ਮਾਸਟਰ ਲਛਮਣ ਸਿੰਘ ਸਹੋਤਾ ਤੇ ਉਨਾਂ ਦੇ ਹੋਰ ਸਾਥੀਆਂ ਖਿਲਾਫ ਇਰਾਦਾ ਕਤਲ ਦਾ ਪਰਚਾ ਵੀ ਦਰਜ਼
S H O ਸ਼ਹਿਣਾ ਦੇ ਬਿਆਨ ਤੇ ਤਪਾ ਥਾਣੇ ਵਿੱਚ ਦਰਜ਼ ਕੀਤਾ ਗਿਆ ਇੱਕ ਹੋਰ ਕੇਸ
ਹਰਿੰਦਰ ਨਿੱਕਾ , ਬਰਨਾਲਾ 31 ਦਸੰਬਰ 2021
ਸ੍ਰੋਮਣੀ ਜਰਨੈਲ “ ਸ਼ਹੀਦ ਬਾਬਾ ਜੀਵਨ ਸਿੰਘ ” ਜੀ ਦੀ ਯਾਦ ‘ਚ ਤਹਿਸੀਲ ਕੰਪਲੈਕਸ ਤਪਾ ਨੇੜੇ ਗੁਰੂਦੁਆਰਾ ਸਾਹਿਬ ਬਣਾਉਣ ਦਾ ਯਤਨ ਕਰਨ ਵਾਲੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਪੁਲਿਸ ਨੇ ਸਖਤੀ ਦਾ ਸਬਕ ਸਿਖਾਉਣ ਅਤੇ ਤਣਾਅਪੂਰਣ ਹਾਲਤ ਨੂੰ ਸ਼ਾਂਤ ਕਰਨ ਲਈ 2 ਦਿਨ ਅੰਦਰ ਇੱਕੋ ਹੀ ਥਾਣੇ ਵਿੱਚ 2 ਵੱਖ ਵੱਖ ਕੇਸ ਦਰਜ਼ ਕਰ ਦਿੱਤੇ ਹਨ। ਪਹਿਲੀ ਐਫ.ਆਈ.ਆਰ 29 ਦਸੰਬਰ ਨੂੰ ਥਾਣਾ ਤਪਾ ਦੇ ਐਸ.ਐਚ.ਉ. ਗੁਰਲਾਲ ਸਿੰਘ ਦੇ ਬਿਆਨ ਪਰ, ਜਦੋਂਕਿ ਦੂਜੀ ਐਫ.ਆਈ.ਆਰ 30 ਦਸੰਬਰ ਨੂੰ ਥਾਣਾ ਸ਼ਹਿਣਾ ਦੇ ਐਸ.ਐਚ.ਉ. ਦੇ ਬਿਆਨ ਪਰ ਦਰਜ਼ ਕੀਤੀ ਗਈ ਹੈ। ਦੋਵੇਂ ਹੀ ਕੇਸਾਂ ਵਿੱਚ 50/60 ਔਰਤਾਂ ਸਣੇ ਕੁੱਲ 165 ਜਣਿਆਂ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ ਹੈ। ਦੋਵਾਂ ਕੇਸਾਂ ਦੀ ਸਮਾਨਤਾ ਇਹ ਵੀ ਹੈ ਕਿ ਦੋਵਾਂ ਕੇਸਾਂ ਵਿੱਚ ਹੀ ਮੁੱਖ ਦੋਸ਼ੀ ਮਾਸਟਰ ਲਛਮਣ ਸਿੰਘ ਸਹੋਤਾ ਨੂੰ ਰੱਖਿਆ ਗਿਆ ਹੈ।
ਮੁਕੱਦਮਾ ਨੰਬਰ 134 , ਤਾਰੀਖ 30 ਦਸੰਬਰ
