ਕੇਂਦਰੀ ਮੰਤਰੀ ਸੋਮ ਪ੍ਰਕਾਸ਼ ,ਅੱਜ ਦਾਖਿਲ ਕਰਵਾਉਣਗੇ ਕੇਵਲ ਢਿੱਲੋਂ ਦੇ ਨਾਮਜ਼ਦਗੀ ਪੱਤਰ
ਹਰਿੰਦਰ ਨਿੱਕਾ , ਬਰਨਾਲਾ 6 ਜੂਨ 2022
ਪੰਜਾਬ ਦੀ ਲੀਹ ਤੋਂ ਲੱਥੀ ਆਰਥਿਕਤਾ ਅਤੇ ਵਿਗੜੀ ਹੋਈ ਕਾਨੂੰਨ ਵਿਵਸਥਾ ਨੂੰ ਠੀਕ ਕਰਨ ਲਈ ਸੰਗਰੂਰ ਲੋਕ ਸਭਾ ਹਲਕੇ ਦੀ ਜਿਮਨੀ ਚੋਣ ਵਿੱਚ ਭਾਜਪਾ ਨੂੰ ਜਿਤਾਉਣਾ ਮੌਜੂਦਾ ਸਮੇਂ ਦੀ ਲੋੜ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਦੇ ਲੋਕ ਸਭਾ ਲਈ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ,ਬਰਨਾਲਾ ਪਹੁੰਚਣ ਤੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਦੀ ਹਾਲਤ ,ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ । ਜਿਸ ਕਾਰਣ ,ਸੂਬੇ ਦੇ ਲੋਕ ਸਹਿਮ ਦੇ ਸਾਏ ਹੇਠ ,ਜਿਉਂ ਰਹੇ ਹਨ, ਘਰੋਂ ਨਿਕਲ ਰਹੇ, ਹਰ ਵਿਅਕਤੀ ਦੇ ਪਰਿਵਾਰ ਨੂੰ ,ਉਸ ਦੇ ਸਹੀ ਸਲਾਮਤ ਘਰ ਮੁੜ ਆਉਣ ਤੱਕ ਫਿਕਰ ਬਣਿਆ ਰਹਿੰਦਾ ਹੈ । ਢਿੱਲੋਂ ਨੇ ਲੋਕ ਸਭਾ ਟਿਕਟ ਦੇਣ ਲਈ, ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ,ਗ੍ਰਹਿ ਮੰਤਰੀ ਅਮਿਤ ਸ਼ਾਹ , ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ,ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਰ ਆਗੂਆਂ ਦਾ ਸ਼ੁਕਰੀਆ ਕਰਦਿਆਂ ਕਿਹਾ ਕਿ ਮੈਂ ਪਾਰਟੀ ਵੱਲੋਂ ਦਿੱਤੀ ਜਿੰਮੇਵਾਰੀ ,ਨੂੰ ਬਾਖੂਬੀ ਨਿਭਾਉਣ ਲਈ, ਜੀਅ ਜਾਨ ਨਾਲ ਦਿਨ ਰਾਤ ਮਿਹਨਤ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਅੱਜ ਕਰੀਬ 12 ਵਜੇ ,ਸੰਗਰੂਰ ਲੋਕ ਸਭਾ ਲਈ ,ਆਪਣੇ ਨਾਮਜਦਗੀ ਪੱਤਰ ਦਾਖਿਲ ਕਰਾਂਗਾ, ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਹਨ ।
ਢਿੱਲੋਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਬੜੀਆਂ ਉਮੀਦਾਂ ਨਾਲ ,ਵਿਧਾਨ ਸਭਾ ਚੋਣਾਂ ਸਮੇਂ ਆਪ ਨੂੰ ਸੱਤਾ ਸੰਭਾਲੀ, ਪਰੰਤੂ ਦੋ ਮਹੀਨਿਆਂ ਬਾਅਦ ਹੀ ਲੋਕਾਂ ਦਾ ਮੋਹ ,ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ,ਭੰਗ ਹੋ ਗਿਆ। ਲੋਕ ਹੁਣ, ਇੱਕ ਮੌਕਾ ਭਾਜਪਾ ਨੂੰ ਦੇਣ ਲਈ, ਮਨ ਬਣਾ ਚੁੱਕੇ ਹਨ, ਉਨ੍ਹਾਂ ਕਿਹਾ ਕਿ ਪਿਛਲੇ ਥੋੜ੍ਹੇ ਸਮੇਂ ਵਿੱਚ ਹੀ, ਜਿੱਥੇ ਦਰਜਨ ਦੇ ਕਰੀਬ ਕਿਸਾਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ, ਉੱਥੇ ਨਸ਼ੇ ਦੀ ਓਵਰਡੋਜ ਕਾਰਨ ਦੋ ਦਰਜਨ ਦੇ ਕਰੀਬ ਨੌਜਵਾਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਢਿੱਲੋਂ ਨੇ ਕਿਹਾ ਕ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਕਬੱਡੀ ਦੇ ਅੰਦਰ ਰਾਸ਼ਟਰੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ , ਸੰਗੀਤ ਦੀ ਦੁਨੀਆਂ ਦੇ ਸੁਪਰਸਟਾਰ ਪੰਜਾਬ ਦਾ ਮਾਣ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਗੈਂਗਸਟਰਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਉਹਨਾ ਕਿਹਾ ਕਿ ਪੰਜਾਬ ਅੰਦਰ ਅੱਜ ਹਰ ਕੋਈ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਹਨਾ ਕਿਹਾ ਕਿ ਗੈਂਗਸਟਰਾਂ ਦੀ ਕਥਿਤ ਪੁਨਾਹਗਾਰ ਬਣ ਕੇ ਚੱਲ ਰਹੀ ਆਮ ਆਦਮੀ ਪਾਰਟੀ ਨੂੰ ਸਬਕ ਸਿਖਾਉਣ ਅਤੇ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਕਰਨ ਲਈ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦਾ ਸਾਥ ਦੇਣ। ਉਹਨਾ ਲੋਕ ਸਭਾ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਚ ਸੰਗਰੂਰ ਦੇ ਲੋਕ ਉਹਨਾ ਦਾ ਵੱਧ ਚੜ੍ਹ ਕੇ ਸਾਥ ਦੇਣ ਤਾਂ ਜੋ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਹਾਲ ਕੀਤੀ ਜਾ ਸਕੇ।
ਕੇਵਲ ਢਿੱਲੋਂ ਦੀ ਕੋਠੀ,ਫਿਰ ਲੱਗੀਆਂ ਰੌਣਕਾਂ
ਬਰਨਾਲਾ ਹਲਕੇ ਦੇ ਸਾਬਕਾ ਵਿਧਾਇਕ ਅਤੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੀ ਕੋਠੀ, ਇੱਕ ਵਾਰ ਫਿਰ ਰੌਣਕਾਂ ਲੱਗ ਗਈਆਂ ਹਨ। ,