ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ 25 ਸਤੰਬਰ ਨੂੰ : ਰਾਜ ਕੁਮਾਰ ਅਰੋੜਾ
ਸੰਸਥਾ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਦੇ ਸਤਿਕਾਰ ਨੂੰ ਸਮਰਪਿਤ ਹੈ: ਰਵਿੰਦਰ ਗੁੱਡੂ
ਹਰਪ੍ਰੀਤ ਕੌਰ ਬਬਲੀ , ਸੰਗਰੂਰ 23 ਸਤੰਬਰ 2021
ਵੱਖ ਵੱਖ ਸਰਕਾਰੀ, ਅਰਧ ਸਰਕਾਰੀ ਵਿਭਾਗਾਂ ਵਿੱਚੋਂ ਸ਼ਾਨਦਾਰ ਸੇਵਾਵਾਂ ਕਰਕੇ ਸੇਵਾ ਮੁਕਤ ਹੋਏ ਅਧਿਕਾਰੀ ਅਤੇ ਕਰਮਚਾਰੀ ਅਤੇ ਨਾਲ ਹੀ ਸਮਾਜ ਸੇਵਾ ਦਾ ਜ਼ਜਬਾ ਰੱਖਣ ਵਾਲੀਆਂ ਸ਼ਫ਼ਸ਼ੀਅਤਾਂ ਨੂੰ ਇੱਕ ਸਮਾਗਮ ਦੌਰਾਨ ਸੰਬੋਧਨ ਕਰਦੇ ਹੋਏ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਸਮਾਜ ਸੇਵਾ, ਲੋਕ ਭਲਾਈ, ਬਜ਼ੁਰਗਾਂ ਅਤੇ ਪੈਨਸ਼ਨਰਾਂ ਦੇ ਸਤਿਕਾਰ ਨੂੰ ਸਮਰਪਿਤ ਸਟੇਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਐਮ.ਐਂਡ.ਏ.) ਜੋ ਕਿ ਪਿਛਲੇ 10 ਸਾਲਾਂ ਤੋਂ ਲੋਕ ਭਲਾਈ, ਧਾਰਮਿਕ, ਸਮਾਜਿਕ ਅਤੇ ਨਰੋਈ, ਤੰਦਰੁਸਤ ਸਿਹਤ ਅਤੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੰਮ ਕਰਦੀ ਆ ਰਹੀ ਹੈ।
ਹੁਣ ਕੁੱਝ ਕਾਰਨਾਂ ਕਰਕੇ ਅਤੇ ਪੈਨਸ਼ਨਰਾਂ ਦੀ ਏਕਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਲਈ ਇਸ ਸੰਸਥਾ ਦਾ ਨਾਮ ਬਦਲ ਕੇ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ (ਸਟੇਟ ਸਮਾਜ ਭਲਾਈ ਸੰਸਥਾ) ਰੱਖਣ ਲਈ ਸਮੂਹ ਅਹੁੱਦੇਦਾਰਾਂ ਅਤੇ ਮੈਂਬਰਾਂ ਪਾਸੋਂ ਸਹਿਮਤੀ ਲਈ ਗਈ ਹੈ। ਹੁਣ ਅੱਗੇ ਤੋਂ ਇਸ ਸੰਸਥਾ ਦੇ ਨਾਂ ਤੇ ਸਮਾਜਿਕ, ਧਾਰਮਿਕ, ਲੋਕ ਭਲਾਈ, ਬਜ਼ੁਰਗਾਂ ਦੇ ਸਤਿਕਾਰ ਸਮੇਂ ਸਮੇਂ ਤੇ ਮੈਡੀਕਲ ਕੈਂਪ, ਲੋੜਵੰਦ ਬੱਚਿਆਂ ਦੀ ਪੜ੍ਹਾਈ ਲਈ ਲੋੜੀਂਦੀ ਮਦਦ ਕੀਤੀ ਜਾਇਆ ਕਰੇਗੀ।
