ਗਗਨ ਹਰਗੁਣ,ਬਰਨਾਲਾ,29 ਸਤੰਬਰ 2023
“ਛੋਟੀ ਉਮਰੇ ਵੱਡੀ ਮੱਲ” ਮਾਰ ਕੇ ਆਪਣੇ ਮਾਪਿਆਂ ਅਤੇ ਸ਼ਹਿਰ ਬਰਨਾਲਾ ਦਾ ਨਾਂ ਰੁਸ਼ਨਾਉਣ ਵਾਲੇ ਏਕਨੂਰ ਸਿੰਘ ਗਿੱਲ ਨੇ ਯੂ.ਪੀ.ਐਸ.ਸੀ. ਦੀ ਪ੍ਰੀਖਿਆ ਪਾਸ ਕਰ ਲਈ ਹੈ। ਪ੍ਰੀਖਿਆ ਦਾ ਪਰਿਣਾਮ ਆਉਣ ਤੋਂ ਬਾਅਦ ਗੁਰਸਿੱਖੀ ਨੂੰ ਪ੍ਰਣਾਏ ਹੋਏ ਏਕਨੂਰ ਦੇ ਪਰਿਵਾਰ ਨੂੰ ਉਸ ਦੀ ਪ੍ਰਾਪਤੀ ਲਈ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਡਿਪਟੀ ਕਮਿਸ਼ਨਰ ਬਰਨਾਲਾ ਵਿਖੇ ਤਾਇਨਾਤ ਆਊਟਸੋਰਸਿੰਗ ਕਰਮਚਾਰੀ ਰਮਨਪ੍ਰੀਤ ਕੌਰ ਅਤੇ ਪਿਤਾ ਰੂਪ ਸਿੰਘ ਵਾਸੀ ਖੁੱਡੀ ਰੋਡ ਬਰਨਾਲਾ ਦੇ ਪੁੱਤਰ ਏਕਨੂਰ ਸਿੰਘ ਗਿੱਲ ਨੇ 17 ਸਾਲ ਦੀ ਉਮਰ ਵਿੱਚ ਹੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋ ਲਈ ਗਈ ਨੈਸ਼ਨਲ ਡਿਫੈਂਨਸ ਅਕੈਡਮੀ ਦੀ ਪ੍ਰੀਖਿਆ ਪਾਸ ਕਰ ਲਈ ਹੈ । ਮਾਤਾ ਪਿਤਾ ਦੇ ਇਕਲੌਤੇ ਪੁੱਤਰ ਏਕਨੂਰ ਨੇ ਪਹਿਲੀ ਵਾਰ ਹੀ ਦਿੱਤੀ ਪ੍ਰੀਖਿਆ ‘ਚ ਚੰਗੀ ਪੁਜੀਸ਼ਨ ਹਾਸਿਲ ਕਰਕੇ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਆਪਣੇ ਪੁੱਤਰ ਦੀ ਸ਼ਾਨਾਮੱਤੀ ਪ੍ਰਾਪਤੀ ਤੋਂ ਗਦਗਦ ਪ੍ਰਸੰਨ ਏਕਨੂਰ ਦੀ ਮਾਤਾ ਰਮਨਪ੍ਰੀਤ ਕੌਰ ਨੇ ਬਰਨਾਲਾ ਟੂਡੇ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਏਕਨੂਰ ਸਿੰਘ ਗਿੱਲ ਬਚਪਨ ਤੋਂ ਹੀ ਮਿਹਨਤੀ ਅਤੇ ਹੁਸ਼ਿਆਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਕਾਲ ਅਕੈਡਮੀ ਭਦੌੜ ‘ਚ ਪੜ੍ਹਦੇ ਸਮੇਂ ਏਕਨੂਰ ਸਿੰਘ ਨੇ ਹਰ ਜਮਾਤ ਹੀ ਚੰਗੀ ਪੁਜੀਸ਼ਨ ਨਾਲ ਪਾਸ ਕੀਤੀ ਅਤੇ ਦਸਵੀ ਜਮਾਤ ‘ਚ ਵੀ ਅਕਾਲ ਅਕੈਡਮੀ ਭਦੌੜ ਦਾ ਨਾਮ ਰੋਸ਼ਨ ਕੀਤਾ ਸੀ । ਹੁਣ ਏਕਨੂਰ ਸਿੰਘ ਗਿੱਲ ਬਾਰਵੀ ਜਮਾਤ ਨਾਨ-ਮੈਡੀਕਲ ਨਾਲ ਕਰ ਰਿਹਾ ਹੈ ਅਤੇ ਪੜ੍ਹਾਈ ਦੇ ਨਾਲ ਹੀ ਉਸ ਨੇ ਐਨ ਡੀ ਏ ਦੀ ਪ੍ਰੀਖਿਆ ਲਈ ਤਿਆਰੀ ਕੀਤੀ ਅਤੇ ਪਹਿਲੀ ਕੋਸ਼ਿਸ ਵਿੱਚ ਹੀ ਸਫਲ ਸਾਬਿਤ ਹੋਇਆ ਹੈ। ਆਪਣੀ ਪ੍ਰਾਪਤੀ ਬਾਰੇ ਗੱਲਬਾਤ ਕਰਦਿਆਂ ਏਕਨੂਰ ਸਿੰਘ ਗਿੱਲ ਨੇ ਦੱਸਿਆ ਕਿ ਮੇਰੀ ਇਸ ਪ੍ਰਾਪਤੀ ਲਈ, ਮਾਪਿਆਂ ਦੀ ਪ੍ਰੇਰਣਾ ਅਤੇ ਦਿੱਤਾ ਹੌਂਸਲਾ ਸਭ ਤੋਂ ਵਧੇਰੇ ਕਾਰਗਰ ਸਾਬਿਤ ਹੋਇਆ ਹੈ। ਏਕਨੂਰ ਨੇ ਕਿਹਾ ਕਿ ਅਜ਼ੋਕੇ ਦੌਰ ਦੀ ਬੱਚਿਆ ਲਈ ਸਭ ਤੋਂ ਭੈੜੀ ਅਲਾਮਤ ਮੋਬਾਇਲ ਫੋਨ ਅਤੇ ਹਰ ਤਰਾਂ ਦੇ ਸੋਸਲ ਮੀਡੀਆ ਪਲੇਟਫਾਰਮ ਤੋਂ ਮੈਂ ਹਮੇਸ਼ਾ ਦੂਰ ਹੀ ਰਿਹਾ ਹਾਂ। ਉਨ੍ਹਾਂ ਕਿਹਾ ਕਿ ਹਰ ਵਿਦਿਆਰਥੀ ਨੂੰ ਮੋਬਾਇਲ ਅਤੇ ਸ਼ੋਸ਼ਲ ਮੀਡੀਆ ਦੀ ਵਰਤੋਂ ਤੋਂ ਦੂਰੀ ਬਣਾ ਕੇ ਰੱਖਣ ਵਿੱਚ ਹੀ ਉਨ੍ਹਾਂ ਦੀ ਭਲਾਈ ਹੈ। ਏਕਨੂਰ ਸਿੰਘ ਗਿੱਲ ਨੇ ਆਪਣੇ ਟੀਚੇ ਬਾਰੇ ਕਿਹਾ ਕਿ ਮੇਰਾ ਸੁਪਨਾ ਆਰਮੀ ਅਫਸਰ ਬਣਕੇ ਦੇਸ਼ ਦੀ ਰਾਖੀ ਕਰਨਾ ਹੈੇ। ਉਨਾਂ ਉਮੀਦ ਜਾਹਿਰ ਕੀਤੀ ਕਿ ਮੇਰਾ ਇਹ ਸੁਪਨਾ ਸਖਤ ਮਿਹਨਤ ਸਦਕਾ ਜਲਦ ਹੀ ਪੂਰਾ ਹੋ ਜਾਵੇਗਾ ।