ਸੈਂਕੜੇ ਕਿਸਾਨਾਂ ਨੇ ਫੂਕਿਆ ਮੋਦੀ ਸਰਕਾਰ ਦਾ ਪੁਤਲਾ
ਪ੍ਰਦੀਪ ਕਸਬਾ , ਸੰਗਰੂਰ , 31ਜਨਵਰੀ 2022
ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਅਨੁਸਾਰ ਅੱਜ ਇਥੇ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਸੈਂਕੜੇ ਕਿਸਾਨਾਂ ਵਲੋਂ ਮੋਦੀ ਸਰਕਾਰ ਵਲੋਂ ਮੋਰਚਾ ਮੁਲਤਵੀ ਕਰਨ ਸਮੇਂ ਕੀਤੇ ਲਿਖਤੀ ਵਾਹਦਿਆਂ ਉਪਰ ਵੀ ਕੋਈ ਅਜੇ ਤੱਕ ਵੀ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਵਿਰੋਧ ਵਿੱਚ ਵਿਸ਼ਵਾਸਘਾਤ ਰੈਲੀ ਕੀਤੀ ਗਈ।ਅਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਗਈ। ਰੈਲੀ ਵਿਚ ਵੱਡੀ ਗਿਣਤੀ ਔਰਤਾਂ ਅਤੇ ਭਰਾਤਰੀ ਜਥੇਬੰਦੀਆਂ ਨੇ ਭਾਗ ਲਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਭਾਵੇਂ ਕਿਸਾਨ ਅੰਦੋਲਨ ਦੇ ਦਬਾਅ ਹੇਠ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ ਹੈ ਪਰ ਬਾਕੀ ਮੰਗਾਂ ਸਬੰਧੀ ਕੀਤੇ ਲਿਖਤੀ ਵਾਹਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਟਾਲਾ ਵੱਟਿਆ ਹੋਇਆ ਹੈ। ਜਿਨਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਜਾਮਾ ਪਹਿਨਾਉਣ ਲਈ ਕਮੇਟੀ ਗਠਿਤ ਕਰਨ, ਲਖੀਮਪੁਰ ਖੀਰੀ ਦੀ ਘਟਨਾ ਦੇ ਅਸਲ ਸ਼ਾਜਿਸ਼ਘਾੜੇ ਕੇਦਰੀ ਗ੍ਰਹਿ ਰਾਜ ਮੰਤਰੀ ਅਜੈ ਟੈਨੀ ਨੂੰ ਬਰਖਾਸਤ ਕਰਕੇ ਗ੍ਰਿਫਤਾਰ ਕਰਨ, ਅੰਦੋਲਨ ਦੌਰਾਨ ਦਿੱਲੀ ਸਮੇਤ ਵੱਖ ਵੱਖ ਰਾਜਾਂ ਵਿੱਚ ਦਰਜ ਹੋਏ ਕੇਸਾਂ ਨੂੰ ਵਾਪਸ
ਲੈਣ,ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਤੇ ਸਰਕਾਰੀ ਨੌਕਰੀ ਦੇਣ ਦੇ ਲਿਖਤੀ ਵਾਹਦਿਆਂ ਸੰਬੰਧੀ ਸਾਜਿਸ਼ੀ ਚੁੱਪ ਧਾਰ ਕੇ ਕਿਸਾਨ ਰੋਹ ਨੂੰ ਹੋਰ ਪ੍ਰਚੰਡ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਸਰਕਾਰ ਜਿਨਸਾਂ ਦੇ ਘੱਟੋ-ਘੱਟ ਸਮਰਥਨ ਮੁੱਲ ਦੇਣ ਤੋਂ ਭੱਜ ਰਹੀ ਹੈ। ਸਿਹਤ ਅਤੇ ਸਿੱਖਿਆ ਨੂੰ ਨਿੱਜੀ ਹੱਥਾਂ ਵਿਚ ਦੇਣ ਕਾਰਨ ਮਹਿੰਗੀ ਪੜ੍ਹਾਈ ਅਤੇ ਇਲਾਜ ਨੇ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਤੇ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਗਏ ਵਾਧੇ
ਕਾਰਨ ਮਹਿੰਗਾਈ ਵਿਚ ਵਾਧਾ ਹੋਇਆ ਹੈ। ਕਿਸਾਨਾਂ ਸਮੇਤ ਲੋਕ ਕਰਜੇ ਜਾਲ ਵਿਚ ਫਸ ਗਏ ਹਨ।ਪੰਜਾਬ ਦੀ ਸਰਕਾਰ ਕਿਸਾਨਾਂ ਦੇ ਕਰਜੇ ਮੁਆਫ ਕਰਨ ਦੇ ਚੋਣ ਵਾਅਦਿਆਂ ਤੋਂ ਭੱਜ ਗਈ ਹੈ। ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਘਰਸ਼ ਨੂੰ ਹੋਰ ਤੇਜ ਕੀਤਾ ਜਾਵੇਗਾ। ਰੈਲੀ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਗੁਰਮੀਤ ਸਿੰਘ ਭੱਟੀਵਾਲ, ਗੁਰਮੀਤ ਸਿੰਘ
ਕਪਿਆਲ, ਜਗਸੀਰ ਸਿੰਘ ਨਮੋਲ, ਊਧਮ ਸਿੰਘ ਸੰਤੋਖਪੁਰਾ, ਕਰਮ ਸਿੰਘ ਬਲਿਆਲ, ਮੇਜਰ ਸਿੰਘ ਪੁੰਨਾਵਾਲ, ਬਲਜੀਤ ਕੌਰ ਕਾਤਰੋਂ, ਨਿਰਮਲ ਸਿੰਘ ਬਟਰਿਆਣਾ, ਮੰਗਤ ਰਾਮ ਲੌਂਗੋਵਾਲ, ਦਰਸ਼ਨ ਸਿੰਘ ਕੁਨਰਾਂ,ਕੁਲਦੀਪ ਜੋਸ਼ੀ, ਰੋਹੀ ਸਿੰਘ ਮੰਗਵਾਲ ਅਤੇ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਸਵਰਨਜੀਤ ਸਿੰਘ, ਮਹਿੰਦਰ ਸਿੰਘ ਭੱਠਲ, ਧਰਮ ਪਾਲ ਨਮੋਲ ਅਤੇ ਲਵਪ੍ਰੀਤ ਕੌਰ ਨੇ ਸੰਬੋਧਨ ਕੀਤਾ।