* ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਕੁੱਲ 9460 ਮਰੀਜ਼ ਹੋਏ ਰਜਿਸਟਰਡ-ਸਿਵਲ ਸਰਜ਼ਨ
* ਜ਼ਿਲ੍ਹੇ ਵਿਚ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ 6 ਓਟ ਕਲੀਨਿਕਾਂ ’ਚ ਦਿੱਤੀਆਂ ਜਾ ਰਹੀਆਂ ਸੇਵਾਵਾਂ
ਅਜੀਤ ਸਿੰਘ ਕਲਸੀ ਬਰਨਾਲਾ, 12 ਜੁਲਾਈ 2020
ਕਰੋਨਾ ਵਾਇਰਸ ਮਹਾਮਾਰੀ ਦੇ ਚਲਦਿਆਂ ਤਾਲਾਬੰਦੀ ਦੌਰਾਨ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਨਸ਼ਾ ਛੱਡਣ ਲਈ ਅੱਗੇ ਆਉਣ ਵਾਲਿਆਂ ਦੀ ਗਿਣਤੀ ਕਾਫੀ ਵਧੀ ਹੈ। ਜ਼ਿਲ੍ਹਾ ਬਰਨਾਲਾ ਵਿੱੱਚ 20 ਮਾਰਚ ਤੋਂ ਹੁਣ ਤੱਕ 4 ਹਜ਼ਾਰ ਤੋਂ ਵੱਧ ਨਵੇਂ ਮਰੀਜ਼ ਓਟ ਕਲੀਨਿਕਾਂ ਵਿਚ ਰਜਿਸਟਰਡ ਹੋਏ ਹਨ।
ਇਹ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਸਿਵਲ ਹਸਪਤਾਲ ਬਰਨਾਲਾ ਵਿਖੇ ਸਥਾਪਿਤ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਜ਼ਿਲ੍ਹਾ ਬਰਨਾਲਾ ਵਿਚ 6 ਓਟ ਕਲੀਨਿਕ ਹਨ, ਜੋ ਬਰਨਾਲਾ, ਤਪਾ, ਭਦੌੜ, ਮਹਿਲ ਕਲਾਂ, ਧਨੌਲਾ, ਚੰਨਣਵਾਲ ਵਿਖੇ ਸਥਿਤ ਹਨ। ਸਿਵਲ ਸਰਜਨ ਨੇ ਦੱਸਿਆ ਕਿ ਕਰੋਨਾ ਵਾਇਰਸ ਕਾਰਨ ਲਾਈ ਤਾਲਾਬੰਦੀ ਤੋਂ ਹੁਣ ਤੱਕ ਜ਼ਿਲ੍ਹੇ ਦੇ 50 ਮਰੀਜ਼ ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਵਾ ਚੁੱਕੇ ਹਨ ਅਤੇ 5 ਮਰੀਜ਼ ਇਲਾਜ ਕਰਵਾ ਰਹੇ ਹਨ।ਉਨ੍ਹਾਂ ਦੱਸਿਆ ਕਿ ਓਟ ਕਲੀਨਿਕਾਂ ਵਿਚ 20 ਮਾਰਚ ਤੋਂ ਲੈ ਕੇ ਹੁਣ ਤੱਕ 4060 ਦੇ ਕਰੀਬ ਨਵੇਂ ਮਰੀਜ਼ ਰਜਿਸਟਰਡ ਹੋਏ ਹਨ, ਜਦੋਂਕਿ ਕੁੱਲ 9460 ਮਰੀਜ਼ ਹੁਣ ਤੱਕ ਰਜਿਸਟਰਡ ਹੋ ਚੁੱਕੇ ਹਨ। ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ ਮਹਾਮਾਰੀ ਦੌਰਾਨ ਵੀ ਜ਼ਿਲ੍ਹੇ ਵਿਚ ਨਸ਼ਾ ਛੁਡਾਊ ਕੇਂਦਰ ਅਤੇ ਓਟ ਕਲੀਨਿਕਾਂ ਵਿੱਚ ਲਗਾਤਾਰ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਕਰਫਿਊ/ਤਾਲਾਬੰਦੀ ਦੌਰਾਨ ਨਸ਼ਾ ਪੀੜਤਾਂ ਨੂੰ ਇਕ ਹਫਤੇ ਤੋਂ ਲੈ ਕੇ ਤਿੰਨ ਹਫਤੇ ਤੱਕ ਦੀ ਦਵਾਈ ਦਿੱਤੀ ਜਾਂਦਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਰੋਜ਼ਾਨਾ ਪੱਧਰ ’ਤੇ ਕੇਂਦਰਾਂ ਵਿਚ ਨਾ ਆਉਣਾ ਪਵੇ।
ਉਨ੍ਹਾਂ ਕਿਹਾ ਕਿ ਸਿਵਲ ਹਸਪਤਾਲ ਅਤੇ ਹੋਰ ਸਿਹਤ ਸੰਸਥਾਵਾਂ ਵਿਚ ਮਰੀਜ਼ਾਂ ਨੂੰ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਬਾਰੇ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਉਨ੍ਹਾਂ ਨੂੰ ਜਾਗੂਰਕ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਸਿਹਤ ਵਿਭਾਗ ਦੇ ਕੰਟਰੋਲ ਰੂਮ ਦੇ ਨੰਬਰ 01679-234777 ’ਤੇ ਸੰਪਰਕ ਕੀਤਾ ਜਾਵੇ। I