ਰਘਬੀਰ ਹੈਪੀ,ਬਰਨਾਲਾ,18 ਸਤੰਬਰ 2023
ਪਲਸ ਮੰਚ ਵੱਲੋਂ ਭਾਜੀ ਗੁਰਸ਼ਰਨ ਸਿੰਘ ਜੀ ਦੇ ਵਿਛੋੜੇ ਵਾਲ਼ੇ ਦਿਹਾੜੇ ਮੌਕੇ ‘ਇਨਕਲਾਬੀ ਰੰਗ ਮੰਚ ਦਿਵਸ’ ਮਨਾਉਣ ਲਈ 27 ਸਤੰਬਰ ਰਾਤ ਕਰਵਾਏ ਜਾ ਰਹੇ ਸਮਾਗਮ ਨੂੰ ਸਫ਼ਲ ਬਣਾਉਣ ਹਿੱਤ ਸਹਿਯੋਗ ਲਈ ਤਰਕਸ਼ੀਲ ਭਵਨ ਬਰਨਾਲਾ ਵਿਖੇ ਸਾਰੀਆਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਮੀਟਿੰਗ ਹੋਈ। ਸਾਰੀਆਂ ਇਨਕਲਾਬੀ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਪੂਰੀ ਸ਼ਿੱਦਤ ਨਾਲ ਭਾਗ ਲਿਆ।
ਪਲਸ ਮੰਚ ਵੱਲੋਂ ਅਮੋਲਕ ਸਿੰਘ ਨੇ ਇਨਕਲਾਬੀ ਰੰਗ ਮੰਚ ਦਿਵਸ ਦੀ ਮਹੱਤਤਾ ਅਤੇ ਸਾਰਥਿਕਤਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਲੋਕ ਕਲਾ ਮੰਚ ਮੁੱਲਾਂਪੁਰ ਵੱਲੋਂ ‘ਮਾਤਾ ਧਰਤ ਮਹੱਤ’ ਅਤੇ ਹਰਵਿੰਦਰ ਦੀਵਾਨਾ ਦੀ ਨਿਰਦੇਸ਼ਨਾ ਹੇਠ ਚੇਤਨਾ ਕਲਾ ਕੇਂਦਰ ਵਲੋਂ ‘ਕੁਦਰਤ ਦੇ ਸਭ ਬੰਦੇ, ਨਾਟਕ ਪੇਸ਼ ਕੀਤੇ ਜਾਣਗੇ। ਇਸ ਤੋਂ ਇਲਾਵਾ ਲੋਕ ਸੰਗੀਤ ਮੰਡਲੀ ਭਦੌੜ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਮੰਡਲੀਆਂ ਲੋਕ ਪੱਖੀ ਗੀਤ ਸੰਗੀਤ ਪੇਸ਼ ਕਰਨਗੀਆਂ। ਇਹ ਸਮਾਗਮ ਸ਼ਾਮ 7 ਵਜੇ ਤੋਂ 11 ਵਜੇ ਤੱਕ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ।
ਅੱਜ ਦੀ ਇਸ ਮੀਟਿੰਗ ਵਿੱਚ ਇਨਕਲਾਬੀ ਕੇਂਦਰ ਵੱਲੋਂ ਨਰਾਇਣ ਦੱਤ,ਰਜਿੰਦਰ ਪਾਲ,ਭਾਕਿਯੂ ਏਕਤਾ ਡਕੌਂਦਾ ਵੱਲੋਂ ਸਾਹਿਬ ਸਿੰਘ ਬਡਬਰ,ਜਗਰਾਜ ਹਰਦਾਸਪੁਰਾ,ਗੁਰਦੇਵ ਸਿੰਘ ਮਾਂਗੇਵਾਲ, ਡੀਟੀਐਫ ਵੱਲੋਂ ਰਾਜੀਵ ਕੁਮਾਰ,ਤਰਕਸ਼ੀਲ ਸੁਸਾਇਟੀ ਵੱਲੋਂ ਮਾ. ਰਜਿੰਦਰ ਭਦੌੜ,ਅਮਿੱਤ ਮਿੱਤਰ,ਬੀਕੇਯੂ ਏਕਤਾ ਉਗਰਾਹਾਂ ਅਤੇ ਹੋਰ ਜਨਤਕ ਜਮਹੂਰੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਰੁਝੇਵਿਆਂ ਕਾਰਨ ਨਾ ਆ ਸਕਣ ਦਾ ਸੁਨੇਹਾ ਭੇਜਦਿਆਂ ਹਰ ਪੱਖੋਂ ਵੱਧ ਤੋਂ ਵੱਧ ਮੱਦਦ ਕਰਨ ਦਾ ਭਰੋਸਾ ਦਿੱਤਾ।
ਪਲਸ ਮੰਚ ਵੱਲੋਂ ਮਾ. ਰਾਮ ਕੁਮਾਰ ਅਤੇ ਹਰਵਿੰਦਰ ਦੀਵਾਨਾ, ਨੌਜਵਾਨ ਆਗੂ ਹਰਪ੍ਰੀਤ ਸਿੰਘ ਆਦਿ ਨੇ ਭਾਗ ਲਿਆ। ਪ੍ਰੋਗਰਾਮ ਨੂੰ ਸਫ਼ਲ ਬਨਾਉਣ ਲਈ ਗੰਭੀਰ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਮੌਜੂਦਾ ਹਾਲਤਾਂ ਦੀ ਵੀ ਚਰਚਾ ਕਰਦਿਆਂ ਜਿੰਮੇਵਾਰੀਆਂ ਦੀ ਵੰਡ ਕੀਤੀ ਗਈ। ਸਾਰੇ ਆਗੂ ਇਸ ਪ੍ਰਤੀ ਗੰਭੀਰ ਸਨ ਕਿ ਅੱਜ ਦੇ ਦੌਰ ਵਿੱਚ ਸਾਹਿਤ ਸੱਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਲਈ ਸਭਨਾਂ ਨੂੰ ਸਾਂਝੇ ਹੱਲਿਆਂ ਨੂੰ ਸੰਬੋਧਨ ਹੋਣ ਲਈ ਢੁੱਕਵੇਂ ਹੱਲ ਤਲਾਸ਼ਣ ਦੀ ਲੋੜ ਹੈ।