ਜੇਲ੍ਹ ਬੰਦੀ ਸੁਖਪਾਲ ਦਾ ਦੋਸ਼ ਮੈਥੋਂ 1 ਲੱਖ ਦੀ ਰਿਸ਼ਵਤ ਮੰਗਦੇ ਐ, ਅੱਗੋ ਜੁਆਬ, ਕੋਈ ਨਈ ਦਿੰਨੇ ਐ ਥੋਨੂੰ ਗਿਣਕੇ !
ਹਰਿੰਦਰ ਨਿੱਕਾ , ਬਰਨਾਲਾ 11 ਅਗਸਤ 2021
ਪੰਜਾਬ ਦੀਆਂ ਬਹੁਤੀਆਂ ਜੇਲ੍ਹਾਂ ਅੰਦਰ ਭ੍ਰਿਸ਼ਟਾਚਾਰ ਕੋਈ ਨਵੀਂ ਤੇ ਹੈਰਾਨੀ ਵਾਲੀ ਗੱਲ ਨਹੀਂ ਹੈ, ਹਰ ਦਿਨ ਕਿਸੇ ਨਾ ਕਿਸੇ ਜੇਲ੍ਹ ਅੰਦਰੋਂ ਬੰਦੀਆਂ ਦੀਆਂ ਭ੍ਰਿਸ਼ਟਾਚਾਰ ਸਬੰਧੀ ਅਵਾਜਾਂ ਬਾਹਰ ਆਉਂਦੀਆਂ ਹੀ ਰਹਿੰਦੀਆਂ ਹਨ। ਪਰੰਤੂ ਹਰ ਵਾਰ 2 ਦਿਨ ਦੇ ਰੌਲੇ ਰੱਪੇ ਤੋਂ ਬਾਅਦ ਭ੍ਰਿਸ਼ਟਾਚਾਰ ਦੀ ਜਾਂਚ ਦੇ ਹੁਕਮਾਂ ਦੇ ਐਲਾਨ ਨਾਲ ਮਾਮਲਾ ਠੰਡੇ ਬਸਤੇ ਵਿੱਚ ਪੈ ਹੀ ਜਾਂਦਾ ਹੈ।
ਹੁਣ ਨਾਭਾ ਨਵੀਂ ਜੇਲ੍ਹ ਅੰਦਰੋਂ ਜੇਲ੍ਹ ਬੰਦੀ ਸੁਖਪਾਲ ਸਿੰਘ ਦੀ ਆਡਿਉ ਬਾਹਰ ਨਿੱਕਲੀ ਹੈ। ਜਿਸ ਵਿੱਚ ਬੰਦੀ ਆਪਣੀ ਭੈਣ ਨੂੰ ਰੋ-ਰੋ ਕੇ ਕਹਿ ਰਿਹਾ, ਮੈਨੂੰ ਬਚਾ ਲੈ ਭੈਣੇ, ਜੇਲ੍ਹ ਵਾਲੇ ਮੈਨੂੰ ਮਾਰਨ ਨੂੰ ਫਿਰਦੇ ਨੇ, ਆਡੀਉ ਵਿੱਚ ਲਾਏ ਜਾ ਰਹੇ ਦੋਸ਼ਾਂ ਦੀ ਸਚਾਈ ਤਾਂ ਜਾਂਚ ਦੀ ਕਸੌਟੀ ਤੇ ਪਰਖਣ ਤੋਂ ਬਾਅਦ ਹੀ ਸਾਹਮਣੇ ਆਵੇਗੀ।
ਇੱਨਾਂ ਜਰੂਰ ਕਿਹਾ ਜਾ ਸਕਦਾ ਹੈ ਕਿ ਬਿਨਾਂ ” ਅੱਗ ਤੋਂ ਧੂੰਆ ਨਹੀਂ ਨਿਕਲਦਾ” ਕੋਈ ਨਾ ਕੋਈ ਗੱਲ ਕਾਰਣ ਤਾਂ ਜੇਲ੍ਹ ਬੰਦੀ ਸੁਖਪਾਲ ਸਿੰਘ ਜੇਲ੍ਹ ਪ੍ਰਬੰਧਕਾਂ ਤੋਂ ਤੰਗ ਹੋਵੇਗਾ ਹੀ। ਇਸੇ ਲਈ ਤਾਂ ਉਹਦਾ ਦਰਦ ਆਪਣੀ ਭੈਣ ਨਾਲ ਹੋਈ ਗੱਲਬਾਤ ਦੌਰਾਨ ਛਲਕਿਆ ਹੈ। ਜੇਲ੍ਹ ਅੰਦਰੋਂ ਬਾਹਰ ਆਈ ਆਡੀਉ ਵਿੱਚ ਸੁਖਪਾਲ ਸਿੰਘ ਜਿਹੜਾ ਬਰਨਾਲਾ ਵਾਸੀ ਹਿਮਾਂਸ਼ੂ ਦਾਨੀਆਂ ਦੀ ਹੱਤਿਆ ਦੇ ਦੋਸ਼ ਅੰਦਰ ਨਾਭਾ ਜੇਲ੍ਹ ਅੰਦਰ ਅੰਡਰ ਟ੍ਰਾਇਲ ਬੰਦੀ ਦੇ ਤੌਰ ਤੇ ਬੰਦ ਹੈ। ਜੇਲ੍ਹ ਤੋਂ ਬਾਹਰ ਨਿਕਲੀ ਆਡੀਉ ‘ਚ ਸੁਖਪਾਲ ਸਿੰਘ ਕਹਿ ਰਿਹਾ ਹੈ ਕਿ ਮੈਨੂੰ ਜੇਲ੍ਹ ਦੇ ਕੁੱਝ ਕਰਮਚਾਰੀ ਅਤੇ ਅਧਿਕਾਰੀ ਬਹੁਤ ਜਿਆਦਾ ਤੰਗ ਪਰੇਸ਼ਾਨ ਕਰ ਰਹੇ ਹਨ। ਉਨਾਂ ਕੁਝ ਕਰਮਚਾਰੀਆਂ ਦਾ ਨਾਮ ਵੀ ਲਿਆ ਹੈ।
ਉਹ ਕਹਿ ਰਿਹਾ ਹੈ ਭੈਣੇ , ਮੈਥੌਂ ਇੱਕ ਜੇਲ੍ਹ ਅਧਿਕਾਰੀ ਨੇ ਇੱਕ ਲੱਖ ਰੁਪਏ ਵੀ ਰਿਸ਼ਵਤ ਦੇ ਤੌਰ ਤੇ ਮੰਗਿਆ ਹੈ, ਮੈਂ ਕਿੱਥੋਂ ਦੇਵਾਂ, ਜਦੋਂ ਮੇਰੇ ਕੋਲ ਪੈਸਾ ਹੈ ਹੀ ਨਹੀਂ। ਸੁਖਪਾਲ ਇਹ ਵੀ ਕਹਿ ਰਿਹਾ ਹੈ ਕਿ ਰਿਸ਼ਵਤ ਨਾ ਦੇਣ ਕਾਰਣ, ਪ੍ਰਬੰਧਕਾਂ ਨੇ ਉਸ ਨੂੰ ਅਲੱਗ ਬੰਦ ਕਰ ਦਿੱਤਾ ਹੈ, ਜੇਲ੍ਹ ਵਾਲੇ ਮੈਨੂੰ ਮਾਰਨ ਨੂੰ ਫਿਰਦੇ ਹਨ, ਤੁਸੀਂ ਮੀਡੀਆ ਵਾਲਿਆਂ ਨੂੰ ਬੁਲਾ ਕੇ ਮੇਰੇ ਤੇ ਹੋ ਰਹੇ ਅੱਤਿਆਚਾਰ ਦੀ ਅਵਾਜ ਉਠਾਉ। ਸੁਖਪਾਲ ਆਪਣੀ ਪਤਨੀ ਬਾਰੇ ਵੀ ਕਹਿ ਰਿਹਾ ਹੈ ਕਿ ਇਹ ਸਭ ਉਸ ਨਾਲ ਮਿਲ ਕੇ ਹੀ ਕਰਵਾਇਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਜੇਕਰ ਮੈਨੂੰ ਜੇਲ੍ਹੇ ਵਿੱਚ ਕੁੱਝ ਹੋ ਜਾਂਦਾ ਹੈ ਤਾਂ ਤੁਸੀਂ ਚੱਕਰ ਹੌਲਦਾਰ ਤੋਂ ਲੈ ਕੇ ਡਿਊਟੀ ਦੇ ਤਾਇਨਾਤ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਖਿਲਾਫ ਕਾਰਵਾਈ ਕਰਵਾਇਉ, ਇਹ ਸਾਰੇ ਹੀ ਮੇਰੀ ਮੌਤ ਲਈ ਜਿੰਮੇਵਾਰ ਹੋਣਗੇ।