ਕੇਵਲ ਸਿੰਘ ਢਿੱਲੋਂ, ਗੁਰਮੇਲ ਸਿੰਘ ,ਸਿਮਰਨਜੀਤ ਸਿੰਘ ਮਾਨ, ਕਮਲਦੀਪ ਕੌਰ ਤੇ ਦਲਵੀਰ ਸਿੰਘ ਗੋਲਡੀ ਦਰਮਿਆਨ ਹੋਊ ਦਿਲਚਸਪ ਮੁਕਾਬਲਾ
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਐ ਸੰਗਰੂਰ ਲੋਕ ਸਭਾ ਸੀਟ
ਹਰਿੰਦਰ ਨਿੱਕਾ , ਬਰਨਾਲਾ 5 ਜੂਨ 2022
ਭਗਵੰਤ ਮਾਨ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਖਾਲੀ ਹੋਈ ਲੋਕ ਸਭਾ ਸੀਟ ਸੰਗਰੂਰ ਤੇ 23 ਜੂਨ ਨੂੰ ਹੋਣ ਵਾਲੀ ਜਿਮਨੀ ਚੋਣ ਲਈ ਅੱਜ ਭਾਜਪਾ ਨੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ ਨੂੰ ਅਤੇ ਕਾਂਗਰਸ ਪਾਰਟੀ ਨੇ ਦਲਵੀਰ ਸਿੰਘ ਗੋਲਡੀ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਹੁਣ ਤੱਕ ਲੱਗਭੱਗ ਸਾਰੀਆਂ ਹੀ ਪ੍ਰਮੁੱਖ ਰਾਜਸੀ ਧਿਰਾਂ ਨੇ ਆਪੋ-ਆਪਣੇ ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਜਿਸ ਨਾਲ ਲੋਕ ਸਭਾ ਸੀਟ ਲਈ, ਮੁਕਾਬਲਾ ਬਹੁਕੌਣਾ ਤੇ ਦਿਲਚਸਪ ਬਣ ਗਿਆ ਹੈ। ਸੂਬੇ ਦੀ ਸੱਤਾ ਤੇ ਕਾਬਿਜ ਆਮ ਆਦਮੀ ਪਾਰਟੀ ਵੱਲੋਂ ਘਰਾਚੋਂ ਪਿੰਡ ਦੇ ਸਰਪੰਚ ਅਤੇ ਜਿਲ੍ਹਾ ਸੰਗਰੂਰ ਦੇ ਇੰਚਾਰਜ ਗੁਰਮੇਲ ਸਿੰਘ , ਦੇਸ਼ ਦੀ ਸੱਤਾ ਤੇ ਕਾਬਿਜ਼ ਭਾਰਤੀ ਜਨਤਾ ਪਾਰਟੀ ਨੇ ਬਰਨਾਲਾ ਹਲਕੇ ਦੀ ਦੋ ਵਾਰ ਨਮਾਇੰਦਗੀ ਕਰ ਚੁੱਕੇ ਸਾਬਕਾ ਕਾਂਗਰਸੀ ਵਿਧਾਇਕ ਕੇਵਲ ਸਿੰਘ ਢਿੱਲੋਂ , ਕਾਂਗਰਸ ਪਾਰਟੀ ਨੇ ਲੰਘੀਆਂ ਵਿਧਾਨ ਸਭਾ ਚੋਣਾਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਹਾਰ ਚੁੱਕੇ ਧੂਰੀ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਸ੍ਰੋਮਣੀ ਅਕਾਲੀ ਦਲ ਤੇ ਬਸਪਾ ਗੱਠਜੋੜ ਨੇ ਹੋਰਨਾਂ ਪੰਥਕ ਧਿਰਾਂ ਦੀ ਸਹਿਯੋਗ ਨਾਲ ਪਟਿਆਲਾ ਜੇਲ੍ਹ ਅੰਦਰ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿਤਸਰ ਵੱਲੋਂ ਸਾਬਕਾ ਐਮ.