ਪੁਲਸ ਨੇ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਸ਼ੁਰੂ
ਬਲਵਿੰਦਰ ਪਾਲ , ਪਟਿਆਲਾ, 11 ਅਗਸਤ 2021
ਸਕੂਲ ਪੜ੍ਹਦੀਆਂ ਵਿਦਿਆਰਥਣਾਂ ਨਾਲ ਅਕਸਰ ਹੀ ਛੇੜਖਾਨੀ ਅਤੇ ਗਲਤ ਹਰਕਤਾਂ ਕਰਨ ਦੀਆਂ ਖ਼ਬਰਾਂ ਪੜ੍ਹਨ ਸੁਣਨ ਨੂੰ ਮਿਲਦੀਆਂ ਹਨ। ਕੁਝ ਅਵਾਰਾ ਕਿਸਮ ਦੇ ਅਨਸਰ ਸਕੂਲ ਜਾਂਦੀਆਂ ਵਿਦਿਆਰਥਣਾਂ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕਰਦੇ ਹਨ। ਜਿਨਾਂ ਤੋਂ ਤੰਗ ਆ ਕੇ ਕੁਝ ਲੜਕੀਆਂ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡ ਜਾਂਦੀਆਂ ਹਨ। ਕਈ ਲੜਕੀਆਂ ਗਲਤ ਅਨਸਰਾਂ ਖਿਲਾਫ ਡਟ ਜਾਂਦੀਆਂ ਹਨ।
ਅਜਿਹਾ ਹੀ ਮਾਮਲਾ ਪਟਿਆਲੇ ਦੇ ਲਹੌਰੀ ਗੇਟ ਪੁਲਸ ਥਾਣੇ ਦੇ ਇਲਾਕੇ ਅੰਦਰ ਵਾਪਰਿਆ ਹੈ । ਜਿੱਥੇ ਦੋਸ਼ੀ ਅਕਸਰ ਹੀ ਸਕੂਲ ਜਾਂਦੀਆਂ ਲੜਕੀਆਂ ਨਾਲ ਛੇੜਛਾੜ ਅਤੇ ਅਸ਼ਲੀਲ ਇਸ਼ਾਰੇ ਕਰਦਾ ਸੀ। ਲੜਕੀਆਂ ਨੇ ਕਈ ਵਾਰ ਉਸ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਹਟਿਆ ਨਹੀਂ ਸਗੋਂ ਉਲਟਾ ਲੜਕੀਆਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ । ਜਦੋਂ ਇਸ ਸੰਬੰਧੀ ਲੜਕੀਆਂ ਨੇ ਆਪਣੇ ਮਾਪਿਆਂ ਨੂੰ ਘਰ ਜਾ ਕੇ ਦੱਸਿਆ ਤਾਂ ਉਨ੍ਹਾਂ ਨੇ ਦੋਸ਼ੀ ਖਿਲਾਫ ਕਾਰਵਾਈ ਕਰਦਿਆਂ ਥਾਣਾ ਲਹੌਰੀ ਗੇਟ ‘ਚ ਪਰਚਾ ਦਰਜ ਕਰਵਾਇਆ ।
ਥਾਣਾ ਲਾਹੌਰੀ ਗੇਟ ਪਟਿਆਲਾ ਵਿਚ ਲੜਕੀਆਂ ਦੇ ਪਿਤਾ ਨੇ ਦੋਸ਼ੀ ਖਿਲਾਫ ਬਿਆਨ ਦਰਜ ਕਰਵਾਉਂਦਿਆਂ ਦੱਸਿਆ ਕਿ ਦੋਸ਼ੀ ਉਸ ਦੀਆਂ ਲੜਕੀਆਂ ਨੂੰ ਸਕੂਲ ਜਾਣ ਸਮੇਂ ਰਾਸਤੇ ਵਿੱਚ ਛੇੜਛਾੜ ਅਤੇ ਅਸ਼ਲੀਲ ਇਸ਼ਾਰੇ ਕਰਦਾ ਸੀ । ਲੜਕੀਆਂ ਨੇ ਕਈ ਵਾਰ ਦੋਸ਼ੀ ਨੂੰ ਰੋਕਣ ਦੀ ਕੋਸ਼ਿਸ਼ ਵੀ ਪਰ ਦੋਸ਼ੀ ਲੜਕੀਆਂ ਨੂੰ ਹੋਰ ਤੰਗ ਕਰਨ ਲੱਗ ਪਿਆ। ਲੜਕੀਆਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗ ਪਿਆ।
ਉਨ੍ਹਾਂ ਦੱਸਿਆ ਕਿ ਦੋਸ਼ੀ ਸਕੂਲ ਦੇ ਬਾਹਰ ਹੀ ਕੱਪੜਿਆਂ ਦੀ ਫੜੀ ਲਗਾਉਂਦਾ ਹੈ । ਲੜਕੀ ਦੇ ਪਿਤਾ ਨੇ ਦੱਸਿਆ ਕਿ ਜਦੋਂ ਮੇਰੀਆਂ ਲੜਕੀਆਂ ਸਕੂਲ ਪੜ੍ਹਨ ਜਾਂਦੀਆਂ ਹਨ ਤਾਂ ਉਹ ਰੋਜ਼ਾਨਾ ਹੀ ਉਸਦੀਆਂ ਦੀਆਂ ਲੜਕੀਆਂ ਨਾਲ ਬਦਤਮੀਜ਼ੀ ਕਰਦਾ ਹੈ ਅਤੇ ਅਸ਼ਲੀਲ ਇਸ਼ਾਰੇ ਵੀ ਕਰਦਾ ਹੈ । ਉਨ੍ਹਾਂ ਦੇ ਰੋਕਣ ‘ਤੇ ਉਨ੍ਹਾਂ ਦੀ ਬਾਂਹ ਫੜਦਾ ਹੈ ਅਤੇ ਘਰ ਦੱਸਣ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੰਦਾ ਸੀ ।
ਉਨ੍ਹਾਂ ਦੱਸਿਆ ਕਿ ਜਦੋਂ ਉਸ ਦੀਆਂ ਲੜਕੀਆਂ ਨੇ ਸਾਰੀ ਗੱਲਬਾਤ ਘਰ ਆ ਕੇ ਦੱਸੀ ਤਾਂ ਅਸੀਂ ਬਿਨਾਂ ਕਿਸੇ ਦੇਰੀ ਦੇ ਪੁਲਿਸ ਥਾਣਾ ਲਹੌਰੀ ‘ਚ ਰਿਪੋਰਟ ਕਰਵਾਉਣ ਆਏ ਹਾਂ । ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ ‘ਤੇ ਦੋਸ਼ੀ ਸੁਨੀਲ ਕੁਮਾਰ ਪੁੱਤਰ ਸੰਜੀਵ ਕੁਮਾਰ ਨਿਵਾਸੀ ਵਿਰਕ ਕਲੋਨੀ ਪਟਿਆਲਾ ‘ਤੇ ਆਈ ਪੀ ਸੀ ਦੀ ਧਾਰਾ 354-A,506 ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।