ ਦੀ ਸਚਾਈ ਬਾਰੇ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ਼ ਪ੍ਰਤਾਪ ਸਿੰਘ ਫੂਲਕਾ ਨਾਲ ਗੱਲ ਕੀਤੀ ਤਾਂ ਉਨਾਂ ਸਪਸ਼ੱਟ ਕੀਤਾ ਕਿ ਫਿਲਹਾਲ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਅਜਿਹਾ ਕੋਈ ਫੈਸਲਾ ਨਹੀਂ ਕੀਤਾ। ਕੁਝ ਸ਼ਰਾਰਤੀ ਲੋਕ ਅਫਵਾਹਾਂ ਫੈਲਾ ਕੇ ਲੋਕਾਂ ਨੂੰ ਡਰਾਉਣ ਤੇ ਲੱਗੇ ਹੋਏ ਹਨ। ਉਨਾਂ ਕਿਹਾ ਕਿ ਅਫਵਾਹਾਂ ਫੈਲਾਉਣ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਡੀਸੀ ਫੂਲਕਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਇਹਤਿਆਤ ਵਰਤਨ ਲਈ ਸੁਚੇਤ ਕੀਤਾ ਗਿਆ ਹੈ। ਕੋਰੋਨਾ ਦੇ ਮਾਮਲਿਆਂ ਦੀ ਵੱਧ ਰਹੀ ਗਿਣਤੀ ਕਾਰਣ ਲੋਕਾਂ ਨੂੰ ਖੁਦ ਹੀ ਸ਼ੋਸ਼ਲ ਡਿਸਟੈਂਸ , ਮਾਸਕ ਲਗਾ ਚੱਲਣ ਅਤੇ ਸਿਹਤ ਵਿਭਾਗ ਵੱਲੋਂ ਸੁਝਾਏ ਹੋਰ ਕੋਵਿਡ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਦੀ ਲੋੜ ਹੈ।