ਜ਼ਿਲ੍ਹਾ ਬਰਨਾਲਾ ਚ ਢੁਕਵੀਆਂ ਥਾਵਾਂ ਉੱਤੇ ਲਗਾਏ ਜਾਣਗੇ 6 ਲੱਖ ਪੌਦੇ, ਡਿਪਟੀ ਕਮਿਸ਼ਨਰ
ਰਘਵੀਰ ਹੈਪੀ , ਬਰਨਾਲਾ, 5 ਜੂਨ 2022
ਡਿਪਟੀ ਕਮਿਸ਼ਨਰ ਬਰਨਾਲਾ ਡਾ ਹਰੀਸ਼ ਨਈਅਰ ਨੇ ਅੱਜ ਵਨ ਵਿਭਾਗ ਦੇ ਦੱਫਤਰ ਵਿਖੇ ਪੌਦਾ ਲਗਾ ਕੇ ਕੌਮਾਂਤਰੀ ਵਾਤਾਵਰਣ ਦਿਵਸ ਮੌਕੇ ਜ਼ਿਲ੍ਹਾ ਬਰਨਾਲਾ ਚ ਸਾਲ 2022-23 ਦੌਰਾਨ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਉਹਨਾਂ ਦੱਸਿਆ ਕਿ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ (ਵਣ ਮੰਡਲ ਸੰਗਰੂਰ) ਵਣ ਰੇਂਜ ਬਰਨਾਲਾ ਵੱਲੋਂ ਚਾਲੂ ਵਿੱਤੀ ਸਾਲ 2022-23 ਦੌਰਾਨ ਜਿਲ੍ਹਾ ਬਰਨਾਲਾ ਵਿੱਚ ਵੱਡੇ ਪੱਧਰ ਤੇ ਪੌਦੇ ਲੱਗਾ ਕੇ ਉਹਨਾਂ ਨੂੰ ਕਾਮਯਾਬ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਵਣ ਵਿਭਾਗ ਵੱਲੋਂ ਜਿਲ੍ਹਾ ਬਰਨਾਲਾ ਅੰਦਰ ਸਥਾਪਿਤ ਤਿੰਨ ਵਣ-ਨਰਸਰੀਆ ਦੱਧਾਹੂਰ, ਸਹਿਣਾ ਅਤੇ ਬਡਬਰ ਨਰਸਰੀ ਵਿੱਚ 2 ਤੋ 4 (ਫੁੱਟ) ਕੱਦ ਦੇ ਲੱਗਭਗ 6 ਲੱਖ ਛਾਂਦਾਰ, ਫੁੱਲਦਾਰ, ਫਲਦਾਰ ਅਤੇ ਮੈਡੀਸੀਨਲ ਪੌਦੇ ਬਿਲਕੁਲ ਤਿਆਰ ਰੱਖੇ ਹੋਏ ਹਨ। ਇਸ ਪ੍ਰਗਰਾਮ ਦੀ ਸੁਰੂਆਤ ਆਉਂਦੇ ਮਾਨਸੂਨ ਸੀਜਨ ਭਾਵ ਮਹੀਨਾਂ ਜੁਲਾਈ/ਅਗਸਤ ਵਿੱਚ ਕੀਤੀ ਜਾਵੇਗੀ ਅਤੇ 6 ਲੱਖ ਪੌਦੇ ਜਿਲ੍ਹਾ ਬਰਨਾਲਾ ਦੇ ਪਿੰਡਾਂ/ਸਹਿਰਾਂ/ਕਸਬਿਆਂ ਵਿੱਚ ਢੁੱਕਵੀਆਂ ਥਾਵਾਂ ਤੇ ਲਗਾਏ ਜਾਣਗੇ।ਇਸ ਮੌਕੇ ਬੋਲਦਿਆਂ ਉਹਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਲੱਗਭਗ 1 ਲੱਖ ਪੌਦੇ ਵਣ ਵਿਭਾਗ ਵੱਲੋਂ ਵਣ ਰਕਬਿਆਂ ਵਿੱਚ ਲਗਾਇਆ ਜਾਵੇਗਾ ਅਤੇ ਲੱਗਭਗ 2 ਲੱਖ ਪੌਦੇ ਬਾਕੀ ਵਿਭਾਗਾਂ ਦੇ ਰਕਬਿਆਂ ਦੀ ਨਿਸਾਨਦੇਹੀ ਕਰਕੇ ਮਨਰੇਗਾ ਸਕੀਮ ਤਹਿਤ ਲਗਾਇਆ ਜਾਵੇਗਾ ਅਤੇ ਲੱਗਭਗ 3 ਲੱਖ ਪੌਦੇ ਬਰਨਾਲਾ ਜਿਲ੍ਹੇ ਦੀ ਆਮ ਪਬਲਿਕ ਨੂੰ ਮਹੁੱਈਆ ਕਰਵਾਏ ਜਾਣਗੇ ਤਾਂ ਜੋ ਉਹ ਇਨ੍ਹਾਂ ਪੌਦਿਆਂ ਨੂੰ ਆਪਣੀਆਂ ਨਿੱਜੀ ਥਾਵਾਂ ਉਪਰ ਲਗਾ ਸਕਣ।
ਵਣ ਰੇਂਜ ਅਫਸਰ ਸ੍ਰੀ ਗੁਰਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਬਰਨਾਲਾ ਜਿਲ੍ਹੇ ਵਿੱਚ ਲਗਾਏ ਜਾਣ ਵਾਲੇ ਇਹਨਾਂ 6 ਲੱਖ ਪੌਦਿਆਂ ਨੂੰ ਸਤਪ੍ਰਤੀਸਤ ਕਾਮਯਾਬੀ ਮਿਲ ਸਕੇ। ਵਣ ਵਿਭਾਗ ਇਹਨਾਂ 6 ਲੱਖ ਪੌਦਿਆਂ ਨੂੰ ਲਗਾਉਣ ਦੀ ਤਕਨੀਕੀ ਜਾਣਕਾਰੀ ਦੇਣ ਲਈ ਤਿਆਰ ਬਰ ਤਿਆਰ ਹੈ।