ਚੋਣ ਕਮਿਸ਼ਨ ਵੱਲੋਂ ਤਾਇਨਾਤ ਅਧਿਕਾਰੀਆਂ ਨਾਲ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਸਤਿ੍ਤ ਮੀਟਿੰਗ
ਪਰਦੀਪ ਕਸਬਾ ,ਸੰਗਰੂਰ, 1 ਫਰਵਰੀ:2022
ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਸੰਗਰੂਰ ਦੇ 5 ਵਿਧਾਨ ਸਭਾ ਚੋਣ ਹਲਕਿਆਂ ਲਈ ਤਾਇਨਾਤ ਕੀਤੇ ਗਏ 2 ਜਨਰਲ ਅਬਜ਼ਰਵਰਾਂ, 2 ਖਰਚਾ ਅਬਜ਼ਰਵਰਾਂ ਤੇ 1 ਪੁਲਿਸ ਅਬਜ਼ਰਵਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਚੋਣਾਂ ਦੀਆਂ ਤਿਆਰੀ ਸਬੰਧੀ ਵਿਸਤਿ੍ਰਤ ਸਮੀਖਿਆ ਮੀਟਿੰਗ ਕੀਤੀ ਗਈ।
ਮੀਟਿੰਗ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਅਤੇ ਐਸ.ਐਸ.ਪੀ ਸ੍ਰੀ ਸਵਪਨ ਸ਼ਰਮਾ ਦੀ ਹਾਜ਼ਰੀ ਵਿੱਚ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਅਨਮੋਲ ਸਿੰਘ ਧਾਲੀਵਾਲ ਤੋਂ ਇਲਾਵਾ ਸਮੂਹ ਰਿਟਰਨਿੰਗ ਅਧਿਕਾਰੀਆਂ, ਵੱਖ-ਵੱਖ ਚੋਣ ਸਬੰਧੀ ਕਾਰਜਾਂ ਲਈ ਤਾਇਨਾਤ ਟੀਮਾਂ ਦੇ ਨੋਡਲ ਅਧਿਕਾਰੀਆਂ ਨੇ ਹਿੱਸਾ ਲਿਆ।
ਮੀਟਿੰਗ ਦੌਰਾਨ ਜਨਰਲ ਅਬਜ਼ਰਵਰ ਆਈ.ਏ.ਐਸ ਅਧਿਕਾਰੀਆਂ ਸ਼੍ਰੀ ਸੁਬੋਧ ਯਾਦਵ ਅਤੇ ਸ਼੍ਰੀ ਰਜਿੰਦਰ ਵੀਜਾਰਾਓ ਨਿੰਬਲਕਰ ਨੇ ਜ਼ਿਲ੍ਹੇ ਵਿੱਚ ਚੋਣ ਪ੍ਰਬੰਧਨ ਯੋਜਨਾ ਬਾਰੇ ਵਿਸਥਾਰ ਵਿੱਚ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਸਮੂਹ ਟੀਮਾਂ ਪੂਰੀ ਮੁਸਤੈਦੀ ਤੇ ਜ਼ਿੰਮੇਵਾਰੀ ਦੀ ਭਾਵਨਾ ਨਾਲ ਆਪਣੀ ਡਿਊਟੀ ਨਿਭਾਉਣ ਅਤੇ ਹਰੇਕ ਗਤੀਵਿਧੀ ’ਤੇ ਤਿੱਖੀ ਨਜ਼ਰ ਰੱਖੀ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਹਦਾਇਤ ਦਿੱਤੀ ਅਤੇ ਹੁਣ ਤੱਕ ਇਸ ਸਬੰਧ ਵਿੱਚ ਵੱਖ ਵੱਖ ਅਧਿਕਾਰੀਆਂ ਵੱਲੋਂ ਕੀਤੀ ਕਾਰਵਾਈ ਦਾ ਜਾਇਜ਼ਾ ਲਿਆ। ਜਨਰਲ ਅਬਜ਼ਰਵਰਾਂ ਵੱਲੋਂ ਈ.ਵੀ.ਐਮ ਤੇ ਵੀਵੀਪੈਟ ਪ੍ਰਬੰਧਨ, ਟਰਾਂਸਪੋਰਟ ਪ੍ਰਬੰਧਨ, ਸਿੰਗਲ ਵਿੰਡੋ ਪਰਮਿਸ਼ਨ ਸੈਲ, ਚੋਣ ਸਮੱਗਰੀ ਪ੍ਰਬੰਧਨ, ਵੱਖ ਵੱਖ ਨੋਡਲ ਅਧਿਕਾਰੀਆਂ ਤੇ ਟੀਮਾਂ ਦੀ ਸਿਖਲਾਈ, ਸਵੀਪ ਗਤੀਵਿਧੀਆਂ, ਐਮ.ਸੀ.ਐਮ.ਸੀ, ਈ.ਟੀ.ਪੀ.ਬੀ.ਐਸ ਤੇ ਪੋਸਟਲ ਬੈਲਟ ਪੇਪਰਾਂ, ਵੈਬਕਾਸਟਿੰਗ, ਵੀਡੀਓ ਗ੍ਰਾਫੀ, ਐਫ.ਐਸ.ਟੀ, ਐਸ.ਐਸ.ਟੀ, ਸ਼ਿਕਾਇਤ ਨਿਵਾਰਨ ਸੈਲ ਤੇ ਸੀ ਵਿਜਿਲ, ਐਕਸਾਈਜ਼, ਦਿਵਿਆਂਗ ਵੋਟਰਾਂ ਦੀਆਂ ਸੁਵਿਧਾਵਾਂ, ਵੱਖ-ਵੱਖ ਮੋਬਾਇਲ ਐਪਲੀਕੇਸ਼ਨਾਂ, ਸਟਰੌਂਗ ਰੂਮ ਆਦਿ ਦਾ ਜਾਇਜ਼ਾ ਲਿਆ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਦੇ ਆਦੇਸ਼ ਦਿੱਤੇ।
