ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਸੰਪਰਕ ਕਰਕੇ ਮਸਲੇ ਦੇ ਜਲਦੀ ਹੱਲ ਦਾ ਭਰੋਸਾ ਦਿਵਾਇਆ
ਰਘਵੀਰ ਹੈਪੀ , ਬਰਨਾਲਾ: 4 ਅਕਤੂਬਰ, 2022
ਅੱਜ ਖੁੱਡੀ ਨਾਕਾ ਰੇਲਵੇ ਪੁਲ ਅੰਡਰਪਾਸ ਐਕਸ਼ਨ ਕਮੇਟੀ ਦੇ ਮੈਂਬਰ ਐਸਡੀਐਮ ਬਰਨਾਲਾ ਨੂੰ ਮਿਲੇ ਅਤੇ ਖੁੱਡੀ ਨਾਕੇ ‘ਤੇ ਰੇਲਵੇ ਪੁਲ ਹੇਠ ਅੰਡਰਪਾਸ ਬਣਾਉਣ ਵਾਲੇ ਮਸਲੇ ਦਾ ਜਲਦੀ ਹੱਲ ਕਰਨ ਦੀ ਮੰਗ ਕੀਤੀ। ਐਕਸ਼ਨ ਕਮੇਟੀ ਆਗੂਆਂ ਡਾਕਟਰ ਰਾਜਿੰਦਰ ਪਾਲ ਜਿਲ੍ਹ ਪ੍ਰਧਾਨ ਇਨਕਲਾਬੀ ਕੇਂਦਰ, ਬਾਬੂ ਸਿੰਘ ਖੁੱਡੀ ਕਲਾਂ ਤੇ ਹਰਚਰਨ ਸਿੰਘ ਚਹਿਲ ਨੇ ਐਸਡੀਐਮ ਨੂੰ ਇਸ ਪੁਲ ਦੇ ਗਲਤ ਡੀਜਾਇਨ ਕਾਰਨ ਹੋ ਰਹੇ ਐਕਸੀਡੈਂਟਾਂ ਬਾਰੇ ਵਿਸਥਾਰ ਵਿਚ ਅੰਕੜਿਆਂ ਸਮੇਤ ਜਾਣਕਾਰੀ ਦਿੱਤੀ। ਆਗੂਆਂ ਨੇ ਕਿਹਾ ਕਿ ਪਿਛਲੇ ਸਿਰਫ ਇਕ ਸਾਲ ਦੌਰਾਨ ਇਕੱਲੇ ਖੁੱਡੀ ਕਲਾਂ ਪਿੰਡ ਦੇ ਤਿੰਨ ਨੌਜਵਾਨ ਇਸ ਗਲਤ ਪੁਲ ਦੀ ਭੇਂਟ ਚੜ੍ਹ ਚੁੱਕੇ ਹਨ। ਹਰਅੱਧੀ ਦਰਜਨ ਤੋਂ ਵਧੇਰੇ ਪਿੰਡ ਅਤੇ ਬਰਨਾਲਾ ਦੀਆਂ ਇੱਕ ਦਰਜਨ ਕੋਲੋਨੀਆਂ ਦੇ ਵਸਨੀਕਾਂ ਤੋਂ ਇਲਾਵਾ ਹੋਰ ਹਜਾਰਾਂ ਲੋਕ ਇਸ ਪੁਲ ਕਾਰਨ ਹਰ ਰੋਜ਼ ਇਪਣੀ ਜਾਨ ਜੋਖਮ ਵਿੱਚ ਪਾਉਂਦੇ ਹਨ।
ਐਸਡੀਐਮ ਨੇ ਵਫਦ ਦੀ ਗੱਲ ਬਹੁਤ ਧਿਆਨ ਨਾਲ ਸੁਣਨ ਤੋਂ ਬਾਅਦ ਵਿਸ਼ਵਾਸ ਦਿਵਾਇਆ ਕਿ ਜਲਦੀ ਹੀ ਸਬੰਧਤ ਮਹਿਕਮੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਮਸਲੇ ਦੇ ਹੱਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਵੀ ਸਬੰਧਤ ਅਧਿਕਾਰੀਆਂ ਨੂੰ ਇਸ ਮਸਲੇ ਬਾਰੇ ਪੱਤਰ ਲਿਖਿਆ ਜਾ ਚੁੱਕਾ ਹੈ। ਉਹ ਜਲਦੀ ਹੀ ਐਕਸ਼ਨ ਕਮੇਟੀ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕਰਨਗੇ। ਐਕਸ਼ਨ ਕਮੇਟੀ ਨੇ ਆਪਣੀ ਇਕੱਤਰਤਾ ਵਿੱਚ ਫੈਸਲਾ ਕੀਤਾ ਕਿ ਪੑਸ਼ਾਸ਼ਨ ਇਸ ਅਹਿਮ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰੇ ਨਹੀਂ ਤਾਂ ਸੰਘਰਸ਼ ਦਾ ਰਸਤਾ ਅਖਤਿਆਰ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ, ਸੁਖਦੇਵ ਸਿੰਘ, ਡਾਕਟਰ ਹਰਪ੍ਰੀਤ, ਬਲਵਿੰਦਰ ਰਿਸ਼ੀ, ਬਲਦੇਵ ਸਿੰਘ, ਸੁਰਜੀਤ ਸਿੰਘ ਅਤੇ ਕਰਮ ਸਿੰਘ ਹਾਜਰ ਸਨ।