ਜਿਲ੍ਹਾ ਦਫਤਰ ‘ਚ ਝੋਨੇ ਦੀ ਖਰੀਦ ਸਬੰਧੀ ਸੱਦੀ ਮੀਟਿੰਗ ‘ਚੋਂ ਚੁੱਕਿਆ
ਹਰਿੰਦਰ ਨਿੱਕਾ , ਬਰਨਾਲਾ 4 ਅਕਤੂਬਰ 2022
ਮਹਿਲ ਨਗਰ ਵਿਖੇ ਸਥਿਤ ਜਿਲ੍ਹਾ ਪਨਸਪ ਦਫਤਰ ਵਿੱਚ ਝੋਨੇ ਦੀ ਖਰੀਦ ਸਬੰਧੀ, ਡੀ.ਐਮ. ਵੱਲੋਂ ਸੱਦੀ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਪਨਸਪ ਦੇ ਇੰਸਪੈਕਟਰ ਰਮਨ ਗੌੜ ਨੂੰ ਸ਼ੱਕੀ ਹਾਲਤਾਂ ਵਿੱਚ ਵਿਜੀਲੈਂਸ ਬਿਊਰੋ ਸੰਗਰੂਰ ਦੀ ਟੀਮ ਹਿਰਾਸਤ ਵਿੱਚ ਲੈ ਕੇ ਚਲੀ ਗਈ। ਵਿਜੀਲੈਂਸ ਦੀ ਇਸ ਕਾਰਵਾਈ ਤੋਂ ਬਾਅਦ, ਜਿਲ੍ਹਾ ਦਫਤਰ ਅਤੇ ਪਨਸਪ ਦੇ ਅਧਿਕਾਰੀਆਂ ਵਿੱਚ ਅਫਰਾ-ਤਫਰੀ ਮੱਚ ਗਈ। ਹਰ ਕੋਈ ਆਪੋ-ਆਪਣੇ ਸੋਰਸਾਂ ਰਾਹੀਂ, ਰਮਨ ਗੌੜ ਦੀ ਹਿਰਾਸਤ ਦਾ ਕਾਰਣ ਜਾਨਣ ਵਿੱਚ ਮੁਸਤੈਦ ਹੈ। ਖਬਰ ਲਿਖੇ ਜਾਣ ਤੱਕ, ਰਮਨ ਗੌੜ ਦੀ ਹਿਰਾਸਤ ਵਿੱਚ ਲਏ ਜਾਣ ਦੀ ਵਜ੍ਹਾ, ਨਿੱਕਲ ਕੇ ਸਾਹਮਣੇ ਨਹੀਂ ਆਈ। ਉੱਧਰ ਇੰਸਪੈਕਟਰ ਰਮਨ ਗੌੜ ਨੂੰ ਹਿਰਾਸਤ ਵਿੱਚ ਲਏ ਜਾਣ ਦੀ ਪੁਸ਼ਟੀ ਡੀ.ਐਮ. ਵਿਕਾਸ ਗਰਗ ਨੇ ਕਰ ਦਿੱਤੀ ਹੈ। ਡੀ.ਐਮ. ਗਰਗ ਨੇ ਕਿਹਾ ਕਿ ਵਿਜੀਲੈਂਸ ਟੀਮ ਦੇ ਪਹੁੰਚਣ ਸਮੇਂ, ਬੇਸ਼ੱਕ ਉਹ ਖਦ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਬੁਲਾਈ ਮੀਟਿੰਗ ਵਿੱਚ ਹਾਜ਼ਿਰ ਸਨ, ਪਰੰਤੂ ਬਾਅਦ ਵਿੱਚ, ਉਨਾਂ ਨੂੰ ਦਫਤਰ ਤੋਂ ਪਤਾ ਲੱਗਿਆ ਹੈ ਕਿ ਰਮਨ ਗੌੜ ਨੂੰ ਵਿਜੀਲੈਂਸ ਟੀਮ ਆਪਣੇ ਨਾਲ ਲੈ ਕੇ ਚਲੀ ਗਈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਟੀਮ ਨੇ, ਕਿਸ ਕੇਸ ਵਿੱਚ ਉਨਾਂ ਨੂੰ ਹਿਰਾਸਤ ਵਿੱਚ ਲਿਆ ਹੈ, ਇਸ ਬਾਰੇ ਫਿਲਹਾਲ ਉਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ ਇੰਸਪੈਕਟਰ ਰਮਨ ਗੋੜ ਦੀ ਡਿਊਟੀ ਬਰਨਾਲਾ ਵਿਖੇ ਹੈ,ਪਰੰਤੂ ਉਸਨੂੰ ਝੋਨੇ ਦੀ ਖਰੀਦ ਸਬੰਧੀ, ਤਪਾ ਦੀਆਂ ਦੋ ਮੰਡੀਆਂ ਵਿੱਚ ਤਾਇਨਾਤ ਕੀਤਾ ਹੋਇਆ ਹੈ। ਵਰਣਨਯੋਗ ਹੈ ਕਿ ਇੰਸਪੈਕਟਰ ਰਮਨ ਗੌੜ ਨੂੰ ਕੁੱਝ ਸਮਾਂ ਪਹਿਲਾਂ, ਬਰਨਾਲਾ ਤੋਂ ਉਸ ਦੇ ਸਾਥੀ ਇੰਸਪੈਕਟਰ ਸਮੇਤ ਵੀ ਹਿਰਾਸਤ ਵਿੱਚ ਲਿਆ ਗਿਆ ਸੀ, ਪਰੰਤੂ ਬਾਅਦ ਵਿੱਚ ਪਤਾ ਨਹੀਂ, ਕਿਉਂ ਕੇਸ ਵਿੱਚੋਂ ਛੱਡ ਦਿੱਤਾ ਸੀ, ਜਦੋਂਕਿ ਜਿਹੜਾ ਰਿਸ਼ਵਤ ਸਬੰਧੀ ਮਾਮਲਾ ਵਿਜੀਲੈਂਸ ਨੇ ਦਰਜ਼ ਕੀਤਾ ਸੀ, ਉੱਥੋਂ ਦੀ ਮੰਡੀ ਰਮਨ ਗੌੜ ਦੇ ਅਧੀਨ ਸੀ, ਜਦੋਂਕਿ ਜਿਸ ਇੰਸਪੈਕਟਰ ਖਿਲਾਫ ਕੇਸ ਦਰਜ਼ ਕੀਤਾ ਗਿਆ ਸੀ, ਉਹ ਸਬੰਧਿਤ ਮੰਡੀ ਵਿੱਚ ਤਾਇਨਾਤ ਹੀ ਨਹੀਂ ਸੀ। ਇਸ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਵਿਜੀਲੈਂਸ ਬਿਊਰੋ ਸੰਗਰੂਰ ਨੇ, ਉਹੀ ਪੁਰਾਣੇ ਰਿਸ਼ਵਤ ਮਾਮਲੇ ਦੀ ਪੜਤਾਲ ਨੂੰ ਅੱਗੇ ਵਧਾਉਂਦੇ ਹੋਏ, ਰਮਨ ਗੌੜ ਨੂੰ ਹਿਰਾਸਤ ਵਿੱਚ ਲਿਆ ਹੋਵੇ। ਵਿਜੀਲੈਂਸ ਬਿਊਰੋ ਸੰਗਰੂਰ ਦੇ ਡੀਐਸਪੀ ਪਰਮਿੰਦਰ ਸਿੰਘ ਦਾ ਪੱਖ ਜਾਣਨ ਲਈ, ਫੋਨ ਕੀਤਾ, ਪਰੰਤੂ, ਉਨਾਂ ਰਿਸੀਵ ਕਰਨਾ ਉਚਿਤ ਨਹੀਂ ਸਮਝਿਆ।