ਇਸ ਦੌਰਾਨ ਖਰਚਾ ਨਿਗਰਾਨਾਂ ਸ਼੍ਰੀ ਲਿਆਕਤ ਅਲੀ ਆਫ਼ਾਕੀ (ਆਈ.ਆਰ.ਐਸ) ਅਤੇ ਸ਼੍ਰੀ ਸੁਭਾਸ਼ ਚੰਦਰਾ (ਆਈ.ਸੀ.ਏ.ਐਸ) ਨੇ ਵਿਧਾਨ ਸਭਾ ਹਲਕਿਆਂ ਵਿੱਚ ਤਾਇਨਾਤ ਟੀਮਾਂ ਨੂੰ ਵੱਖ ਵੱਖ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਤੇ ਆਜ਼ਾਦ ਉਮੀਦਵਾਰਾਂ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਕੀਤੇ ਜਾਣ ਵਾਲੇ ਖਰਚਿਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੈਂਕਾਂ ਵਿੱਚ ਨਗਦੀ ਦੇ ਸ਼ੱਕੀ ਲੈਣ ਦੇਣ, ਚੋਣ ਸਮੱਗਰੀ ’ਤੇ ਕੀਤੇ ਜਾਣ ਵਾਲੇ ਖਰਚਿਆਂ, ਵਾਹਨਾਂ ਦੀ ਚੈਕਿੰਗ, ਡਿਜ਼ੀਟਲ ਪ੍ਰਣਾਲੀ ਨਾਲ ਨਗਦੀ ਦੇ ਲੈਣ ਦੇਣ ਆਦਿ ’ਤੇ ਵੀ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ 50 ਹਜ਼ਾਰ ਤੋਂ ਵੱਧ ਨਗਦੀ ਆਪਣੇ ਨਾਲ ਲਿਜਾਉਣ ਸਮੇਂ ਲੋੜੀਂਦੇ ਦਸਤਾਵੇਜ਼ ਵਿਅਕਤੀ ਕੋਲ ਹੋਣੇ ਲਾਜਮੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਸਹਾਇਕ ਖਰਚਾ ਅਬਜ਼ਰਵਰਾਂ, ਮਾਈਕਰੋ ਅਬਜ਼ਰਵਰਾਂ ਆਦਿ ਦੀ ਚੋਣਾਂ ਸਬੰਧੀ ਸਿਖਲਾਈ ਸਬੰਧੀ ਜਾਇਜ਼ਾ ਲਿਆ।
ਇਸ ਮੌਕੇ ਪੁਲਿਸ ਅਬਜ਼ਰਵਰ ਸ਼੍ਰੀ ਅਮੋਘ ਜੀਵਨ ਗਾਓਂਕਰ (ਆਈ.ਪੀ.ਐਸ) ਨੇ ਸੁਰੱਖਿਆ ਵਿਵਸਥਾ, ਨਾਕਾਬੰਦੀ, ਪੈਟਰੋਲਿੰਗ ਪਾਰਟੀਆਂ, ਪੁਲਿਸ ਫੋਰਸ, ਸਟਰੌਂਗ ਰੂਮ ਤੇ ਗਿਣਤੀ ਕੇਂਦਰਾਂ ਦੀ ਸੁਰੱਖਿਆ, ਸੀ.ਸੀ.ਟੀ.ਵੀ ਕੈਮਰਿਆਂ, ਵੀਡੀਓਗ੍ਰਾਫੀ ਪ੍ਰਬੰਧਨ, ਸਾਇਬਰ ਸਕਿਓਰਟੀ ਆਦਿ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਸਮੂਹ ਅਬਜ਼ਰਵਰਾਂ ਨੂੰ ਵਿਸਵਾਸ ਦਿਵਾਇਆ ਕਿ ਸਮੁੱਚੇ ਚੋਣ ਅਮਲ ਨੂੰ ਪੂਰੇ ਪਾਰਦਰਸ਼ੀ, ਨਿਰਪੱਖ ਅਤੇ ਸੁਰੱਖਿਅਤ ਮਾਹੌਲ ਵਿੱਚ ਨੇਪਰੇ ਚੜ੍ਹਾਇਆ ਜਾਵੇਗਾ ਅਤੇ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾਵੇਗਾ।