ਅਧਿਆਪਕ ਖੁਦ ਹੱਥੀਂ ਰੰਗ ਰੋਗਨ ਕਰਕੇ ਸਕੂਲ ਸ਼ਿੰਗਾਰਨ ਲੱਗੇ
ਰਘਵੀਰ ਹੈਪੀ , ਬਰਨਾਲਾ,31 ਜਨਵਰੀ 2021
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਹਿਲੀ ਫਰਵਰੀ ਤੋਂ ਸਰਕਾਰੀ,ਸਰਕਾਰੀ ਸਹਾਇਤਾ ਪ੍ਰਾਪਤ ਅਤੇ ਨਿੱਜੀ ਪ੍ਰਾਇਮਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤਾਂ ਦੇ ਵਿਦਿਆਰਥੀਆਂ ਦੀ ਪੜ੍ਹਾਈ ਵੀ ਸ਼ੁਰੂ ਹੋ ਜਾਵੇਗੀ ਜਦਕਿ ਤੀਜੀ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਪੜ੍ਹਾਈ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ।ਇਸ ਦੌਰਾਨ ਸਕੂਲਾਂ ਨੂੰ ਸਿਹਤ ਵਿਭਾਗ ਵੱਲੋਂ ਜਾਰੀ ਐਸ.ਓ.ਪੀਜ਼ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ।
ਸ੍ਰੀਮਤੀ ਜਸਬੀਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਤੇ ਸ੍ਰੀਮਤੀ ਵਸੁੰਧਰਾ ਕਪਿਲਾ ਉਪ ਜਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਕਿਹਾ ਕਿ ਜਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵੱਲੋਂ ਵਿਭਾਗੀ ਹਦਾਇਤਾਂ ਅਨੁਸਾਰ ਅੱਜ ਤੋਂ ਪ੍ਰੀ-ਪ੍ਰਾਇਮਰੀ, ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਵੀ ਜਮਾਤਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਅਧਿਕਾਰੀਆਂ ਨੇ ਕਿਹਾ ਕਿ ਸਮੂਹ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਇਹਨਾਂ ਛੋਟੀਆਂ ਤਿੰਨ ਜਮਾਤਾਂ ਲਈ ਵੀ ਸਕੂਲ ਖੁੱਲਣ ਦੀ ਸੂਚਨਾ ਮਾਪਿਆਂ ਤੱਕ ਪਹੁੰਚਦੀ ਕਰਦਿਆਂ ਮਾਪਿਆਂ ਨੂੰ ਕੋਰੋਨਾ ਪਾਬੰਦੀਆਂ ਦੀ ਪਾਲਣਾ ਕਰਦਿਆਂ ਬੱਚੇ ਸਕੂਲਾਂ ਵਿੱਚ ਭੇਜਣ ਲਈ ਪ੍ਰੇਰਿਤ ਕੀਤਾ ਗਿਆ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਇਹਨਾਂ ਛੋਟੇ ਵਿਦਿਆਰਥੀਆਂ ਦੀ ਸਕੂਲਾਂ ਵਿੱਚ ਆਮਦ ਨੂੰ ਲੈ ਕੇ ਅਧਿਆਪਕਾਂ ਵਿੱਚ ਭਾਰੀ ਉਤਸ਼ਾਹ ਹੈ।ਅਧਿਆਪਕਾਂ ਵੱਲੋਂ ਖੁਦ ਇਹਨਾਂ ਵਿਦਿਆਰਥੀਆਂ ਦੇ ਜਮਾਤ ਕਮਰਿਆਂ ਦੀ ਸਾਫ ਸਫ਼ਾਈ ਅਤੇ ਸਜ਼ਾਵਟ ਕੀਤੀ ਜਾ ਰਹੀ ਹੈ।ਅਧਿਆਪਕਾਂ ਵੱਲੋਂ ਸਕੂਲਾਂ ਦੇ ਬਾਗ ਬਗੀਚਿਆਂ ਨੂੰ ਹੱਥੀਂ ਤਿਆਰ ਕੀਤਾ ਜਾ ਰਿਹਾ ਹੈ।ਸਥਾਨਕ ਸਰਕਾਰੀ ਪ੍ਰਾਇਮਰੀ ਸਕੂਲ ਬਾਬਾ ਆਲਾ ਸਿੰਘ ਦੇ ਹੈਡ ਟੀਚਰ ਸ੍ਰ ਕਰਮਜੀਤ ਸਿੰਘ ਨੇ ਦੱਸਿਆ ਕਿ ਸਕੂਲ ਦੇ ਅਧਿਆਪਕਾਂ ‘ਚ ਇਹਨਾਂ ਛੋਟੀਆਂ ਜਮਾਤਾਂ ਦੇ ਵਿਦਿਆਰਥੀਆਂ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਹੈ।ਸਕੂਲ ਸਟਾਫ਼ ਰੁਪਿੰਦਰਜੀਤ ਕੌਰ, ਪਰਵਿੰਦਰ ਕੌਰ, ਨੀਤੂ ਬਾਲਾ, ਸੁਖਵਿੰਦਰ ਕੌਰ ਅਤੇ ਅਮਨਦੀਪ ਸਿੰਘ ਵੱਲੋਂ ਖੁਦ ਹੱਥੀਂ ਸਕੂਲ ਦੇ ਬੈਂਚਾਂ ਨੂੰ ਰੰਗ ਰੋਗਨ ਕਰਨ ਸਮੇਤ ਸਕੂਲ ਨੂੰ ਬਾਲ ਮਨੋਵਿਗਿਆਨਕ ਨਜ਼ਰੀਏ ਤੋਂ ਰੰਗਦਾਰ ਅਤੇ ਸੋਹਣਾ ਬਣਾਇਆ ਜਾ ਰਿਹਾ ਹੈ ਤਾਂ ਕਿ ਲੰਬੇ ਸਮੇਂ ਉਪਰੰਤ ਸਕੂਲ ਆ ਰਹੇ ਨੰਨ੍ਹੇ ਮੁੰਨ੍ਹੇ ਮਾਨਸਿਕ ਖੁਸ਼ੀ ਮਹਿਸੂਸ ਕਰਨ। ਕਰਮਜੀਤ ਸਿੰਘ ਹੈਡਟੀਚਰ ਨੇ ਦੱਸਿਆ ਕਿ ਉਸ ਸਮੇਤ ਸਕੂਲ ਦੇ ਅਧਿਆਪਕ ਅਮਨਦੀਪ ਸਿੰਘ ਵੱਲੋਂ ਖੁਦ ਦੀਵਾਰਾਂ ਅਤੇ ਪਿੱਲਰਾਂ ਨੂੰ ਬਾਲਾ ਵਰਕ ਜਰੀਏ ਸੁੰਦਰ ਅਤੇ ਸਿੱਖਿਆਦਾਇਕ ਦਿੱਖ ਦਿੱਤੀ ਜਾ ਰਹੀ ਹੈ।