ਹਰਿੰਦਰ ਨਿੱਕਾ , ਪਟਿਆਲਾ 29 ਸਤੰਬਰ 2023
ਵਿਜੀਲੈਂਸ ਬਿਊਰੋ ਨੇ ਅੱਜ ਟਰੈਪ ਲਾ ਕੇ ਪਾਵਰਕੌਮ ਮਹਿਕਮੇ ਦੇ ਇੱਕ ਐਕਸੀਅਨ ਨੂੰ ਇੱਕ ਕਿਸਾਨ ਦੇ ਖੇਤ ‘ਚੋਂ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਦੂਜੀ ਜਗ੍ਹਾ ਬਦਲਣ ਦੇ ਨਾਂ ਉੱਤੇ 45 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਦਬੋਚ ਲਿਆ। ਫੜ੍ਹੇ ਗਏ ਐਕਸੀਅਨ ਦੇ ਕਬਜੇ ਵਿੱਚੋਂ ਸ਼ਕਾਇਤਕਰਤਾ ਤੋਂ ਵਸੂਲ ਕੀਤੀ ਰਿਸ਼ਵਤੀ ਰਾਸ਼ੀ ਬਰਾਮਦ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਟੀਮ ਵੱਲੋਂ ਇਹ ਟਰੈਪ ਜਗਤਪ੍ਰੀਤ ਸਿੰਘ,ਸੀਨੀਅਰ ਕਪਤਾਨ ਪੁਲਿਸ,ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਪਟਿਆਲਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸ੍ਰੀ ਪਰਮਿੰਦਰ ਸਿੰਘ ਡੀਐਸਪੀ ਸੰਗਰੂਰ ਦੀ ਹਦਾਇਤ ਪਰ ਇੰਸਪੈਕਟਰ ਰਮਨਦੀਪ ਕੌਰ ਵਿਜੀਲੈਂਸ ਬਿਊਰੋ,ਯੂਨਿਟ ਸੰਗਰੂਰ ਦੀ ਅਗਵਾਈ ਵਾਲੀ ਟੀਮ ਨੇ ਕੀਤਾ ਹੈ ।
ਕੀ ਹੈ ਪੂਰਾ ਮਾਮਲਾ ‘ਤੇ ਕਿਵੇਂ ਫੜ੍ਹਿਆ ਐਕਸੀਅਨ !
ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਸੁਖਚੈਨ ਸਿੰਘ ਪੁੱਤਰ ਸ੍ਰੀ ਮਹਿੰਦਰ ਸਿੰਘ ਵਾਸੀ ਪਿੰਡ ਹਰਿਆਉ ਕਲਾਂ ਤਹਿਸੀਲ ਪਾਤੜਾ ਜ਼ਿਲ੍ਹਾ ਪਟਿਆਲਾ ਨੇ ਵਿਜੀਲੈਂਸ ਨੂੰ ਸ਼ਕਾਇਤ ਦਿੱਤੀ ਸੀ ਕਿ ਉਸ ਦੇ ਰਿਤੇਦਾਰ ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਢੀਂਡਸਾ ਨੇ ਆਪਣੇ 8 ਕਨਾਲ ਰਕਬੇ ਵਾਕਾ ਪਿੰਡ ਢੀਂਡਸਾ ਦਾ ਤਬਾਦਲਾ ਸ੍ਰੀਮਤੀ ਬਲਜੀਤ ਕੌਰ ਪਤਨੀ ਲੇਟ ਅਮਰੀਕ ਸਿੰਘ ਵਾਸੀ ਪਿੰਡ ਖਡਿਆਲ ਦੇ 8 ਕਨਾਲ ਰਕਬੇ ਵਾਕਾ ਪਿੰਡ ਛਾਜਲੀ ਨਾਲ ਕਰ ਲਿਆ ਸੀ। ਮੇਜਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਢੀਂਡਸਾ ਦੇ ਨਾਮ ਪਰ ਪਿੰਡ ਢੀਂਡਸਾ ਦੇ ਰਕਬੇ ਵਿੱਚ ਬਿਜਲੀ ਦੀ ਮੋਟਰ ਲੱਗੀ ਹੋਈ ਹੈ । ਉਸ ਨੇ ਇਹ ਬਿਜਲੀ ਦੀ ਮੋਟਰ ਦਾ ਕੁਨੈਕਸ਼ਨ ਆਪਣੇ ਤਬਾਦਲੇ ਵਾਲੇ ਰਕਬੇ ਪਿੰਡ ਛਾਜਲੀ ਵਿਖੇ ਲਵਾਉਣਾ ਸੀ। ਜਿਸ ਕਰਕੇ ਉਸ ਨੇ ਇਸ ਸਬੰਧੀ ਦਰਖਾਸਤ ਬਿਜਲੀ ਬੋਰਡ ਦੇ ਦਫਤਰ ਉਪ ਮੰਡਲ ਬੰਗਾ ਵਿਖੇ ਦੇ ਦਿੱਤੀ ਸੀ । ਉਸ ਨੇ ਮਿਤੀ 28/08/2023 ਨੂੰ ਮੋਟਰ ਕੁਨੈਕਸ਼ਨ ਸਿਫਟ ਕਰਵਾਉਣ ਸਬੰਧੀ 236/ਰੁਪੈ ਫੀਸ ਦੇ ਵੀ ਭਰ ਦਿੱਤੇ ਸੀ। ਮੇਜਰ ਸਿੰਘ ਦੀ ਉਮਰ ਕਰੀਬ 80 ਸਾਲ ਦੀ ਹੋਣ ਕਰਕੇ ਅਤੇ ਉਹ ਬਜੁਰਗ ਹੋਣ ਕਰਕੇ ਆਪਣੇ ਕੇਸ ਦੀ ਪੈਰਵੀ ਨਹੀਂ ਕਰ ਸਕਦਾ ਸੀ। ਇਸ ਲਈ ਉਸ ਨੇ ਸ਼ਕਾਇਤਕਰਤਾ ਸੁਖਚੈਨ ਸਿੰਘ ਨੂੰ ਇਹ ਬਿਜਲੀ ਮੋਟਰ ਦੇ ਕੁਨੈਕਸ਼ਨ ਨੂੰ ਸਿਫਟ ਕਰਵਾਉਣ ਸਬੰਧੀ ਪੈਰਵੀ ਕਰਨ ਦੀ ਬੇਨਤੀ ਕੀਤੀ ਸੀ । ਸੁਖਚੈਨ ਸਿੰਘ ਇਸ ਦੀ ਦਰਖਾਸਤ ਦੀ ਪੈਰਵੀ ਕਰਦਾ ਸੀ ਤੇ ਉਹ ਇਸ ਸਬੰਧੀ ਮੁਨੀਸ਼ ਕੁਮਾਰ ਜਿੰਦਲ ਐਕਸੀਅਨ ਬਿਜਲੀ ਬੋਰਡ ਲਹਿਰਾ ਨੂੰ ਮਿਲਿਆ ਤਾਂ ਉਹ ਉਸ ਨੂੰ ਬਹਾਨੇ ਲਾ ਕੇ ਟਾਲਦਾ ਰਿਹਾ ਹੈ। ਫਿਰ ਮਿਤੀ 27/09/23 ਨੂੰ ਉਹ ਮੁਨੀਸ ਕੁਮਾਰ ਜਿੰਦਲ ਐਕਸੀਅਨ ਨੂੰ ਉਸ ਦੇ ਦਫਤਰ ਲਹਿਰਾ ਵਿਖੇ ਮਿਲਿਆ ਤਾਂ ਉਸ ਨੇ ਉਨ੍ਹਾਂ ਦਾ ਕੰਮ ਕਰਨ ਬਦਲੇ 60,000/-ਰੁਪੈ ਰਿਸ਼ਵਤ ਦੀ ਮੰਗ ਕੀਤੀ । ਉਸ ਦੀਆਂ ਮਿੰਨਤ ਤਰਲਾ ਕਰਨ ਤੇ ਉਹ 45,000/-ਰੁਪੈ ਬਤੌਰ ਰਿਸ਼ਵਤ ਲੈਣੇ ਮੰਨ ਗਿਆ ਅਤੇ ਕਿਹਾ ਕਿ ਪੈਸੇ ਲੈ ਕੇ ਆਜਾ ਤੁਹਾਡਾ ਕੰਮ ਨਾਲ ਦੀ ਨਾਲ ਹੀ ਕਰ ਦਿਆਂਗਾ। ਵਿਜੀਲੈਂਸ ਦੇ ਬੁਲਾਰੇ ਅਨੁਸਾਰ ਆਲ੍ਹਾ ਅਧਿਕਾਰੀਆਂ ਵੱਲੋਂ ਇੰਸਪੈਕਟਰ ਰਮਨਦੀਪ ਕੌਰ ਦੀ ਅਗਵਾਈ ਵਿੱਚ ਸਰਕਾਰੀ ਗਵਾਹਾਂ ਗੁਰਵਿੰਦਰ ਸਿੰਘ, ਬਾਲ ਵਿਕਾਸ ਪ੍ਰੋਜੈਕਟ ਅਫਸਰ (ਸੀ.ਡੀ.ਪੀ.ਓ.) ਸੁਨਾਮ ਅਤੇ ਗੁਰਪਿੰਦਰਪਾਲ ਕੌਰ, ਬਾਲ ਵਿਕਾਸ ਪ੍ਰੋਜੈਕਟ ਅਫਸਰ(ਸੀ.ਡੀ.ਪੀ.ਓ.) ਸੰਗਰੂਰ ਦੀ ਟੀਮ ਗਠਿਤ ਕਰਕੇ,ਟਰੈਪ ਲਗਾਇਆ ਗਿਆ। ਆਖਿਰ ਮੁਨੀਸ ਕੁਮਾਰ ਜਿੰਦਲ, ਵਧੀਕ ਨਿਗਰਾਨ ਇੰਜੀਨੀਅਰ, ਵੰਡ ਮੰਡਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਲਹਿਰਾਗਾਗਾ ਨੂੰ ਮੁਦੱਈ ਮੁਕੱਦਮਾ ਪਾਸੋਂ 45000/-ਰੁਪੈ ਰਿਸ਼ਵਤ ਹਾਸਿਲ ਕਰਦੇ ਨੂੰ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਗਿਆ। ਇਸ ਟੀਮ ਵਿੱਚ ਏ.ਐਸ.ਆਈ. ਕ੍ਰਿਸ਼ਨ , ਮੁੱਖ ਸਿਪਾਹੀ ਗੁਰਦੀਪ ਸਿੰਘ , ਸੀਨੀਅਰ ਸਿਪਾਹੀ ਅਮਨਦੀਪ ਸਿੰਘ ,ਸੀਨੀਅਰ ਸਿਪਾਹੀ ਰਾਜਵਿੰਦਰ ਸਿੰਘ , ਸੀਨੀਅਰ ਸਿਪਾਹੀ ਭੁਪਿੰਦਰ ਸਿੰਘ, ਸਿਪਾਹੀ ਗੁਰਜੀਵਨ ਸਿੰਘ ਅਤੇ ਜਗਦੀਪ ਸਿੰਘ ਸਟੈਨੋਟਾਈਪਿਸਟ ਵੀ ਸ਼ਾਮਿਲ ਸਨ। ਬੁਲਾਰੇ ਅਨੁਸਾਰ ਐਕਸੀਅਨ ਮੁਨੀਸ਼ ਕੁਮਾਰ ਜਿੰਦਲ ਦੇ ਖਿਲਾਫ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ ਵੱਖ ਧਰਾਵਾਂ ਤਹਿਤ ਵਿਜੀਲੈਸ ਬਿਊਰੋ, ਪਟਿਆਲਾ ਰੇਂਜ ਪਟਿਆਲਾ ਵਿਖੇ ਕੇਸ ਦਰਜ਼ ਕਰਕੇ,ਦੋਸ਼ੀ ਤੋਂ ਅਗਲੀ ਪੁੱਛਗਿੱਛ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।