ਕਾਂਗਰਸ ਪ੍ਰਨੀਤ ਕੌਰ ਦੇ ਖਿਲਾਫ਼ ਬੋਲਣ ਵਾਲੇ ਕੌਂਸਲਰ ਅਤੇ ਵਾਈਸ ਚੇਅਰਮੈਨ ਬੁੱਧੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ – ਕਾਂਗਰਸੀ ਆਗੂ
ਬਲਵਿੰਦਰ ਪਾਲ, ਪਟਿਆਲਾ, 1 ਅਗਸਤ 2021
ਨਵਜੋਤ ਸਿੰਘ ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਰੋਜ਼ ਨਵੇਂ ਨਵੇਂ ਸਮੀਕਰਨ ਵੇਖਣ ਨੂੰ ਮਿਲ ਰਹੇ ਹਨ। ਅੱਜ ਇਸੇ ਲੜੀ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਨੀਤ ਕੌਰ ਦੇ ਜੱਦੀ ਹਲਕੇ ਪਟਿਆਲਾ ਦੇ ਵਾਰਡ ਨੰ. 44 ਤੋਂ ਕਾਂਗਰਸ ਪਾਰਟੀ ਦੇ ਕੌਸਲਰ ਅਤੇ ਪਨਸਪ ਦੇ ਵਾਈਸ ਚੇਅਰਮੈਨ ਿਸ਼ਨ ਚੰਦ ਬੁੱਧੂ ਨੇ ਅੱਜ ਕਾਂਗਰਸ ਪਾਰਟੀ ਅਤੇ ਮੋਤੀ ਮਹਿਲ ਦੇ ਖਿਲਾਫ਼ ਬਗ਼ਾਵਤ ਦਾ ਬਿਗ਼ਲ ਵਜਾਉਦੇ ਹੋਏ ਮੁੱਖ ਮੰਤਰੀ, ਪ੍ਰਨੀਤ ਕੌਰ ਅਤੇ ਉਨ੍ਹਾਂ ਦੀ ਸਪੁੱਤਰੀ ਬੀਬਾ ਜੈ ਇੰਦਰ ਕੌਰ ਖਿਲਾਫ਼ ਗਲਤ ਟਿੱਪਣੀਆਂ ਕੀਤੀਆਂ ਹਨ।
ਇਸ ਤੋਂ ਖਫ਼ੇ ਹੋਏ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹੋਰ ਕਾਂਗਰਸੀ ਆਗੂਆਂ ਨੇ ਇਸ ਗੱਲ ਦਾ ਕਰੜਾ ਵਿਰੋਧ ਕਰਦੇ ਹੋਏ ਕਿਹਾ ਕਿ ਅਜਿਹੇ ਕਾਂਗਰਸੀ ਆਗੂ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਪਾਰਟੀ ਤੋਂ ਫਾਇਦਾ ਲਿਆ ਅਤੇ ਪੂਰੇ ਸਾਢੇ 4 ਸਾਲ ਸੱਤਾ ਦਾ ਸੁੱਖ ਮਾਣਨ ਤੋਂ ਬਾਅਦ ਹੁਣ ਇਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕਾਂਗਰਸ ਪਾਰਟੀ ਅਤੇ ਪਹਿਲੀ ਕਤਾਰ ਦੇ ਲੀਡਰਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬੁੱਧੂ ਆਪਣੇ ਨਿੱਜੀ ਫਾਇਦੇ ਲਈ ਅਤੇ ਸਿੱਧੂ ਗਰੁੱਪ ਨੂੰ ਚਮਕਾਉਣ ਲਈ ਗੰਦੀ ਰਾਜਨੀਤੀ ਉਪਰ ਉਤਰ ਆਏ ਹਨ ਕਿਉਕਿ ਉਨ੍ਹਾਂ ਨੇ ਕਦੇ ਵੀ ਕਾਂਗਰਸ ਦੇ ਭਲੇ ਦੀ ਗੱਲ ਨਹੀਂ ਕੀਤੀ ਅਗਰ ਉਨ੍ਹਾਂ ਨੂੰ ਕਾਂਗਰਸ ਪਾਰਟੀ ਤੋਂ ਕੋਈ ਵੀ ਗੁੱਸਾ ਜਾ ਗਿੱਲਾ ਸੀ ਤਾਂ ਉਹ ਸਾਢੇ 4 ਸਾਲ ਤੱਕ ਚੁੱਪ ਕਿਉ ਰਹੇ।
ਉਨ੍ਹਾਂ ਅੱਗੇ ਕਿਹਾ ਕਿ ਉਹ ਅਤੇ ਪਟਿਆਲਾ ਦੇ ਕਾਂਗਰਸੀ ਆਗੂ ਇਹੋ ਜਿਹੀ ਕਿਸੇ ਵੀ ਗੰਦੀ ਰਾਜਨੀਤੀ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਕਾਂਗਰਸ ਪ੍ਰਨੀਤ ਕੌਰ ਦੇ ਖਿਲਾਫ਼ ਬੋਲਣ ਵਾਲੇ ਕੌਂਸਲਰ ਅਤੇ ਵਾਈਸ ਚੇਅਰਮੈਨ ਬੁੱਧੂ ਆਪਣੇ ਅਹੁਦਿਆਂ ਤੋਂ ਅਸਤੀਫ਼ਾ ਦੇਣ ਕਿਉਕਿ ਇਨ੍ਹਾਂ ਨੇ ਹਮੇਸ਼ਾਂ ਹੀ ਪਾਰਟੀ ਨੂੰ ਪਿੱਛੇ ਛੱਡ ਕੇ ਆਪਣੇ ਨਿੱਜੀ ਫਾਇਦਿਆਂ ਨੂੰ ਤਰਜੀਹ ਦਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਂਗਰਸ ਦੀ ਹਾਈ ਕਮਾਂਡ ਨੂੰ ਬੇਨਤੀ ਕੀਤੀ ਹੈ ਕਿ ਅਜਿਹੇ ਅਖੌਤੀ ਲੀਡਰਾਂ ਉਪਰ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।