ਪੀ. ਸਿਮਰਨਜੀਤ ਸਿੰਘ ਮਾਨ ਚੋਣ ਮੈਦਾਨ ਵਿੱਚ ਉੱਤਰ ਆਏ ਹਨ। ਸਿਮਰਨਜੀਤ ਸਿੰਘ ਮਾਨ ਅਤੇ ਗੁਰਮੇਲ ਸਿੰਘ ਨੇ ਆਪਣੀ ਨਾਮਜਦਗੀ ਪੱਤਰ ਵੀ ਦਾਖਿਲ ਕਰ ਦਿੱਤੇ ਹਨ। ਜਦੋਂਕਿ ਕੇਵਲ ਸਿੰਘ ਢਿੱਲੋਂ , ਦਲਵੀਰ ਸਿੰਘ ਗੋਲਡੀ ਅਤੇ ਬੀਬਾ ਕਮਲਦੀਪ ਕੌਰ ਸੋਮਵਾਰ ਨੂੰ ਆਪੋ-ਆਪਣੇ ਨਾਮਜਦਗੀ ਪੱਤਰ ਦਾਖਿਲ ਕਰਨਗੇ। 6 ਜੂਨ, ਨਾਮਜਦਗੀ ਭਰਨ ਦਾ ਆਖਿਰੀ ਦਿਨ ਹੈ।
ਭਗਵੰਤ ਮਾਨ ਤੋਂ ਹਾਰੇ ਉਮੀਦਵਾਰਾਂ ਨੇ ਮੱਲਿਆ ਮੈਦਾਨ
ਵਰਨਯੋਗ ਹੈ ਕਿ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਅਤੇ ਸਿਮਰਨਜੀਤ ਸਿੰਘ ਮਾਨ, ਲਗਾਤਾਰ ਦੂਜੀ ਵਾਰ ਇੱਕ ਦੂਸਰੇ ਦੇ ਖਿਲਾਫ ਲੋਕ ਸਭਾ ਲਈ ਚੋਣ ਮੈਦਾਨ ਵਿੱਚ ਆਹਮੋ-ਸਾਹਮਣੇ ਹੋਣਗੇ। ਜਦੋਂਕਿ ਲੋਕ ਸਭਾ ਲਈ ਮੈਦਾਨ ਵਿੱਚ ਉੱਤਰੇ ਕੇਵਲ ਸਿੰਘ ਢਿੱਲੋਂ ਅਤੇ ਦਲਵੀਰ ਸਿੰਘ ਗੋਲਡੀ ਇੱਕ – ਇੱਕ ਵਾਰ ਅਤੇ ਸਿਮਰਨਜੀਤ ਸਿੰਘ ਮਾਨ, ਲਗਾਤਰ ਦੋ ਵਾਰ ਭਗਵੰਤ ਮਾਨ ਤੋਂ ਹਾਰ ਚੁੱਕੇ ਹਨ। ਪਰੰਤੂ ਹੁਣ ਭਗਵੰਤ ਮਾਨ ਦੀ ਗੈਰਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਗੁਰਮੇਲ ਸਿੰਘ , ਕਾਂਗਰਸ ਪਾਰਟੀ ਦੇ ਦਲਵੀਰ ਗੋਲਡੀ ਅਤੇ ਅਕਾਲੀ ਦਲ ਬਾਦਲ ਵੱਲੋਂ ਬੀਬਾ ਕਮਲਜੀਤ ਕੌਰ ਰਾਜੋਆਣਾ ਪਹਿਲੀ ਵਾਰ, ਸੰਗਰੂਰ ਲੋਕ ਸਭਾ ਹਲਕੇ ਲਈ ਮੈਦਾਨ ਵਿੱਚ ਡਟ ਗਏ ਹਨ। ਸਾਰੀਆਂ ਹੀ ਧਿਰਾਂ ਵੱਲੋਂ ਜਿਮਨੀ ਚੋਣ ਹੋਣ ਕਾਰਣ , ਆਪੋ-ਆਪਣੇ ਉਮੀਦਵਾਰਾਂ ਨੂੰ ਲੋਕ ਸਭਾ ਮੈਂਬਰ ਬਣਾਉਣ ਲਈ , ਅੱਡੀ ਚੋਟੀ ਦਾ ਜ਼ੋਰ ਲਾਇਆ ਜਾਣਾ ਤੈਅ ਹੈ।
