26 ਜਨਵਰੀ ਨੂੰ ਦਿੱਲੀ ਵਿਚ ਵਾਪਰੇ ਸਮੂਹਿਕ ਬਲਾਤਕਾਰ ਵਰਗੀ ਘਟਨਾ ਦੇ ਖ਼ਿਲਾਫ਼ ਪੰਜਾਬੀ_ਯੂਨੀਵਰਸਿਟੀ ਪਟਿਆਲਾ ਵਿਖੇ ਰੋਸ ਪ੍ਰਦਰਸ਼ਨ
ਪਰਦੀਪ ਕਸਬਾ , ਪਟਿਆਲਾ, 1 ਫਰਵਰੀ 2022
ਅੱਜ ਦਿੱਲੀ ਵਿਚ 26 ਜਨਵਰੀ ਨੂੰ ਇਕ ਕੁੜੀ ਨਾਲ ਵਾਪਰੇ ਸਮੂਹਿਕ ਬਲਾਤਕਾਰ, ਵਾਲ ਕੱਟਣ, ਮੂੰਹ ਕਾਲਾ ਕਰਕੇ ਘੁੰਮਾਉਣ ਵਰਗੇ ਦਿਨ ਦਿਲ ਦਹਿਲਾਉਣ ਵਾਲੇ ਕਾਰੇ ਦੇ ਖਿਲਾਫ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸਾਂਝਾ ਵਿਦਿਆਰਥੀ ਮੌਰਚੇ ਦੀ ਅਗਵਾਈ ਹੇਠ ਭਾਈ ਕਾਨ੍ਹ ਸਿੰਘ ਨਾਭਾ ਦੇ ਬਾਹਰ ਰੋਸ ਮੁਜਾਹਰਾ ਕੀਤਾ ਗਿਆ।
ਇਸ ਮੌਕੇ ਵਿਦਿਆਰਥੀ ਜਥੇਬੰਦੀਆਂ ਪੀ.ਆਰ.ਐੱਸ.ਯੂ. ਤੋਂ ਰਸ਼ਪਿੰਦਰ ਜ਼ਿੰਮੀ, ਪੀ.ਐੱਸ.ਯੂ. ਤੋਂ ਅਮਨਦੀਪ, ਪੀ.ਐੱਸ.ਯੂ.(ਲ) ਤੋਂ ਪਰਮਿੰਦਰ, ਏ.ਆਈ.ਐੱਸ.ਐੱਫ. ਤੋਂ ਵਰਿੰਦਰ ਖੁਰਾਣਾ, ਐੱਸ.ਐੱਫ.ਆਈ. ਤੋਂ ਰਾਜਵਿੰਦਰ ਨੇ ਸੰਬੋਧਨ ਕਰਦਿਆਂ ਕਿਹਾ ਕਿ 26 ਜਨਵਰੀ ਨੂੰ ਦੇ ਵਿਚ ਇਕ ਕੁੜੀ ਦੇ ਨਾਲ ਉਸਨੂੰ ਅਗਵਾ ਕਰਕੇ ਸਮੂਹਿਕ ਬਲਾਤਕਾਰ ਕਰਕੇ ਗਲ਼ ਵਿਚ ਚੱਪਲਾਂ ਦਾ ਹਾਰ ਪਾ ਕੇ ਅਤੇ ਵਾਲ ਕਟਕੇ ਲੋਕਾਂ ਦੀ ਭੀੜ ਵਿੱਚ ਘੁੰਮਾਇਆ ਗਿਆ।
ਇਹ ਘਟਨਾ ਦਿੱਲੀ ਵਿਚ ਐਨ ਉਸ ਵਕਤ ਵਾਪਰੀ ਹੈ ਜਦੋਂ ਦਿੱਲੀ ਵਿਚ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੁਆਰਾ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ, ਵਿਸ਼ਵ ਗੁਰੂ ਹੋਣ ਦਾ ਢੌਂਗ ਰਚਾਇਆ ਜਾ ਰਿਹਾ ਸੀ । ਆਗੂਆਂ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ ਕਿ ਭੀੜਾਂ ਦੁਆਰਾ ਕਿਸੇ ਖ਼ਾਸ ਧਰਮ ਜਾਤ ਦੇ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਮਾਬ ਲਿੰਚਿੰਗ ਕੀਤੀ ਜਾਂਦੀ ਰਹੀ ਹੈ ਤੇ ਇਹ ਸਾਰਾ ਕੁਝ ਸਰਕਾਰਾਂ ਦੀ ਸ਼ਹਿ ਤੇ ਹੁੰਦਾ ਰਿਹਾ ਹੈ, ਹੁਣ ਭੀੜਾਂ ਦੁਆਰਾ ਬਲਾਤਕਾਰ ਵਰਗੇ ਕਾਰੇ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ।
ਆਗੂਆਂ ਨੇ ਕਿਹਾ ਕਿ ਇਸ ਦੇ ਪਿੱਛੇ ਦਿੱਲੀ ਦੀ ਅਰਵਿੰਦ ਕੇਜਰੀਵਾਲ ਸਰਕਾਰ ਤੇ ਮੋਦੀ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਉਨ੍ਹਾਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ। ਇਸ ਮੌਕੇ ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਪੀਐਸਯੂ ਤੋਂ ਪਰਮਿੰਦਰ ਕੌਰ ਨੇ ਨਿਭਾਈ ।