ਹੁਣ 3 ਜਨਵਰੀ ਨੂੰ ਹੰਡਿਆਇਆ ‘ਚ ਹੋਣ ਵਾਲੀ ਰੈਲੀ ਹੋਵੇਗੀ ਭਦੌੜ- ਜਗਤਾਰ ਸਿੰਘ ਧਨੌਲਾ
ਕਾਲਾ ਢਿੱਲੋਂ ਨੇ ਕਿਹਾ, ਮੈਨੂੰ ਰੈਲੀ ਦਾ ਸਮਾਂ ਸਿੱਧੂ ਸਾਬ੍ਹ ਨੇ ਖੁਦ ਬੁਲਾ ਕੇ ਦਿੱਤਾ ਸੀ, ਹੁਣ ਰੈਲੀ ਰੱਦ ਹੋਣ ਦਾ ਕੋਈ ਮੈਸਜ ਹਾਲੇ ਤੱਕ ਨਹੀਂ ਮਿਲਿਆ
3 ਜਨਵਰੀ ਨੂੰ ਭਦੌੜ ਤੇ 6 ਜਨਵਰੀ ਨੂੰ ਬਰਨਾਲਾ ਪਹੁੰਚਣਗੇ ਨਵਜੋਤ ਸਿੱਧੂ
ਕਿਤੇ ਖੁਸ਼ੀ, ਕਿਤੇ ਗਮ – ਰੈਲੀ ਰੱਦ ਹੋਣ ਨਾਲ ਕਾਲਾ ਢਿੱਲੋਂ ਧੜੇ ਨੂੰ ਵੱਡਾ ਝਟਕਾ, ਕੇਵਲ ਢਿੱਲੋਂ ਧੜੇ ਦੀਆਂ ਪੌਂ ਬਾਰਾਂ
ਹਰਿੰਦਰ ਨਿੱਕਾ , ਬਰਨਾਲਾ 31 ਦਸੰਬਰ 2021
ਬੇਸ਼ੱਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ , ਸੂਬੇ ਦੇ ਵੱਖ ਵੱਖ ਹਲਕਿਆਂ ਵਿੱਚ ਤਾਂਬੜਤੋੜ ਰੈਲੀਆਂ ਕਰਕੇ,ਪਾਰਟੀ ਨੂੰ ਮਜਬੂਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰੰਤੂ ਬਰਨਾਲਾ ਜਿਲ੍ਹੇ ਅੰਦਰ ਨਵਜੋਤ ਸਿੰਘ ਸਿੱਧੂ ਦੀ 3 ਜਨਵਰੀ ਨੂੰ ਹੋਣ ਵਾਲੀ ਪ੍ਰਸਤਾਵਿਤ ਰਾਜਸੀ ਰੈਲੀ ਨੂੰ ਕਾਂਗਰਸੀ ਧੜੇਬੰਦੀ ਦਾ ਗ੍ਰਹਿਣ ਲੱਗ ਗਿਆ ਹੈ। ਹਲਕੇ ਤੋਂ ਕਾਂਗਰਸੀ ਟਿਕਟ ਦੇ ਮਜਬੂਤ ਦਾਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੱਲੋਂ ਹੰਡਿਆਇਆ ਦੀ ਅਨਾਜ਼ ਮੰਡੀ ਵਿਖੇ 3 ਜਨਵਰੀ ਨੂੰ ਰੱਖੀ ਗਈ ਬਰਨਾਲਾ ਤੇ ਭਦੌੜ ਹਲਕਿਆਂ ਦੀ ਸਾਂਝੀ ਰੈਲੀ, ਅੱਜ ਅਚਾਣਕ ਰੱਦ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਕਾਂਗਰਸ ਦੇ ਕਾਰਜਕਾਰੀ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਧਨੌਲਾ ਨੇ ਦਿੱਤੀ ਹੈ। ਉਨਾਂ ਕਿਹਾ ਕਿ ਹੁਣ 3 ਜਨਵਰੀ ਦੀ ਰੈਲੀ ਭਦੌੜ ਵਿਖੇ ਹੀ ਹੋਵੇਗੀ। ਉੱਧਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ, ਮੈਨੂੰ 