ਇਹ ਸੰਸਥਾ ਸਾਰੇ ਧਰਮਾਂ ਦਾ ਸਨਮਾਨ ਕਰਦੇ ਹੋਏ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਰਹੇਗੀ। ਇਸ ਸੰਸਥਾ ਵੱਲੋਂ ਪਹਿਲਾਂ ਵਾਂਗ ਹੀ ਧਾਰਮਿਕ, ਸਮਾਜਿਕ, ਲੋਕ ਭਲਾਈ ਦੇ ਕੰਮ ਨਿਰੰਤਰ ਜਾਰੀ ਰਹਿਣਗੇ। ਸੰਸਥਾ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ ਪ੍ਰਸ਼ਾਸ਼ਨ, ਸਿਹਤ ਵਿਭਾਗ ਅਤੇ ਵੱਖ ਵੱਖ ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਨਾਲ ਤਾਲਮੇਲ ਕਰਕੇ ਆਪਣਾ ਬਣਦਾ ਯੋਗਦਾਨ ਪਾਵੇਗੀ। ਸੰਸਥਾ ਵੱਲੋਂ ਪਹਿਲਾਂ ਵੀ ਬਿਰਧ ਆਸ਼ਰਮ, ਪਿੰਗਲਵਾੜਾ, ਜਿਲ੍ਹਾ ਰੈਡ ਕਰਾਸ ਵੱਲੋਂ ਚਲਾਈ ਜਾ ਰਹੀ ਸਾਂਝੀ ਰਸੋਈ ਲਈ ਆਪਣਾ ਯੋਗਦਾਨ ਪਾ ਰਹੀ ਹੈ ਅਤੇ ਜੋ ਸ਼ਖ਼ਸ਼ੀਅਤਾਂ ਨੇ ਸੰਗਰੂਰ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਸੰਸਥਾ ਦੀ ਬਣਤਰ ਅਤੇ ਸਨਮਾਨ ਸਮਾਰੋਹ, ਸੱਭਿਆਚਾਰਕ ਸਮਾਗਮ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ 25 ਸਤੰਬਰ ਦਿਨ ਸ਼ਨਿਚਰਵਾਰ ਨੂੰ ਸਵੇਰੇ 10-30 ਵਜੇ ਜ਼ਿਲ੍ਹਾ ਪੈਨਸ਼ਨਰ ਭਵਨ, ਤਹਿਸੀਲ ਕੰਪਲੈਕਸ ਵਿਖੇ ਹੋਵੇਗਾ।
ਇਸ ਮੌਕੇ ਤੇ ਸ਼੍ਰੀ ਰਵਿੰਦਰ ਸਿੰਘ ਗੁੱਡੂ, ਜਸਵੀਰ ਸਿੰਘ ਖਾਲਸਾ, ਕਮਲਜੀਤ ਸਿੰਘ, ਜਨਕ ਰਾਜ ਜੋਸ਼ੀ, ਕਿਸ਼ੋਰੀ ਲਾਲ, ਰਜਿੰਦਰ ਸਿੰਘ ਚੰਗਾਲ, ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਸੁਰਿੰਦਰ ਸਿੰਘ ਸੋਢੀ, ਪਵਨ ਕੁਮਾਰ ਸ਼ਰਮਾ, ਸੁਰਿੰਦਰ ਸ਼ਰਮਾ, ਤਿਲਕ ਰਾਜ ਸਤੀਜਾ, ਅਸ਼ੋਕ ਡੱਲਾ, ਜਸਵੰਤ ਸਿੰਘ, ਸ਼ਿੰਦਰਪਾਲ ਅਸ਼ਟਾ, ਮਹੇਸ਼ ਜੌਹਰ, ਰਾਕੇਸ਼ ਸ਼ਰਮਾ, ਭੂਸ਼ਨ ਕੁਮਾਰ, ਰਾਕੇਸ਼ ਗੁਪਤਾ, ਬਲਦੇਵ ਸਿੰਘ ਰਤਨ, ਵੇਦ ਸੱਚਦੇਵਾ, ਮੰਗਤ ਰਾਜ ਸਖੀਜਾ ਆਦਿ ਹਾਜ਼ਰ ਸਨ।