ਹੋਪ ਫ਼ਾਰ ਮਹਿਲ ਕਲਾਂ’ ਮੁਹਿੰਮ ਦੇ ਇੰਚਾਰਜ ਕੁਲਵੰਤ ਟਿੱਬਾ ਨੇ ਰਾਸ਼ਟਰਪਤੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਨਾਲ ਕੀਤਾ ਰਾਬਤਾ
ਅਜੀਤ ਸਿੰਘ/ ਸੋਨੀ ਪਨੇਸਰ ਬਰਨਾਲਾ 9 ਅਗਸਤ 2020
ਚੀਨ ਦੀ ਸਰਹੱਦ ਤੇ ਗਸ਼ਤ ਦੌਰਾਨ ਲੰਘੀ 23 ਜਲਾਈ ਨੂੰ ਨਹਿਰ ਵਿੱਚ ਡਿੱਗ ਕੇ ਲਾਪਤਾ ਹੋਏ ਪਿੰਡ ਕੁਤਬਾ ਦੇ ਫ਼ੌਜੀ ਜਵਾਨ ਸਤਵਿੰਦਰ ਸਿੰਘ ਬਾਰੇ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਵਰਣਨਯੋਗ ਹੈ ਕਿ 23 ਜੁਲਾਈ ਨੂੰ ਗਸ਼ਤ ਦੌਰਾਨ ਹੋਏ ਹਾਦਸੇ ਵਿੱਚ ਪਿੰਡ ਡੇਮਰੂ ਖ਼ੁਰਦ ਦਾ ਲਖਵੀਰ ਸਿੰਘ ਸਹੀਦ ਹੋ ਗਿਆ ਸੀ। ਜਦੋਂ ਕਿ ਪਿੰਡ ਕੁਤਬਾ ਨਾਲ ਸਬੰਧਿਤ ਉਸ ਦੇ ਸਾਥੀ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।
‘ਹੋਪ ਫ਼ਾਰ ਮਹਿਲ ਕਲਾਂ’ ਮੁਹਿੰਮ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਪਿੰਡ ਕੁਤਬਾ ਪਹੁੰਚ ਕੇ ਡਿਊਟੀ ਦੌਰਾਨ ਲਾਪਤਾ ਹੋਏ ਫ਼ੌਜੀ ਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਤਰਾਂ ਦੇ ਸਹਿਯੋਗ ਦਾ ਵਾਅਦਾ ਕੀਤਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਭਾਵੇਂ ਫ਼ੌਜ ਦੀ ਸਬੰਧਿਤ ਯੂਨਿਟ ਵੱਲੋਂ ਲਾਪਤਾ ਫ਼ੌਜੀ ਸਤਵਿੰਦਰ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ । ਪਰ ਇਸ ਮਾਮਲੇ ਵਿੱਚ ਹੋ ਰਹੀ ਦੇਰੀ ਕਾਰਣ ਮਾਪਿਆਂ ਅਤੇ ਸਕੇ ਸੰਬੰਧੀਆਂ ਦੀਆਂ ਚਿੰਤਾਵਾਂ ਦਿਨ ਪ੍ਰਤੀਦਿਨ ਵੱਧ ਰਹੀਆਂ ਹਨ।
ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਗੁੰਮਸਦਾ ਦੀ ਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਤੇਜ਼ੀ ਲੈ ਕੇ ਆਉਣ ਦੇ ਮੰਤਵ ਨਾਲ ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਨਾਲ ਰਾਬਤਾ ਕੀਤਾ ਹੈ ਅਤੇ ਲੋੜੀਂਦੀ ਜਾਣਕਾਰੀ ਭੇਜ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਰਾਸ਼ਟਰਪਤੀ ਭਵਨ ਅਤੇ ਚੀਫ਼ ਆਫ਼ ਡਿਫੈਂਸ ਸਟਾਫ਼ ਦੇ ਦਖਲ ਤੋਂ ਬਾਅਦ ਆਉਂਦੇ ਕੁੱਝ ਦਿਨਾਂ ਤੱਕ ਇਸ ਸਬੰਧੀ ਸਥਿਤੀ ਸਪੱਸ਼ਟ ਹੋਵੇਗੀ। ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੀੜਤ ਪਰਿਵਾਰ ਦੀ ਸਾਰ ਨਾ ਲਏ ਜਾਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਦੇਸ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਾਲੇ ਫ਼ੌਜ ਦੇ ਜਵਾਨਾਂ ਦੇ ਪਰਿਵਾਰਾਂ ਨਾਲ ਸਾਨੂੰ ਡਟ ਕੇ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਲਾਪਤਾ ਸਿਪਾਹੀ ਸਤਵਿੰਦਰ ਸਿੰਘ ਦੇ ਭਰਾ ਮਨਜਿੰਦਰ ਸਿੰਘ, ਮਾਤਾ ਸੁਖਵਿੰਦਰ ਸਿੰਘ, ਹਰਮੇਲ ਸਿੰਘ ਕੁਤਬਾ, ਬਿਸਾਖਾ ਸਿੰਘ ਕੁਤਬਾ ਆਦਿ ਵੀ ਹਾਜ਼ਰ ਸਨ।