ਥਾਣਾ ਸ਼ਹਿਣਾ ਦੇ ਐਸ.ਐਚ.ਉ. ਲਖਵਿੰਦਰ ਸਿੰਘ ਦੇ ਬਿਆਨ ਪਰ ਦਰਜ਼ ਮੁਕੱਦਮਾ ਨੰਬਰ 134 ਮਿਤੀ 30-12-21 ਅ/ਧ 307,353,186, 427,148,149 ਹਿੰ.ਦੰ. ਥਾਣਾ ਤਪਾ ਵਿੱਚ ਮਾਸਟਰ ਲਛਮਣ ਸਿੰਘ ਸਹੋਤਾ .ਕਾਲੀ .ਜੱਗੀ .ਸੱਤ ਡਕੌਤਾ ਦਾ ਮੁੰਡਾ .ਕ੍ਰਿਸਨ ਡਰਾਇਵਰ ਦਾ ਮੁੰਡਾ .ਨੈਬ ਡਰਾਇਵਰ ਦਾ ਮੁੰਡਾ .ਚਰਨੇ ਦਾ ਦੋਹਤਾ ਗੁਲਾਬ ਸਿੰਘ ਦੋਸ਼ੀ ਨਾਮਜ਼ਦ ਕੀਤੇ ਗਏ ਹਨ, ਜਦੋਂਕਿ ਕਰੀਬ 100 ਨਾਮਾਲੂਮ ਨੌਜਵਾਨ ਅਤੇ 50/60 ਅਣਪਛਾਤੀਆਂ ਔਰਤਾਂ ਸ਼ਾਮਿਲ ਹਨ। ਥਾਣੇਦਾਰ ਲਖਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਲਿਖਵਾਇਆ ਹੈ ਕਿ ਮਿਤੀ 29-12-2021 ਨੂੰ ਉਹ ਲਾਅ ਐਡ ਆਰਡਰ ਡਿਊਟੀ ਸਬੰਧੀ ਮਾਨਯੋਗ ਅਫਸਰਾਂ ਦੇ ਹੁਕਮਾ ਅਨੁਸਾਰ ਥਾਣਾ ਤਪਾ ਰਵਾਨਾ ਸੀ, ਤਾਂ ਜਦੋ ਉਹ ਸਮੇਤ ਪੁਲਿਸ ਪਾਰਟੀ ਦੇ ਸਰਕਾਰੀ ਗੱਡੀ ‘ਚ ਸਵਾਰ ਹੋ ਕੇ ਪੀਰਖਾਨੇ ਦੇ ਬੈਕਸਾਈਡ ਵਾਲੀ ਗਲੀ ਹੁੰਦਾ ਹੋਇਆ ਤਹਿਸੀਲ ਕੰਪਲੈਕਸ ਤਪਾ ਵੱਲ ਜਾ ਰਹੇ ਸੀ। ਜਦੋਂ ਪੁਲਿਸ ਪਾਰਟੀ ਚੁਰੱਸਤੇ ਵਿੱਚ ਪੁੱਜੀ ਤਾਂ ਸਾਡੀ ਸਰਕਾਰੀ ਗੱਡੀ ਨੂੰ ਵੇਖ ਕੇ ਤਹਿਸੀਲ ਕੰਪਲੈਕਸ ਦੇ ਗੇਟ ਦੇ ਸਾਹਮਣੇ ਖੜੀ ਭੀੜ ਜਿਸ ਵਿੱਚ ਕਰੀਬ 100 ਨੌਜਵਾਨ ਅਤੇ 50/60 ਔਰਤਾ ਸਨ । ਉਕਤ ਸਾਰਿਆ ਕੋਲ ਹੀ ਡਾਗਾਂ ਸੋਟੀਆ,ਬੇਸਵਾਲ, ਕਿਰਪਾਨਾਂ,ਬਰਛੇ ,ਗੰਡਾਸੇ ਅਤੇ ਹੋਰ ਵੀ ਮਾਰੂ ਹਥਿਆਰ ਸਨ।
ਪੁਲਿਸ ਨੂੰ ਦੇਖ ਕੇ ਮਾਰੇ ਲਲਕਾਰੇ,,,,