3 ਜਨਵਰੀ ਦੀ ਰੈਲੀ ਦਾ ਸਮਾਂ ਨਵਜੋਤ ਸਿੰਘ ਸਿੱਧੂ ਸਾਬ੍ਹ ਨੇ ਖੁਦ ਬੁਲਾ ਕੇ ਦਿੱਤਾ ਸੀ। ਪਰੰਤੂ ਹੁਣ ਉਕਤ ਰੈਲੀ ਰੱਦ ਹੋਣ ਦਾ ਕੋਈ ਮੈਸਜ ਹਾਲੇ ਤੱਕ ਨਹੀਂ ਮਿਲਿਆ ਹੈ। ਉਨਾਂ ਕਿਹਾ ਕਿ ਸਾਡੇ ਵੱਲੋਂ ਰੈਲੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਉਨਾਂ ਕਿਹਾ ਕਿ ਜਿੰਨ੍ਹੀਂ ਦੇਰ ਤੱਕ ਸਾਨੂੰ ਰੈਲੀ ਰੱਦ ਹੋਣ ਦਾ ਸੁਨੇਹਾ ਨਹੀਂ ਪਹੁੰਚਦਾ,ਉਨੀਂ ਦੇਰ ਤੱਕ ਸਾਡੀ ਤਿਆਰੀ, ਜਾਰੀ ਰਹੇਗੀ।
ਰੈਲੀ ਦੀ ਤਾਰੀਖ, ਥਾਂ ਤੇ ਅਗਵਾਈ ਬਦਲੀ
ਜਦੋਂਕਿ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਨਵਜੋਤ ਸਿੰਘ ਸਿੱਧੂ ਦੀ ਬਰਨਾਲਾ ਹਲਕੇ ਦੀ ਰੈਲੀ 6 ਜਨਵਰੀ ਨੂੰ ਬਰਨਾਲਾ ਦੇ ਫਰਵਾਹੀ ਬਜ਼ਾਰ ਵਿੱਚ ਹੋਵੇਗੀ । ਰੈਲੀ ਦੀ ਤਾਰੀਖ, ਥਾਂ ਅਤੇ ਆਗੂ ਦੀ ਅਗਵਾਈ ਬਦਲ ਜਾਣ ਨਾਲ ਕਾਲਾ ਢਿੱਲੋਂ ਧੜੇ ਨੂੰ ਵੱਡਾ ਝਟਕਾ ਤਾਂ ਲੱਗਿਆ ਹੀ ਹੈ, ਨਾਲ ਹੀ ਰੈਲੀ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਦੀਆਂ ਬੜ੍ਹਕਾਂ ਮਾਰ ਰਹੇ ਆਗੂਆਂ ਨੂੰ ਨਮੋਸ਼ੀ ਵੀ ਝੱਲਣੀ ਪੈ ਰਹੀ ਹੈ। ਜਦੋਂਕਿ ਕੇਵਲ ਸਿੰਘ ਢਿੱਲੋਂ ਦੀਆਂ ਪੌਂ ਬਾਰਾਂ ਹੋ ਗਈਆਂ ਹਨ ਅਤੇ ਕੇਵਲ ਢਿੱਲੋਂ ਧੜੇ ਦੇ ਆਗੂਆਂ ਕੁੱਝ ਦਿਨ ਤੋਂ ਵਿਰੋਧੀ ਧੜੇ ਨੂੰ ਰੈਲੀ ਮਿਲ ਜਾਣ ਕਾਰਣ ਨਿਰਾਸ਼ ਹੋਏ ਚਿਹਰਿਆਂ ਤੇ ਫਿਰ ਤੋਂ ਰੌਣਕਾਂ ਪਰਤ ਆਈਆਂ ਹਨ । ਚੋਣਾਂ ਦੇ ਐਨ ਮੌਕੇ ਤੇ ਕਾਂਗਰਸੀਆਂ ਵਿੱਚ ਪੈਦਾ ਹੋ ਰਹੀ ਕੁੜੱਤਣ ਆਉਣ ਵਾਲੇ ਦਿਨਾਂ ਅੰਦਰ ਕੀ ਗੁਲ ਖਿੰਡਾਏਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,ਪਰੰਤੂ ਇੱਕ ਗੱਲ ਸਾਫ ਹੈ ਕਿ ਪਾਰਟੀ ਦੀ ਧੜੇਬੰਦੀ ਦਾ ਚੋਣ ਨਤੀਜਿਆਂ ਤੇ ਬੁਰਾ ਪ੍ਰਭਾਵ ਜਰੂਰ ਪਵੇਗਾ ।