ਦਾਅ ਤੇ ਲੱਗੀ , ਆਪ ਅਤੇ ਭਗਵੰਤ ਮਾਨ ਦੀ ਸ਼ਾਖ
ਬੇਸ਼ਕ ਸੰਗਰੂਰ ਲੋਕ ਸਭਾ ਦੀ ਇੱਕ ਸੀਟ ਦੇ ਜਿੱਤ ਜਾਂ ਹਾਰ ਨਾਲ , ਕੇਂਦਰ ਅਤੇ ਸੂਬੇ ਦੀ ਸੱਤਾ ਤੇ ਕਾਬਿਜ਼ ਧਿਰਾਂ ਕ੍ਰਮਾਨੁਸਾਰ ਭਾਜਪਾ ਅਤੇ ਆਪ ਨੂੰ ਕੋਈ ਫਰਕ ਤਾਂ ਨਹੀਂ ਪੈਣਾ। ਪਰੰਤੂ ਇਸ ਚੋਣ ਲਈ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਾਖ ਜਰੂਰ ਦਾਅ ਤੇ ਲੱਗੀ ਹੋਈ ਹੈ। ਭਗਵੰਤ ਮਾਨ ,ਸੰਗਰੂਰ ਹਲਕੇ ਦੀ ਦੋ ਵਾਰ ਲੋਕ ਸਭਾ ਵਿੱਚ ਸਫਲਤਾ ਨਾਲ ਨੁਮਾਇੰਦਗੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਹਾਲੇ ਕਰੀਬ 3 ਕੁ ਮਹੀਨੇ ਪਹਿਲਾਂ ਹੀ ਆਮ ਆਦਮੀ ਪਾਰਟੀ ਨੇ, 92 ਸੀਟਾਂ ਲੈ ਕੇ ਸੂਬੇ ਦੀ ਸੱਤਾ ਤੇ ਕਬਜਾ ਜਮਾਇਆ ਹੈ। ਲੋਕ ਸਭਾ ਹਲਕੇ ਅੰਦਰ ਪੈਂਦੀਆਂ ਸਾਰੀਆਂ 9 ਵਿਧਾਨ ਸਭਾ ਸੀਟਾਂ ਤੇ ਵੀ ਆਪ ਦੇ ਵਿਧਾਇਕਾਂ ਦਾ ਹੀ ਕਬਜਾ । ਲੱਗਭੱਗ ਸਾਰੇ ਹੀ ਆਪ ਵਿਧਾਇਕਾਂ ਨੇ ਹੀ ਆਪੋ-ਆਪਣੇ ਵਿਰੋਧੀਆਂ ਧਿਰਾਂ ਦੇ ਉਮੀਦਵਾਰਾਂ ਨੂੰ ਵੱਡੇ ਅੰਤਰ ਨਾਲ ਹਰਾਇਆ ਹੈ। ਇਸ ਲਈ, ਜਿੱਥੇ ਲੋਕ ਸਭਾ ਹਲਕੇ ਦੇ ਲੋਕਾਂ ਨੇ ਹੁਣ ਆਪ ਸਰਕਾਰ ਦੀ ਹੁਣ ਤੱਕ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਵੀ ਕਰਨਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ ਲੱਗਭੱਗ ਸਾਰੇ ਹੀ ਵਿਧਾਇਕਾਂ ਦੀ ਆਪੋ-ਆਪਣੇ ਹਲਕਿਆਂ ਵਿੱਚ ਰਹੀ ਗੈਰਹਾਜ਼ਿਰੀ ਕਾਰਣ, ਲੋਕਾਂ ਵਿੱਚ ਪੈਦਾ ਹੋਈ, ਨਰਾਜਗੀ ਦਾ ਸਾਹਮਣਾ ਵੀ ਕਰਨਾ ਪੈਣਾ ਹੈ।
ਸੱਤਾ ਵਿਰੋਧੀ ਲਹਿਰ ਤੇ ਵਿਗੜੀ ਕਾਨੂੰਨ ਵਿਵਸਥਾ !
ਰਵਾਇਤੀ ਪਾਰਟੀਆਂ ਤੋਂ ਅੱਕੇ ਸੂਬੇ ਦੇ ਲੋਕਾਂ ਵੱਲੋਂ ਨਵੇਂ ਬਦਲ ਦੇ ਰੂਪ ਵਿੱਚ ਚਾਅ ਨਾਲ ਚੁਣੀ ,ਆਪ ਸਰਕਾਰ ਤੋਂ ਲੋਕਾਂ ਦਾ ਮੋਹ, ਤਿੰਨ ਮਹੀਨਿਆਂ ਵਿੱਚ ਹੀ ਭੰਗ ਹੋਇਆ ਚਿੱਟੇ ਦਿਨ ਵਾਂਗ ਦਿਖਾਈ ਦੇ ਰਿਹਾ ਹੈ। ਕਿਉਂਕਿ ਨਾਂ ਤਾਂ ਲੋਕਾਂ ਨੂੰ ਸਰਕਾਰ ਬਦਲਣ ਨਾਲ, ਕੋਈ ਬਹੁਤਾ ਸਿਫਤੀ ਬਦਲਾਅ ਹੁਣ ਤੱਕ ਨਜਰ ਆ ਰਿਹਾ ਹੈ ਅਤੇ ਨਾ ਹੀ ਲੋਕ ਆਪ ਦੇ ਵਿਧਾਇਕਾਂ ਦੀ ਕਾਰਗੁਜਾਰੀ ਤੋਂ ਬਹੁਤੇ ਖੁਸ਼ ਦਿਖਾਈ ਦਿੰਦੇ ਹਨ। ਦੂਜੇ ਪਾਸੇ ਪੰਜਾਬ ਅੰਦਰ ਗੈਂਗਸਟਰਾਂ ਦੇ ਦਾਬੇ ਤੇ ਵਧੀ ਸਰਗਰਮੀ ਕਾਰਣ, ਵਿਗੜੀ ਕਾਨੂੰਨੀ ਵਿਵਸਥਾ ਨੇ ਵੀ, ਲੋਕਾਂ ਅੰਦਰ ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਸਰਕਾਰ ਦੀ ਗੈਂਗਸਟਰਾਂ ਨਾਲ ਨਜਿੱਠਣ ਦੀ ਨਰਮ ਨੀਤੀ ਅਤੇ ਅਪਰਾਧ ਤੇ ਕਾਬੂ ਨਾ ਪਾਏ ਜਾਣ, ਕਾਰਣ, ਲੋਕ ਸਰਕਾਰ ਤੋਂ ਕਾਫੀ ਔਖੇ ਲੱਗ ਰਹੇ ਹਨ। ਲੋਕਾਂ ਦੇ ਮਨ, ਅੰਦਰ ਹੁਣ, ਇਸ ਚੋਣ ਲਈ, ਕਿਹੋ ਜਿਹਾ ਬਦਲਾਅ ਪੈਦਾ ਹੋ ਰਿਹਾ ਹੈ। ਇਸ ਦਾ ਸਹੀ ਆਂਕਲਨ ਤਾਂ 26 ਜੂਨ ਨੂੰ ਆਉਣ ਵਾਲੇ ਨਤੀਜੇ ਤੋਂ ਹੀ ਸਾਫ ਹੋਵੇਗਾ।
One thought on “ਚੋਣ ਅਖਾੜਾ ਭਖਿਆ, ਭਾਜਪਾ ਨੇ ਢਿੱਲੋਂ ਤੇ ਕਾਂਗਰਸ ਨੇ ਗੋਲਡੀ ਤੇ ਦਾਅ ਖੇਡਿਆ”
Comments are closed.