ਰਘਵੀਰ ਹੈਪੀ , ਬਰਨਾਲਾ, 25 ਜਨਵਰੀ 2021
ਜਿਲ੍ਹਾ ਸਿੱਖਿਆ ਸੁਧਾਰ ਟੀਮ ਬਰਨਾਲਾ ਵੱਲੋਂ ਸਰਕਾਰੀ ਮਿਡਲ ਅਤੇ ਪ੍ਰਾਇਮਰੀ ਸਕੂਲ ਜੋਧਪੁਰ ਦਾ ਦੌਰਾ ਕਰਕੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ ਗਈ।ਟੀਮ ਦੇ ਇੰਚਾਰਜ਼ ਸ੍ਰੀ ਅਨਿਲ ਕੁਮਾਰ ਮੋਦੀ ਨੇ ਕਿਹਾ ਕਿ ਆਗਾਮੀ ਸਾਲਾਨਾ ਪ੍ਰੀਖਿਆਵਾਂ ਦੌਰਾਨ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਬਿਹਤਰ ਬਣਾਉਣ ਲਈ ਸ਼ੁਰੂ ਕੀਤੇ ਮਿਸ਼ਨ ਸ਼ਤ ਪ੍ਰਤੀਸ਼ਤ ਦੀ ਸਫ਼ਲਤਾ ਲਈ ਦੋਵੇਂ ਹੀ ਸਕੂਲਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ।ਉਹਨਾਂ ਦੱਸਿਆ ਕਿ ਦੋਵੇਂ ਸਕੂਲਾਂ ਦਾ ਸਟਾਫ਼ ਸਮੇਂ ਸਿਰ ਹਾਜ਼ਰ ਸੀ ਅਤੇ ਵਿਦਿਆਰਥੀਆਂ ਦੀ ਹਾਜ਼ਰੀ ਵੀ ਤਸੱਲੀਬਖਸ਼ ਰਹੀ।ਉਹਨਾਂ ਅੱਗੇ ਕਿਹਾ ਕਿ ਕੋਰੋਨਾ ਕਾਲ ਸਮੇਂ ਸਕੂਲਾਂ ਦੀ ਤਾਲਾਬੰਦੀ ਦੌਰਾਨ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਨਲਾਈਨ ਸਿੱਖਿਆ ਦੇ ਖੇਤਰ ਵਿੱਚ ਕੀਤਾ ਗਿਆ ਕਾਰਜ਼ ਵਿਲੱਖਣ ਹੈ।ਹੁਣ ਸਕੂਲ ਖੁੱਲਣ ਉਪਰੰਤ ਅਧਿਆਪਕਾਂ ਵੱਲੋਂ ਸਕੂਲ ਸਮੇਂ ਦੇ ਨਾਲ ਨਾਲ ਵਿਦਿਆਰਥੀਆਂ ਨੂੰ ਵਾਧੂ ਸਮਾਂ ਲਗਾ ਕੇ ਵੀ ਪੜ੍ਹਾਇਆ ਜਾ ਰਿਹਾ ਹੈ।
ਸਿੱਖਿਆ ਸੁਧਾਰ ਟੀਮ ਵੱਲੋਂ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਪ੍ਰੇਰਿਤ ਵੀ ਕੀਤਾ ਗਿਆ।ਅੱਠਵੀਂ ਅਤੇ ਪੰਜਵੀਂ ਜਮਾਤ ਦੇ ਕਮਜ਼ੋਰ ਵਿਦਿਆਰਥੀਆਂ ਦੀ ਸੌ ਫੀਸਦੀ ਸਫ਼ਲਤਾ ਲਈ ਵੀ ਅਧਿਆਪਕਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।ਅਧਿਆਪਕਾਂ ਨੇ ਦੱਸਿਆ ਕਿ ਹਰ ਵਿਦਿਆਰਥੀ ਨੂੰ ਉਸ ਦੇ ਸਿੱਖਣ ਪੱਧਰ ਅਨੁਸਾਰ ਹਰ ਵਿਸ਼ੇ ਦੀ ਸਿੱਖਣ ਸਮੱਗਰੀ ਮੁਹੱਈਆ ਕਰਵਾਈ ਜਾ ਰਹੀ ਹੈ।ਸਿੱਖਿਆ ਸੁਧਾਰ ਟੀਮ ਮੈਂਬਰਾਂ ਵੱਲੋਂ ਜਮਾਤਾਂ ਵਿੱਚ ਜਾ ਕੇ ਵਿਦਿਆਰਥੀਆਂ ਨਾਲ ਵੀ ਗੱਲਬਾਤ ਕੀਤੀ ਗਈ। ਟੀਮ ਵੱਲੋਂ ਦੋਵਾਂ ਸਕੂਲਾਂ ਦੇ ਸਿੱਖਿਆ, ਸਫਾਈ,ਮਿਡ-ਡੇ-ਮੀਲ ਅਤੇ ਹੋਰ ਪ੍ਰਬੰਧਾਂ ਬਾਰੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ।ਇਸ ਮੌਕੇ ਟੀਮ ਮੈਂਬਰਾਂ ਸ੍ਰ ਭੋਲਾ ਸਿੰਘ ਕਾਲੇਕੇ,ਸ੍ਰੀ ਰਾਜੇਸ਼ ਕੁਮਾਰ,ਸ੍ਰੀ ਪੰਕਜ ਕੁਮਾਰ,ਮਿਡਲ ਸਕੂਲ ਦੇ ਇੰਚਾਰਜ ਸ੍ਰੀ ਬਲਵਿੰਦਰ ਸਿੰਘ,ਬਿੰਦਰ ਸਿੰਘ ਖੁੱਡੀ ਕਲਾਂਂ ਜਿਲ੍ਹਾ ਮੀਡੀਆ ਕੋ-ਆਰਡੀਨੇਟਰ ਅਤੇ ਦੋਵੇਂ ਸਕੂਲਾਂ ਦਾ ਸਟਾਫ ਹਾਜ਼ਰ ਸੀ।