ਮੁਸਲਿਮ ਆਗੂਆਂ ਨੇ ਕਿਹਾ, ਨਾ ਫਰੋਲੋ ਸਾਡੇ ਪੂਰਵਜਾਂ ਦੀਆਂ ਕਬਰਾਂ, ਨਾਅਰੇਬਾਜੀ, ਪ੍ਰਸ਼ਾਸ਼ਨ ਨੇ ਰੁਕਵਾਇਆ ਮਿੱਟੀ ਪੁੱਟਣ ਦਾ ਕੰਮ
ਖੇਤ ਦੀ ਜਮੀਨ ਪੱਧਰ ਕਰਦਿਆਂ ਮਿਲੇ ਮਨੁੱਖੀ ਪਿੰਜਰ ਤੇ ਦੱਬੇ ਹੋਏ ਮਿੱਟੀ ਦੇ ਘੜੇ
ਮੁਸਲਿਮ ਆਗੂ ਬੋਲੇ, ਖੁਦਾਈ ਵਾਲੀ ਥਾਂ ਤੇ ਹੈ ਪੁਰਾਣਾ ਕਬਰਸਤਾਨ
ਗੁਰਸੇਵਕ ਸਹੋਤਾ , ਮਹਿਲ ਕਲਾਂ 23 ਸਤੰਬਰ 2021
ਬਲਾਕ ਮਹਿਲ ਕਲਾਂ ਦੇ ਪਿੰਡ ਰਾਏਸਰ ਵਿਖੇ ਵਕਫ ਬੋਰਡ ਵੱਲੋਂ ਇੱਕ ਜਿਮੀਂਦਾਰ ਨੂੰ ਪਟੇ ਤੇ ਦਿੱਤੀ ਜਮੀਨ ਚੋਂ ਮਨੁੱਖੀ ਹੱਡੀਆਂ ਨਿਕਲਣ ਤੋਂ ਬਾਅਦ ਇਲਾਕੇ ਦੇ ਮੁਸਲਿਮ ਭਾਈਚਾਰੇ ਅੰਦਰ ਭਾਰੀ ਰੋਹ ਫੈਲ ਗਿਆ। ਮੌਕੇ ਤੇ ਇਕੱਠੇ ਹੋਏ ਮੁਸਲਿਮ ਆਗੂਆਂ ਨੇ ਵਕਫ ਬੋਰਡ ਦੇ ਪ੍ਰਬੰਧਕਾਂ ਖਿਲਾਫ ਜ਼ੋਰਦਾਰ ਨਾਅਰੇਬਾਜੀ ਕੀਤੀ। ਮਾਹੌਲ ਤਣਾਅਪੂਰਣ ਹੁੰਦਿਆਂ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਜਿਮੀਂਦਾਰ ਨੂੰ ਜਮੀਨ ਦੀ ਖੁਦਾਈ ਕਰਨ ਤੋਂ ਰੋਕ ਦਿੱਤਾ। ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਦਾਅਵਾ ਕੀਤਾ ਕਿ ਵਕਫ ਬੋਰਡ ਦੁਆਰਾ ਪਟੇ ਤੇ ਦਿੱਤੀ ਜਮੀਨ ਵਾਲੀ ਜਗ੍ਹਾ ਤੇ ਪੁਰਾਣਾ ਕਬਰਸਤਾਨ ਹੈ। ਪ੍ਰਾਪਤ ਜਾਣਕਾਰੀ ਮੁਤਾਬਿਕ ਵਕਫ ਬੋਰਡ ਵੱਲੋਂ ਪਿੰਡ ਰਾਏਸਰ ਦੇ ਹੀ ਇਕ ਕਿਸਾਨ ਸੁਖਦੇਵ ਸਿੰਘ ਸੁੱਖਾ ਨੂੰ ਵਕਫ ਬੋਰਡ ਦੀ ਮਾਲਿਕੀ ਦੀ ਕੁੱਝ ਜਮੀਨ ਪਟੇ ਉੱਤੇ ਦਿੱਤੀ ਹੋਈ ਹੈ । ਇਸ ਜਗ੍ਹਾ ਤੇ ਜਦੋਂ ਸੁਖਦੇਵ ਸਿੰਘ ਮਿੱਟੀ ਦੀ ਪੁਟਾਈ ਕਰ ਰਿਹਾ ਸੀ ਤਾਂ ਉੱਥੋਂ ਮਨੁੱਖੀ ਹੱਡੀਆਂ ਦੇ ਟੁਕੜੇ ਨਿਕਲਣੇ ਸ਼ੁਰੂ ਹੋ ਗਏ । ਇਸ ਦੀ ਭਿਣਕ ਪੈਂਦਿਆਂ ਹੀ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਹੋ ਕੇ ਜਿਮੀਂਦਾਰ ਨੂੰ ਕਬਰਾਂ ਨਾ ਪੁੱਟਣ ਲਈ ਕਿਹਾ। ਇਸ ਮੌਕੇ ਤੇ ਪਹੁੰਚੇ ਮੁਸਲਿਮ ਫਰੰਟ ਪੰਜਾਬ ਦੇ ਆਗੂ ਹਮੀਦ ਮੁਹੰਮਦ ,ਮੁਹੰਮਦ ਹੰਸ, ਮੋਹਰ ਸ਼ਾਹ ਰਾਏਸਰ,ਕਾਕਾ ਰਾਏਸਰ, ਪਾਲਾ ਖਾਂ, ਯੂਸਫ ਖਾਨ, ਮੁਹੰਮਦ ਚੰਨਣਵਾਲ,ਅਕਬਰ ਖਾਨ, ਭੋਲਾ ਖਾਨ, ਲਾਲੀ ਖਾਨ, ਦਿਲਵਰ ਖਾਨ ਅਤੇ ਜਗਮੋਹਣ ਸ਼ਾਹ ਰਾਏਸਰ ਨੇ ਕਿਹਾ ਕਿ ਇਸ ਜ਼ਮੀਨ ਉੱਤੇ ਭਾਰਤ/ਪਾਕਿ ਵੰਡ ਤੋਂ ਪਹਿਲਾਂ ਮੁਸਲਮਾਨ ਭਾਈਚਾਰੇ ਦਾ ਕਬਰਸਤਾਨ ਸੀ, ਜਿੱਥੇ ਉਹ ਮ੍ਰਿਤਕ ਲਾਸ਼ਾਂ ਨੂੰ ਦਫ਼ਨਾਉਂਦੇ ਸਨ। ਹੁਣ ਇਸ ਦੀ ਤਸਦੀਕ ਜਮੀਨ ਵਿੱਚੋਂ ਉਨ੍ਹਾਂ ਦੇ ਪੂਰਵਜਾਂ ਦੀਆਂ ਮ੍ਰਿਤਕ ਦੇਹਾਂ ਦੇ ਪਿੰਜਰ ਤੋਂ ਵੀ ਹੋ ਚੁੱਕੀ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਆਗੂਆਂ ਨੇ ਕਿਹਾ ਕਿ ਵਕਫ਼ ਬੋਰਡ ਵੱਲੋਂ ਸਥਾਨਕ ਮੁਸਲਮਾਨ ਭਾਈਚਾਰੇ ਦੀ ਸਹਿਮਤੀ ਤੋਂ ਬਿਨਾਂ ਹੀ ਇਸ ਜ਼ਮੀਨ ਨੂੰ ਪਟੇ ਉੱਤੇ ਦੇ ਦਿੱਤਾ ਗਿਆ ਹੈ। ਉਨ੍ਹਾਂ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਜਿਮੀਂਦਾਰ ਇਸ ਥਾਂ ਤੋਂ ਮਿੱਟੀ ਪੁੱਟ ਕੇ ਵੱਖ ਵੱਖ ਥਾਵਾਂ ਉੱਤੇ ਭਰਤ ਪਾਉਣ ਲਈ ਸੁੱਟ ਰਿਹਾ ਹੈ ਜਿੱਥੇ ਉਨ੍ਹਾਂ ਦੇ ਦਫਨ ਕੀਤੀਆਂ ਦੇਹਾਂ ਦਾ ਨਿਰਾਦਰ ਹੋ ਰਿਹਾ ਹੈ। ਜਿਹੜਾ ਸ਼ਰੀਅਤ ਦੇ ਖਿਲਾਫ ਤਾਂ ਹੈ ਹੀ, ਇਸ ਤਰਾਂ ਮੁਸਲਿਮ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚ ਰਹੀ ਹੈ। ਜੋ ਨਾ-ਕਾਬਿਡ ਏ ਬਰਦਾਸ਼ਤ ਹੈ।
ਮੁਸਲਿਮ ਆਗੂਆਂ ਨੇ ਕਿਸਾਨ ਸੁਖਦੇਵ ਸਿੰਘ ਨੂੰ ਕਿਹਾ ਕਿ ਉਹ ਇਸ ਜ਼ਮੀਨ ਤੇ ਹੋਰ ਖੁਦਾਈ ਨਾ ਕਰੇ, ਉਨਾਂ ਕਿਸਾਨ ਨੂੰ ਵਿਸ਼ਵਾਸ ਦਿਵਾਇਆ ਕਿ ਪੂਰਾ ਮੁਸਲਮਾਨ ਭਾਈਚਾਰਾ ਵਕਫ ਬੋਰਡ ਵੱਲ ਗਏ ਉਸ ਦੇ ਪੈਸੇ ਵਾਪਸ ਕਰਾਉਣ ਲਈ ਸਹਿਯੋਗ ਕਰੇਗਾ। ਇਸ ਮੌਕੇ ਉਨ੍ਹਾਂ ਵਕਫ ਬੋਰਡ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਤਹਿਸੀਲਦਾਰ ਬਰਨਾਲਾ ਸੰਦੀਪ ਸਿੰਘ, ਏ.ਐਸ.ਪੀ. ਮਹਿਲ ਕਲਾਂ ਸ਼ੁਭਮ ਅਗਰਵਾਲ ਅਤੇ ਐੱਸਐੱਚਓ ਮਹਿਲ ਕਲਾਂ ਬਲਜੀਤ ਸਿੰਘ ਢਿੱਲੋਂ ਨੇ ਮੌਕੇ ਤੇ ਪਹੁੰਚ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਮੁਸਲਮਾਨ ਭਾਈਚਾਰੇ ਨੂੰ ਵਿਸ਼ਵਾਸ ਦਿਵਾਇਆ ਕਿ ਪੂਰੇ ਮਾਮਲੇ ਦੀ ਜਾਂਚ ਪਡ਼ਤਾਲ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਦੋਂ ਤਕ ਵਕਫ ਬੋਰਡ ਦਾ ਕੋਈ ਫ਼ੈਸਲਾ ਨਹੀਂ ਆ ਜਾਂਦਾ ਤਾਂ ਉਦੋਂ ਤੱਕ ਕਿਸਾਨ ਦੁਆਰਾ ਇੱਥੋਂ ਮਿੱਟੀ ਪੁੱਟਣ ਦਾ ਕੰਮ ਰੋਕ ਦਿੱਤਾ ਗਿਆ ਹੈ। ਉੱਧਰ ਦੂਜੇ ਪਾਸੇ ਜ਼ਮੀਨ ਦੀ ਵਾਹੀ ਕਰਨ ਵਾਲੇ ਕਿਸਾਨ ਸੁਖਦੇਵ ਸਿੰਘ ਸੁੱਖਾ ਨੇ ਕਿਹਾ ਕਿ ਉਹ ਇਸ ਸਥਾਨ ਤੋ ਮਿੱਟੀ ਪੁੱਟ ਕੇ ਪੱਧਰ ਕਰ ਰਿਹਾ ਸੀ ਤਾਂ ਇੱਥੇ ਹੱਡੀਆਂ ਅਤੇ ਟੁੱਟੇ ਹੋਏ ਘੜੇ ਨਿਕਲਣ ਲੱਗ ਪਏ । ਹੱਡੀਆਂ ਅਤੇ ਟੁੱਟੇ ਹੋਏ ਘੜੇ ਮਿਲਣ ਤੋਂ ਬਾਅਦ ਮੁਸਲਮਾਨ ਭਾਈਚਾਰੇ ਦੇ ਲੋਕ ਇੱਥੇ ਪੁਰਾਣੇ ਸਮਿਆਂ ਚ ਕਬਰਸਤਾਨ ਹੋਣ ਦਾ ਦਾਅਵਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਿੰਨਾਂ ਚਿਰ ਕਾਨੂੰਨੀ ਪੱਖ ਤੋਂ ਕੋਈ ਫੈਸਲਾ ਨਹੀਂ ਹੋ ਜਾਂਦਾ , ਉਦੋਂ ਤੱਕ ਉਹ ਜ਼ਮੀਨ ਤੇ ਖੁਦਾਈ ਨਹੀਂ ਕਰੇਗਾ।