ਮੁਦਈ ਅਨੁਸਾਰ ਉਕਤ ਭੀੜ ‘ਚ ਸ਼ਾਮਿਲ ਵਿਅਕਤੀ ਪੁਲਿਸ ਪਾਰਟੀ ਦੀ ਗੱਡੀ ਨੂੰ ਵੇਖ ਕੇ ਇੱਕ-ਦਮ ਤੈਸ਼ ਵਿੱਚ ਆ ਗਏ ਅਤੇ ਲਲਕਾਰੇ ਮਾਰਨ ਲੱਗੇ, ਜਿੰਨਾ ਵਿੱਚ ਇੱਕ ਵਿਅਕਤੀ ਮਾਸਟਰ ਲਛਮਣ ਸਿੰਘ ਸਹੋਤਾ ਜਿਸ ਨੂੰ ਥਾਣੇ:ਲਖਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਹਿਣਾ ਜਾਣਦਾ ਹੈ, ਇੰਨਾ ਪਾਸ ਖੜਾ ਸੀ ਅਤੇ ਉਕਤ ਹਥਿਆਰਾਂ ਨਾਲ ਲੈਸ ਭੀੜ ਨੂੰ ਉਚੀ 2 ਕਹਿ ਰਿਹਾ ਸੀ ਕਿ ਕਿਸੇ ਵੀ ਪੁਲਿਸ ਵਾਲੇ ਨੂੰ ਅੱਜ ਸੁੱਕਾ ਨਹੀ ਜਾਣ ਦੇਣਾ, ਜੋ ਭੀੜ ਉਸ ਦੇ ਕਹਿਣ ਮੁਤਾਬਿਕ ਲਲਕਾਰੇ ਮਾਰਦੀ ਹੋਈ ਸਾਡੇ ਵੱਲ ਦੌੜਨ ਲੱਗੀ । ਇਹ ਸਾਡੇ ਵੱਲ ਦੌੜਦੀ ਹੋਈ ਭੀੜ ‘ਚ ਇੱਕ ਗੰਡਾਸੀ ਵਾਲੇ ਵਿਅਕਤੀ ਨੂੰ ਕਾਲੀ, ਕੁਹਾੜੀ ਵਾਲੇ ਨੂੰ ਜੱਗੀ ਨਾਮ ਨਾਲ ਪੁਕਾਰ ਰਹੀ ਸੀ ਤੇ ਕਹਿ ਰਹੇ ਸੀ ਕਿ ਤੁਸੀ ਗੱਡੀ ਭੰਨ ਦੋ ਅਸੀਂ ਬਾਕੀ ਪੁਲਿਸ ਵਾਲਿਆ ਨੂੰ ਦੇਖ ਦੇ ਹਾਂ ਤਾਂ ਕਾਲੀ ਨੇ ਆਪਣੇ ਹੱਥ ਵਿੱਚ ਫੜੇ ਗੰਡਾਸੇ ਅਤੇ ਜੱਗੀ ਨੇ ਆਪਣੇ ਹੱਥ ਵਿੱਚ ਫੜੀ ਕੁਹਾੜੀ ਦਾ ਵਾਰ ਮਾਰ ਦੇਣ ਦੀ ਨੀਯਤ ਨਾਲ ਸਰਕਾਰੀ ਗੱਡੀ ਦੇ ਅਗਲੇ ਸੀਸੇ ਪਰ ਵਾਰ ਕੀਤਾ । ਮੁਦਈ ਨੇ ਸਰਕਾਰੀ ਗੱਡੀ ਛੱਡ ਕੇ ਮੌਕਾ ਤੋ ਭੱਜ ਕੇ ਆਪਣੀ ਅਤੇ ਆਪਣੀ ਪੁਲਿਸ ਪਾਰਟੀ ਦੀ ਜਾਨ ਬਚਾਈ । ਬਾਅਦ ਵਿੱਚ ਉਨ੍ਹਾਂ ਆਸ-ਪਾਸ ਤੋ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜਾਨਲੇਵਾ ਹਮਲਾ ਕਰਨ ਅਤੇ ਸਰਕਾਰੀ ਗੱਡੀ ਨੰਬਰੀ ਪੀ.ਬੀ.-13ਬੀ.ਏ.