ਡੀ ਜੀ ਪੀ ਪੰਜਾਬ ਵੱਲੋਂ ਸੂਬੇ ਭਰ ’ਚ ਹਾਈ ਅਲਰਟ ਜਾਰੀ ਹੋਣ ੳਪਰੰਤ ਬਠਿੰਡਾ ਪੁਲਿਸ ਨੇ ਸੁਰੱਖਿਆ ਕਵਾਇਦ ਆਰੰਭ ਦਿੱਤੀ ਹੋਈ ।
ਅਸ਼ੋਕ ਵਰਮਾ, ਬਠਿੰਡਾ, 11 ਅਗਸਤ 2021:
ਸੋਮਵਾਰ ਨੂੰ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪਿੰਡ ਡਾਲੇਕੇ ਚੋਂ ਟਿਫਨ ਬੰਬ (ਟਿਫ਼ਿਨ ਬਾਕਸ ਜਿਸ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਵਜੋਂ ਤਿਆਰ ਕੀਤਾ ਹੋਇਆ), ਪੰਜ ਹੈਂਡ ਗ੍ਰਨੇਡ ਅਤੇ 9 ਐਮਐਮ ਪਿਸਤੌਲ ਦੇ 100 ਰੌਂਦ ਬਰਾਮਦ ਹੋਣ ਤੋਂ ਬਾਅਦ ਪੰਜਾਬ ਪੁਲਿਸ ਨੇ ਬਠਿੰਡਾ ਜ਼ਿਲ੍ਹੇ ‘ਚ ਮੁਸਤੈਦੀ ਵਧਾ ਦਿੱਤੀ ਹੈ । ਡੀ ਜੀ ਪੀ ਪੰਜਾਬ ਵੱਲੋਂ ਸੂਬੇ ਭਰ ’ਚ ਹਾਈ ਅਲਰਟ ਜਾਰੀ ਹੋਣ ੳਪਰੰਤ ਬਠਿੰਡਾ ਪੁਲਿਸ ਨੇ ਸੁਰੱਖਿਆ ਕਵਾਇਦ ਆਰੰਭ ਦਿੱਤੀ ਹੋਈ। ਉੱਪਰੋਂ 15 ਅਗਸਤ ਕਾਰਨ ਅਜਾਦੀ ਦਿਵਸ ਸਮਾਗਮਾਂ ਮੌਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੌਮੀ ਝੰਡਾ ਲਾਹਿਰਾਉਣ ਦੇ ਪ੍ਰੋਗਰਾਮ ਨੂੰ ਦੇਖਦਿਆਂ ਪੁਲਿਸ ਦੇ ਫਿਕਰ ਵਧੇ ਹੋਏ ਹਨ। ਖਾਸ ਤੌਰ ਤੇ ਵੱਖ ਵੱਖ ਸੰਘਰਸ਼ੀ ਧਿਰਾਂ ਵੱਲੋਂ ਵਿੱਤ ਮੰਤਰੀ ਦੇ ਪ੍ਰੋਗਰਾਮਾਂ ਦਾ ਵਿਰੋਧ ਕਰਨ ਦਾ ਪੈਂਤੜਾ ਪੁਲਿਸ ਲਈ ਚਿੰਤਾ ਦਾ ਸਬੱਬ ਬਣਿਆ ਹੋਇਆ ਹੈ।
ਪੁਲਿਸ ਦੇ ਫਿਕਰਮੰਦ ਹੋਣ ਦਾ ਕਾਰਨ ਇਹ ਵੀ ਹੈ ਕਿ ਸ਼ਰਾਰਤੀ ਤੱਤ ਭੀੜ ਦਾ ਫਾਇਦਾ ਚੁੱਕ ਕੇ ਕਿਸੇ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਬਠਿੰਡਾ ਜਿਲ੍ਹੇ ਦੇ ਸੀਨੀਅਰ ਅਫਸਰਾਂ ਵੱਲੋਂ ਸਥਿਤੀ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਸੁਰੱਖਿਆ ਨੂੰ ਹੋਰ ਪੁਖਤਾ ਕਰਨ ਲਈ ਪੁਲਿਸ ਨੇ ਬਠਿੰਡਾ ਰਿਫ਼ਾਇਨਰੀ ਅਤੇ ਤੇਲ ਡਿਪੂਆਂ ਨੂੰ ਚੌਕਸੀ ਵਰਤਣ ਲਈ ਆਖਿਆ ਹੈ। ਏਦਾਂ ਦੇ ਹੀ ਕਦਮ ਪੁਲਿਸ ਵੱਲੋਂ ਕੌਮੀ ਖਾਦ ਕਾਰਖਾਨੇ ਅਤੇ ਤਾਪ ਬਿਜਲੀ ਘਰਾਂ ਦੇ ਪ੍ਰਬੰਧਕਾਂ ਨੂੰ ਵੀ ਚੁੱਕਣ ਲਈ ਆਖੇ ਗਏ ਹਨ। ਇੰਨ੍ਹਾਂ ਪ੍ਰਜੈਕਟਾਂ ਤੋਂ ਇਲਾਵਾ ਜਿਲ੍ਹੇ ’ਚ ਫੌਜੀ ਛਾਉਣੀ, ਭੀਸੀਆਣਾ ‘ਚ ਭਾਰਤੀ ਹਵਾਈ ਫੌਜ ਦਾ ਏਅਰ ਬੇਸ , ਰੇਲਵੇ ਜੰਕਸ਼ਨ ਅਤੇ ਦੋ ਵੱਡੇ ਤਾਪ ਬਿਜਲੀ ਘਰ ਆਦਿ ਹੋਣ ਕਾਰਨ ਇਹ ਖਿੱਤਾ ਸੁਰੱਖਿਆ ਦੇ ਪੱਖ ਤੋਂ ਕਾਫੀ ਸੰਵੇਦਨਸ਼ੀਲ ਬਣ ਗਿਆ ਹੈ।
ਜਾਣਕਾਰੀ ਅਨੁਸਾਰ ਜਦੋਂ ਵੀ ਸੂਬਾ ਸਰਕਾਰ ਤੋਂ ਹਾਈ ਅਲਰਟ ਜਾਰੀ ਹੋਇਆ ਤਾਂ ਡੀ ਜੀ ਪੀ ਪੰਜਾਬ ਦੇ ਨਿਰਦੇਸ਼ਾਂ ਤੇ ਪੁਲੀਸ ਇੱਕਦਮ ਹਰਕਤ ਵਿੱਚ ਆ ਗਈ । ਵੱਡੇ ਪ੍ਰਜੈਕਟਾਂ ਦੇ ਪ੍ਰਬੰਧਕਾਂ ਨੂੰ ਖਤਰੇ ਤੋਂ ਜਾਣੂੰ ਕਰਵਾਇਆ ਅਤੇ ਸਖਤ ਪਹਿਰਾ ਲਾਉਣ ਲਈ ਆਖ ਦਿੱਤਾ ਹੈ। ਸੂਤਰਾਂ ਮੁਤਾਬਕ ਅਲਰਟ ਤੋਂ ਬਾਅਦ ਬਠਿੰਡਾ ਛਾਉਣੀ ਦੀ ਸੁਰੱਖਿਆ ਵੀ ਕਰੜੀ ਕਰ ਦਿੱਤੀ ਗਈ ਹੈ ਪਰ ਇਸ ਸਬੰਧੀ ਪੁਸਟੀ ਨਹੀਂ ਹੋ ਸਕੀ ਹੈ। ਏਦਾਂ ਹੀ ਰਿਫਾਇਨਰੀ ਪ੍ਰਬੰਧਕਾਂ ਨੇ ਵੀ ਹਾਲਾਤਾਂ ਨੂੰ ਕਾਫੀ ਗੰਭੀਰਤਾ ਨਾਲ ਲਿਆ ਹੈ ਅਤੇ ਆਪਣੇ ਸੁਰੱਖਿਆ ਸਟਾਫ ਨੂੰ ਜਾਂਚ ਨੂੰ ਹੋਰ ਵੀ ਗੰਭੀਰਤਾ ਨਾਲ ਕਰਨ ਲਈ ਕਿਹਾ ਹੈ। ਰਿਫਾਇਨਰੀ ਦੇ ਨਜ਼ਦੀਕ ਬਣੀ ਪੁਲਿਸ ਚੌਂਕੀ ਨੂੰ ਵੀ ਚੌਕਸੀ ਵਧਾਉਣ ਦੇ ਹੁਕਮ ਦਿੱਤੇ ਹਨ। ਇਸ ਤੋਂ ਬਿਨਾਂ ਪੰਜਾਬ ਪੁਲਿਸ ਦਾ ਖੁਫੀਆ ਵਿੰਗ ਵੀ ਸਰਕਾਰ ਦੀਆਂ ਹਦਾਇਤਾਂ ਤੇ ਹਰਕਤ ਵਿੱਚ ਆ ਗਿਆ ਹੈ।
ਵੀ.ਆਈ.ਪੀ ਜਿਲ੍ਹਾ ਹੋਣ ਕਰਕੇ ਅਫਸਰ ਕਿਸੇ ਵੀ ਕਿਸਮ ਦਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ। ਜਾਣਕਾਰੀ ਅਨੁਸਾਰ ਐਸ.ਐਸ.ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਦੇ ਆਦੇਸ਼ਾਂ ਤੇ ਐ ਪੀ ਸਿਟੀ ਜਸਪਾਲ ਸਿੰਘ ਦੀ ਅਗਵਾਈ ਹੇਠ ਐਸ ਪੀਜ਼ ,ਡੀਐਸਪੀਜ਼ ਅਤੇ ਪੁਲਿਸ ਦੀ ਵੱਡੀ ਨਫਰੀ ਨਾਲ ਲੋਕਾਂ ਨੂੰ ਸੁਰੱਖਿਆ ਦਾ ਅਹਿਸਾਸ ਕਰਵਾਉਣ ਅਤੇ ਡਰ ਦੂਰ ਕਰਨ ਲਈ ਸ਼ਹਿਰ ਦਾ ਭਲਵਾਨੀ ਗੇੜਾ ਲਾਇਆ। ਪੁਲਿਸ ਟੀਮਾਂ ਨੇ ਰੇਲਵੇ ਪ੍ਰੇਟੈਕਸ਼ਨ ਫੋਰਸ ਦੀ ਸਹਾਇਤਾ ਨਾਲ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੇ ਚੈਕਿੰਗ ਮੁਹਿੰਮ ਚਲਾਈ। ਸੂਤਰ ਦੱਸਦੇ ਹਨ ਕਿ ਅੱਤਵਾਦ ਵਿਰੋਧੀ ਦਸਤੇ ਅਤੇ ਪੁਲਿਸ ਦੀਆਂ ਐਕਸ਼ਨ ਟੀਮਾਂ ਨੂੰ ਤਿਆਰ ਬਰ ਤਿਆਰ ਬਰ ਰਹਿਣ ਲਈ ਕਿਹਾ ਗਿਆ ਹੈ। ਸਾਰੇ ਹੀ ਥਾਣਿਆਂ ਅਤੇ ਪੀ.ਸੀ.ਆਰ ਟੀਮਾਂ ਨੂੰ ਸੰਵੇਦਨਸ਼ੀਲ ਥਾਵਾਂ, ਜਿਆਦਾ ਰੌਣਕ ਵਾਲੇ, ਬਜਾਰਾਂ , ਧਾਰਮਿਕ ਸਥਾਨਾਂ ਅਤੇ ਭੀੜ ਭੜੱਕੇ ਵਾਲੀਆਂ ਥਾਵਾਂ ‘ਤੇ ਖਾਸ ਨਜ਼ਰ ਰੱਖਣ ਦੀ ਹਦਾਇਤ ਕੀਤੀ ਗਈ ਹੈ।
ਪੁਲਿਸ ਨੂੰ ਪੂਰੀ ਤਰਾਂ ਮੁਸਤੈਦ-ਐਸ.ਐਸ.ਪੀ.
ਸੀਨੀਅਰ ਕਪਤਾਨ ਪੁਲਿਸ ਭੁਪਿੰਦਰਜੀਤ ਸਿੰਘ ਵਿਰਕ ਦਾ ਕਹਿਣਾ ਸੀ ਕਿ ਪੁਲਿਸ ਪੂਰੀ ਤਰਾਂ ਮੁਸਤੈਦ ਹੈ ਤੇ ਕਿਸੇ ਵੀ ਤਰਾਂ ਦੀ ਬਦਅਮਨੀ ਫੈਲਾਉਣ ਵਾਲਿਆਂ ਨਾਲ ਕਰੜੇ ਹੱਥੀਂ ਨਿਪਟੇਗੀ। ਉਨ੍ਹਾਂ ਦੱਸਿਆ ਕਿ ਥਾਣਿਆਂ ਨੂੰ ਪੰਜਾਬ-ਹਰਿਆਣਾ ਹੱਦ ‘ਤੇ ਪੈਟਰੋਲਿੰਗ ਵਧਾਉਣ ਅਤੇ ਲਿੰਕ ਸੜਕਾਂ ‘ਤੇ ਵਧੇਰੇ ਨਿਗਰਾਨੀ ਰੱਖਣ ਲਈ ਵੀ ਆਖਿਆ ਗਿਆ ਹੈ । ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਚੌਕਸ ਰਹਿਣ ਅਤੇ ਅਫਵਾਹਾਂ ਤੇ ਬਿਲਕੁਲ ਵੀ ਯਕੀਨ ਨਾ ਕਰਨ। ਐਸ ਐਸ ਪੀ ਨੇ ਕਿਸੇ ਵੀ ਸ਼ੱਕੀ ਬੰਦੇ ਦਾ ਪਤਾ ਲੱਗਣ ਜਾਂ ਲਾਵਾਰਿਸ ਵਸਤੂ ਦਿਖਾਈ ਦੇਣ ਸਬੰਧੀ ਪੁਲਿਸ ਕੰਟਰੋਲ ਰੂਮ ਨੂੰ ਤੁਰੰਤ ਸੂਚਨਾ ਦੇਣ ਲਈ ਵੀ ਕਿਹਾ ਹੈ।
ਸੁਰੱਖਿਆ ਪੁਲਿਸ ਦੀ ਪਹਿਲ: ਆਈ ਜੀ
ਬਠਿੰਡਾ ਰੇਂਜ ਦੇ ਆਈ.ਜੀ ਜਸਕਰਨ ਸਿੰਘ ਦਾ ਕਹਿਣਾ ਸੀ ਕਿ ਆਮ ਲੋਕਾਂ ਦੀ ਸੁਰੱਖਿਆ ਪੁਲਿਸ ਵਿਭਾਗ ਦੀ ਪਹਿਲ ਅਤੇ ਮੁੱਖ ਏਜੰਡਾ ਹੈ । ਉਨ੍ਹਾਂ ਦੱਸਿਆ ਕਿ ਇਸ ਲਈ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਗੁਆਂਢੀ ਰਾਜਾਂ ਦੀ ਸਰਹੱਦ ਨਾਲ ਲੱਗਦੀ ਹੋਣ ਕਰਕੇ ਪੁਲਿਸ ਵਿਸ਼ੇਸ਼ ਚੌਕਸੀ ਵਰਤ ਰਹੀ ਹੈ। ਉਨ੍ਹਾਂ ਆਖਿਆ ਕਿ ਰੇਂਜ ’ਚ ਦਿਨ ਰਾਤ ਦੀ ਨਾਕਾਬੰੰਦੀ ਦੇ ਹੁਕਮ ਵੀ ਜਾਰੀ ਕੀਤੇ ਹਨ। ਉਨ੍ਹਾਂ ਕਿ ਸੀਨੀਅਰ ਪੁਲੀਸ ਅਫਸਰਾਂ ਨੂੰ ਰਾਤ ਸਮੇਂ ਵੀ ਚੈਕਿੰਗ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਸੁਰੱਖਿਆ ਦੇ ਮਾਮਲੇ ’ਚ ਆਮ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਹੈ।