ਨਹਿਰ ਨੇੜਿਉਂ ਮਿਲਿਆ ਮੋਟਰ ਸਾਈਕਲ
ਅਣਪਛਾਤੇ ਦੋਸ਼ੀਆਂ ਖਿਲਾਫ ਕੇਸ ਦਰਜ਼, ਤਲਾਸ਼ ਵਿੱਚ ਲੱਗੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 6 ਜਨਵਰੀ 2021
ਸ਼ਹਿਰ ਦੀ ਗੋਬਿੰਦ ਕਲੋਨੀ ਦੇ ਰਹਿਣ ਵਾਲੇ ਰਮੇਸ਼ ਕੁਮਾਰ ਦੇ 5 ਦਿਨ ਪਹਿਲਾਂ ਸ਼ੱਕੀ ਹਾਲਤਾਂ ਵਿੱਚ ਲਾਪਤਾ ਹੋਏ ਨੌਜਵਾਨ ਬੇਟੇ ਆਦਿਲ ਦਾ ਹਾਲੇ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ। ਆਦਿਲ ਦਾ ਮੋਟਰ ਸਾਈਕਲ ਹਰੀਗੜ੍ਹ ਨਹਿਰ ਦੇ ਨੇੜਿਉਂ ਬਰਾਮਦ ਹੋ ਗਿਆ ਹੈ। ਜਦੋਂ ਕਿ ਗੋਤਾਖੋਰ ਨਹਿਰ ਵਿੱਚ ਆਦਿਲ ਦੀ ਤਲਾਸ਼ ਕਰ ਰਹੇ ਹਨ। ਪੁਲਿਸ ਨੇ ਨਾਮਾਲੂਮ ਵਿਅਕਤੀਆਂ ਦੇ ਖਿਲਾਫ ਕੇਸ ਦਰਜ ਕਰਕੇ ਦੋਸ਼ੀਆਂ ਦੀ ਸ਼ਨਾਖਤ ਅਤੇ ਲਾਪਤਾ ਲੜਕੇ ਦੀ ਤਲਾਸ਼ ਦੇ ਯਤਨ ਤੇਜ ਕਰ ਦਿੱਤੇ ਹਨ। ਪੁਲਿਸ ਨੂੰ ਦਿੱਤੇ ਬਿਆਨ ‘ਚ ਰਮੇਸ਼ ਕੁਮਾਰ ਪੁੱਤਰ ਲੇਟ ਸ੍ਰੀ ਨਿਰੰਜਨ ਲਾਲ ਵਾਸੀ ਗੋਬਿੰਦ ਕਲੋਨੀ ਗਲੀ ਨੰਬਰ 3 ਨੇ ਕਿਹਾ ਕਿ ਉਸ ਦਾ ਕਰੀਬ 25 ਵਰ੍ਹਿਆਂ ਦਾ ਲੜਕਾ ਆਦਿਲ ਐਮ.ਬੀ.ਏ. ਪਾਸ ਹੈ ਅਤੇ ਹੁਣ ਘਰ ਵਿੱਚ ਰਹਿ ਕੇ ਹੀ ਨੌਕਰੀ ਦੀ ਤਲਾਸ਼ ਵਿੱਚ ਸੀ ਅਤੇ ਤਿਆਰੀ ਕਰ ਰਿਹਾ ਸੀ। ਰਮੇਸ਼ ਕੁਮਾਰ ਅਨੁਸਾਰ ਉਸ ਦਾ ਲੜਕਾ ਆਦਿਲ 25 ਦਸੰਬਰ ਤੋਂ 29 ਦਸੰਬਰ ਤੱਕ ਆਪਦੇ ਦੋਸਤਾਂ ਨਾਲ ਟੂਰ ਪਰ ਗਿਆ ਸੀ ਜੋ ਬਾਅਦ ਵਿੱਚ ਘਰ ਆ ਕੇ ਕੁਝ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ। 2 ਜਨਵਰੀ ਨੂੰ ਵਕਤ ਕਰੀਬ 8 ਵਜੇ ਸ਼ਾਮ ਆਦਿਲ ਆਪਣੇ ਮੋਟਰ ਸਾਈਕਲ ਨੰਬਰ-PB-19 E 8382 ਮਾਰਕਾ ਕਰਜਿਮਾ ਪਰ ਸਵਾਰ ਹੋ ਕੇ ਘਰੋਂ ਬਿਨਾਂ ਦੱਸੇ ਹੀ ਕਿਤੇ ਚਲਾ ਗਿਆ। ਜੋ ਹਾਲੇ ਤੱਕ ਘਰ ਵਾਪਿਸ ਨਹੀਂ ਆਇਆ, ਕਾਫੀ ਤਲਾਸ਼ ਤੋਂ ਬਾਅਦ ਵੀ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਰਮੇਸ਼ ਕੁਮਾਰ ਨੇ ਕਿਹਾ ਕਿ ਉਸ ਦੇ ਬੇਟੇ ਆਦਿਲ ਨੂੰ ਕਿਸੇ ਅਣਪਛਾਤੇ ਵਿਅਕਤੀਆਂ ਨੇ ਗੈਰ ਕਾਨੂੰਨੀ ਤੌਰ ਤਰੀਕੇ ਨਾਲ ਛੁਪਾ ਕੇ ਰੱਖਿਆ ਹੋਇਆ ਹੈ। ਰਮੇਸ਼ ਕੁਮਾਰ ਨੇ ਦੱਸਿਆ ਕਿ ਆਦਿਲ ਦਾ ਮੋਟਰ ਸਾਈਕਲ ਹਰੀਗੜ੍ਹ ਨਹਿਰ ਦੇ ਨੇੜਿਉਂ ਖੜ੍ਹਾ ਮਿਲ ਗਿਆ ਹੈ। ਨਹਿਰ ਵਿੱਚ ਆਦਿਲ ਦੀ ਤਲਾਸ਼ ਲਈ ਗੋਤਾਖੋਰ ਲੱਗੇ ਹੋਏ ਹਨ। ਉੱਧਰ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਕਰਮਜੀਤ ਸਿੰਘ ਨੇ ਕਿਹਾ ਕਿ ਰਮੇਸ਼ ਕੁਮਾਰ ਦੇ ਬਿਆਨ ਦੇ ਅਧਾਰ ਤੇ ਅਣਪਛਾਤੇ ਦੋਸ਼ੀਆਂ ਖਿਲਾਫ ਅਧੀਨ ਜੁਰਮ 346 ਆਈ.ਪੀ.ਸੀ. ਦੇ ਤਹਿਤ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਸ਼ਨਾਖਤ ਅਤੇ ਤਲਾਸ਼ ਸ਼ੁਰੂ ਕਰ ਦਿੱਤੀ ਹੈ।