-1832 ਦਾ ਨੁਕਸਾਨ ਕਰਨ ਵਾਲੇ ਨਾਮਲੂਮ ਵਿਅਕਤੀਆ ਵਿੱਚ ਸੱਤ ਡਕੌਤਾ ਦਾ ਮੁੰਡਾ, ਕ੍ਰਿਸਨ ਡਰਾਇਵਰ ਦਾ ਮੁੰਡਾ, ਨੈਬ ਡਰਾਇਵਰ ਦਾ ਮੁੰਡਾ ਅਤੇ ਚਰਨੇ ਦਾ ਦੋਹਤਾ, ਗੁਲਾਬ ਸਿੰਘ ਆਦਿ ਤੇ ਇੰਨਾਂ ਤੋ ਇਲਾਵਾ 100 ਨੌਜਵਾਨਾਂ ਤੇ 50/60 ਔਰਤਾਂ ਦੀ ਭੀੜ ਵੀ ਸਾਮਲ ਸੀ । ਉਕਤ ਸਾਰੇ ਜਣਿਆਂ ਵੱਲੋ ਪੁਲਿਸ ਪਾਰਟੀ ਪਰ ਜਾਨਲੇਵਾ ਹਮਲਾ ਕੀਤਾ ਹੈ, ਡਿਊਟੀ ਵਿੱਚ ਵਿਘਨ ਪਾਇਆ ਹੈ ਅਤੇ ਸਾਡੀ ਸਰਕਾਰੀ ਗੱਡੀ ਪੀ.ਬੀ.-13 ਬੀ.ਏ.-1832 ਦਾ ਨੁਕਸਾਨ ਕੀਤਾ ਹੈ।
ਮੁਕੱਦਮਾ ਨੰਬਰ 133 , ਤਾਰੀਖ 29 ਦਸੰਬਰ
ਵਰਨਣਯੋਗ ਹੈ ਕਿ ਗੁਰਲਾਲ ਸਿੰਘ ਐਸਐਚਉ ਤਪਾ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਪਰ ਪੁਲਿਸ ਨੇ ਮਾਸਟਰ ਲਛਮਣ ਸਿੰਘ ਸਹੋਤਾ, ਗੁਰਪ੍ਰੀਤ ਸਿੰਘ ਤਪਾ ,ਸੁਖਵਿੰਦਰ ਸਿੰਘ ,.ਮੱਖਣ ਸਿੰਘ ਅਤੇ ਗੁਰਮੁਖ ਸਿੰਘ ਵਾਸੀਆਨ ਤਪਾ ਅਤੇ ਕਰੀਬ 100 ਤੋਂ ਵੱਧ ਅਣਪਛਾਤੇ ਪੁਰਸ਼ਾਂ ਅਤੇ 50-60 ਨਾਮਾਲੂਮ ਔਰਤਾਂ ਦੇ ਖਿਲਾਫ ਮੁਕੱਦਮਾ ਨੰਬਰ 133 ,ਅਧੀਨ ਜੁਰਮ 333 ,354,353 ,186,148,149 ਹਿੰ.ਦੰ. 25/54/59 ਅਸਲਾ ਐਕਟ ਥਾਣਾ ਤਪਾ ਦਰਜ਼ ਕੀਤਾ ਗਿਆ ਹੈ। ਇਸ ਕੇਸ ਵਿੱਚ ਐਸਐਚਉ ਗੁਰਲਾਲ ਸਿੰਘ ਜਖਮੀ ਹੋਇਆ ਹੈ ਅਤੇ ਮਹਿਲਾ ਸਿਪਾਹੀ ਸੁਪ੍ਰੀਤ ਕੌਰ ਨੂੰ ਫੜ੍ਹ ਕੇ ਖਿੱਚਧੂਹ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਵਿਘਨ ਪਾਉਣ ਅਤੇ ਸਰਕਾਰੀ ਗੱਡੀ ਦੀ ਭੱਨਤੋੜ ਕਰਨ ਦਾ ਦਾ ਜਿਕਰ ਹੈ।