ਕਰਫਿਊ ਦੌਰਾਨ ਵੀ ਬਰਨਾਲਾ ਖੇਤਰ ਚ, ਠੇਕੇਦਾਰ ਵਿੱਕੀ ਤੇ ਨਜਾਇਜ਼ ਸ਼ਰਾਬ ਵੇਚਣ ਦੇ ਲੱਗਦੇ ਰਹੇ ਨੇ ਦੋਸ਼,,,
ਹਰਿੰਦਰ ਨਿੱਕਾ ਬਰਨਾਲਾ 17 ਮਈ 2020
ਕਰਫਿਊ ਦੌਰਾਨ ਕੁਝ ਪੁਲਿਸ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਬਰਨਾਲਾ ਖੇਤਰ ਚ, ਸ਼ਰੇਆਮ ਨਜ਼ਾਇਜ਼ ਸ਼ਰਾਬ ਵੇਚਣ ਦੇ ਕਥਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਠੇਕੇਦਾਰ ਵਿੱਕੀ ਆਪਣੇ ਇੱਕ ਹੋਰ ਸਾਥੀ ਸਣੇ ਤਪਾ ਪੁਲਿਸ ਦੇ ਹੱਥੇ ਚੜ੍ਹ ਹੀ ਗਿਆ। ਪੁਲਿਸ ਦੁਾਅਰਾ ਨਜਾਇਜ਼ ਸ਼ਰਾਬ ਵੇਚਣ ਦੇ ਧੰਦੇ ਚ, ਮਸ਼ਰੂਫ ਰਹੇ ਠੇਕੇਦਾਰ ਵਿੱਕੀ ਤੇ ਉਸਦੇ ਸਾਥੀ ਦੇ ਖਿਲਾਫ ਕੇਸ ਦਰਜ਼ ਕਰਕੇ ਉਨਾਂ ਦੇ ਕਬਜੇ ਚੋਂ ਇਨੋਵਾ ਗੱਡੀ ਵਿੱਚ ਰੱਖੇ ਨਜਾਇਜ਼ ਅੰਗਰੇਜੀ ਸ਼ਰਾਬ ਦੇ 4 ਡੱਬੇ ਵੀ ਬਰਾਮਦ ਕੀਤੇ ਗਏ ਹਨ।
ਨਾਕਾਬੰਦੀ ਦੌਰਾਨ ਇਨੋਵਾ ਚੋਂ ਬਰਾਮਦ ਹੋਈ ਸ਼ਰਾਬ
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਤਪਾ ਦੀ ਪੁਲਿਸ ਨੇ ਮੁਖਬਰੀ ਦੇ ਅਧਾਰ ਤੇ ਨਾਕਾਬੰਦੀ ਕਰਕੇ ਸ਼ੱਕੀ ਹਾਲਤ ਚ, ਜਾ ਰਹੀ ਇਨੋਵਾ ਗੱਡੀ ਨੰਬਰ PB13BG 3172 ਨੂੰ ਰੋਕ ਕੇ ਤਲਾਸ਼ੀ ਕੀਤੀ। ਦੌਰਾਨ-ਏ-ਤਲਾਸ਼ੀ ਪੁਲਿਸ ਪਾਰਟੀ ਨੇ ਗੱਡੀ ਵਿੱਚੋਂ ਛੁਪਾ ਕੇ ਰੱਖੀਆਂ 48 ਬੋਤਲਾਂ ਇੰਮਪੀਰੀਅਲ ਬਲੂ ਸ਼ਰਾਬ (ਮਾਰਕਾ ਪੰਜਾਬ) ਬਰਾਮਦ ਕੀਤੀਆਂ। ਜਦੋਂ ਕਿ ਗੱਡੀ ਚ, ਸਵਾਰ ਵਿਅਕਤੀਆਂ ਦੀ ਪਹਿਚਾਣ ਠੇਕੇਦਾਰ ਵਿੱਕੀ ਪੁੱਤਰ ਅਮ੍ਰਿਤ ਲਾਲ ਅਤੇ ਗੁਰਚਰਨ ਸਿੰਘ ਉਰਫ਼ ਚਰਨੀਂ ਪੁਤਰ ਜੀਤ ਸਿੰਘ ਵਾਸੀਆਨ ਤਪਾ ਦੇ ਤੌਰ ਤੇ ਕੀਤੀ ਗਈ। ਇਸ ਦੀ ਪੁਸ਼ਟੀ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਕੀਤੀ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਲਾਕੇ ਚ, ਨਜ਼ਾਇਜ਼ ਸ਼ਰਾਬ ਵੇਚਣ ਵਾਲਿਆਂ ਤੇ ਸਖਤ ਚੌਕਸੀ ਰੱਖੀ ਜਾ ਰਹੀ ਸੀ। ਜਿਸ ਦੇ ਨਤੀਜ਼ੇ ਦੇ ਤੌਰ ਤੇ ਤਪਾ ਪੁਲਿਸ ਦੇ ਐਸਐਚਉ ਨਰਾਇਣ ਸਿੰਘ ਦੀ ਟੀਮ ਨੇ ਸ਼ਰਾਬ ਤਸਕਰੀ ਦੇ ਧੰਦੇ ਚ, ਰੁੱਝੇ ਵਿੱਕੀ ਠੇਕੇਦਾਰ ਨੂੰ ਗਿਰਫਤਾਰ ਕਰਨ ਵਿੱਚ ਸਫਲਤਾ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਦੋਵਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ- 69 U/S 61/1/14,78(2) Ex act ਥਾਣਾ ਤਪਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਸਐਸਪੀ ਸ੍ਰੀ ਸੰਦੀਪ ਗੋਇਲ ਜੀ ਦੀਆਂ ਸਖਤ ਹਦਾਇਤਾਂ ਹਨ ਕਿ ਇਲਾਕੇ ਚ, ਨਸ਼ਾ ਤਸਕਰੀ ਕਰਨ ਵਾਲਿਆਂ ਦੀ ਨਕੇਲ ਚੰਗੀ ਤਰਾਂ ਕਸੋ।
ਪਹਿਲੀ ਵਾਰ ਨਸ਼ਾ ਤਸਕਰੀ ਚ, ਫੜ੍ਹਿਆ ਗਿਆ ਠੇਕੇਦਾਰ
ਕਰਫਿਊ ਦੌਰਾਨ ਸ਼ਰਾਬ ਦੀ ਨਜਾਇਜ਼ ਵਿਕਰੀ ਦਾ ਮੁੱਦਾ ਪੂਰੀ ਤਰਾਂ ਛਾਇਆ ਰਿਹਾ ਹੈ। ਕੁਝ ਦਿਨ ਪਹਿਲਾਂ ਬਰਨਾਲਾ ਦੇ ਰਾਏਕੋਟ ਰੋਡ ਤੇ ਵਿਕਦੀ ਨਜ਼ਾਇਜ਼ ਸ਼ਰਾਬ ਦੀ ਵੀਡੀਉ ਵੀ ਕਿਸੇ ਨੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਪੁਲਿਸ ਨੇ ਭਾਰੀ ਮਾਤਰਾ ਚ, ਸ਼ਰਾਬ ਤਾਂ ਬਰਾਮਦ ਕਰ ਲਈ ਸੀ, ਪਰੰਤੂ ਠੇਕੇਦਾਰ ਦਾ ਕਰਿੰਦਾ ਮੌਕੇ ਤੋਂ ਫਰਾਰ ਹੋ ਗਿਆ ਸੀ। ਇਸ ਚ, ਕਿਸੇ ਨੂੰ ਕੋਈ ਸ਼ੱਕ ਨਹੀਂ ਸੀ ਕਿ ਇਹ ਸ਼ਰਾਬ ਠੇਕੇਦਾਰ ਦੀ ਹੀ ਸੀ। ਪਰੰਤੂ ਪੁਲਿਸ ਨੇ ਠੇਕੇਦਾਰ ਦੇ ਵਿਰੁੱਧ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਸੀ। ਇਸੇ ਤਰਾਂ ਹੀ ਹੰਡਿਆਇਆ ਪੁਲਿਸ ਚੌਂਕੀ ਦੀ ਟੀਮ ਨੇ ਵੀ ਟ੍ਰਾਈਡੈਂਟ ਗਰੁੱਪ ਦੇ ਧੌਲਾ ਕੰਪਲੈਕਸ ਦੇ ਨੇੜਿਉਂ ਵੀ ਠੇਕੇਦਾਰ ਦੇ ਕਰਿੰਦੇ ਨੂੰ ਨਜਾਇਜ਼ ਸ਼ਰਾਬ ਵੇਚਦੇ ਨੂੰ ਕਾਬੂ ਕਰ ਲਿਆ ਸੀ, ਪਰੰਤੂ ਠੇਕੇਦਾਰ ਦੇ ਖਿਲਾਫ ਕੋਈ ਐਕਸ਼ਨ ਉਦੋਂ ਵੀ ਨਹੀਂ ਲਿਆ ਗਿਆ ਸੀ। ਕਰਫਿਊ ਦੌਰਾਨ ਦਰਜ਼ ਹੋਏ ਸ਼ਰਾਬ ਦੀ ਨਜਾਇਜ਼ ਵਿਕਰੀ ਦੇ ਸਾਰੇ ਹੀ ਕੇਸ ਠੇਕੇਦਾਰ ਦੇ ਕਰਿੰਦਿਆਂ ਖਿਲਾਫ ਹੀ ਦਰਜ਼ ਹੋਏ ਸਨ। ਪਰੰਤੂ ਪਹਿਲੀ ਵਾਰ ਹੀ ਸ਼ਰਾਬ ਤਸਕਰੀ ਦੇ ਜੁਰਮ ਚ,ਠੇਕੇਦਾਰ ਨੂੰ ਕੇਸ ਚ, ਨਾਮਜਦ ਕਰਕੇ ਉਸਨੂੰ ਰੰਗੇ ਹੱਥੀ ਕਾਬੂ ਕੀਤਾ ਗਿਆ ਹੈ।
ਸ਼ਰਾਬ ਤਸਕਰੀ ਚ, ਫਸੇ ਠੇਕੇਦਾਰ ਦੀ ਤਫਤੀਸ਼ ਤੋਂ ਹੋ ਸਕਦੈ ਕਾਲੀਆਂ ਭੇਡਾਂ ਦਾ ਖੁਲਾਸਾ
ਠੇਕੇਦਾਰ ਦੇ ਪੁਲਿਸ ਹੱਥ ਆ ਜਾਣ ਤੋਂ ਬਾਅਦ ਹੁਣ ਗੇਂਦ ਐਸਐਸਪੀ ਸੰਦੀਪ ਗੋਇਲ ਤੇ ਉਸ ਦੀ ਟੀਮ ਦੇ ਪਾਲੇ ਵਿੱਚ ਹੀ ਆ ਗਈ ਹੈ ਕਿ ਸ਼ਰਾਬ ਠੇਕੇਦਾਰ ਤੋਂ ਕਰਫਿਊ ਦੌਰਾਨ ਕੀਤੀ ਹੋਰ ਨਜ਼ਾਇਜ਼ ਸ਼ਰਾਬ ਦੀ ਵਿਕਰੀ ਦਾ ਵੀ ਖੁਲਾਸਾ ਕਰਵਾਇਆ ਜਾਵੇ। ਜੇਕਰ ਸੱਚਮੁੱਚ ਸਖਤੀ ਨਾਲ ਤਫਤੀਸ਼ ਹੁੰਦੀ ਹੈ ਤਾਂ ਐਸਐਸਪੀ ਗੋਇਲ ਦੀ ਖੁਦ ਦੀ ਜੁਬਾਨੀ ਕਹੀ, ਵਿਭਾਗ ਦੀਆਂ ਕਾਲੀਆਂ ਭੇਡਾਂ ਦੀ ਪਹਿਚਾਣ ਕਰਨ ਦਾ ਹੁਣ ਮੌਕਾ ਵੀ ਹੈ ਤੇ ਸਮੇਂ ਦੀ ਮੰਗ ਵੀ। ਭਰੋਸੇਯੋਗ ਸੂਤਰਾਂ ਅਨੁਸਾਰ ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗਿਰਫਤਾਰ ਕੀਤੇ ਸ਼ਰਾਬ ਠੇਕੇਦਾਰ ਦੀ ਪੁੱਛਗਿੱਛ ਤੋਂ ਇਹ ਗੱਲ ਵੀ ਬੇਨਕਾਬ ਹੋ ਜਾਵੇਗੀ ਕਿ ਸ਼ਰਾਬ ਦੀ ਨਜਾਇਜ਼ ਵਿਕਰੀ ਦੇ ਧੰਦੇ ਚ, ਕਿਹੜੇ ਕਿਹੜੇ ਪੁਲਿਸ ਅਧਿਕਾਰੀ ਤੇ ਕਰਮਚਾਰੀ ਸ਼ਾਮਿਲ ਰਹੇ ਹਨ।