ਸੰਘਰਸ਼ੀ ਧਿਰਾਂ ਦੇ ਖੌਫ ਕਾਰਨ ਖਜਾਨਾ ਮੰਤਰੀ ਦੇ ਦਫਤਰ ਦੀ ਕਿਲਾਬੰਦੀ
ਅਸ਼ੋਕ ਵਰਮਾ, ਬਠਿੰਡਾ, 31 ਜੁਲਾਈ 2021:
ਸੰਘਰਸ਼ੀ ਧਿਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈਕੇ ਵਿੱਤ ਮੰਤਰੀ ਦੇ ਦਫਤਰ ਅੱਗੇ ਨਿੱਤ ਰੋਜ ਬੋਲੇ ਜਾਂਦੇ ਧਾਵਿਆਂ ਤੋਂ ਖੂਫਜ਼ਦਾ ਪੁਲਿਸ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫਤਰ ਦੀ ਕਿਲਾਬੰਦੀ ਕਰ ਦਿੱਤੀ ਹੈ। ਵਿੱਤ ਮੰਤਰੀ ਦਾ ਦਫਤਰ ਗੋਨਿਆਣਾ ਰੋਡ ਤੇ ਸਥਿੱਤ ਹੈ ਜਿੱਥੇ ਪਾਰਕਿੰਗ ਦੀ ਕਾਫੀ ਸੁਵਿਧਾ । ਪੁਰਾਣੇ ਦਫਤਰ ਵਾਲੀ ਥਾਂ ਤੇ ਆਵਾਜਾਈ ’ਚ ਵਿਘਨ ਪੈਂਦਾ ਸੀ ਅਤੇ ਲਾਗੇ ਸਥਿੱਤ ਸਕੁਲ ,ਗੁਰੂਘਰ, ਮੈਰਿਜ ਪੈਲੇਸਾਂ ਅਤੇ ਰਿਹਾਇਸ਼ੀ ਕਲੋਨੀ ਵਾਲਿਆਂ ਨੂੰ ਪੁਲਿਸ ਪ੍ਰਬੰਧਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਕਾਰਨ ਵਿੱਤ ਮੰਤਰੀ ਨੇ ਆਪਣਾ ਦਫਤਰ ਤਬਦੀਲ ਕਰ ਲਿਆ ਸੀ ਜੋਕਿ ਹੁਣ ਪੁਲਿਸ ਲਈ ਜੀਅ ਦਾ ਜੰਜਾਲ ਬਣ ਗਿਆ ਹੈ। ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਇਸ ਸਥਾਨ ਤੇ ਰੋਸ ਮੁਜਾਹਰਿਆਂ ਦੀ ਭਰਮਾਰ ਹੋ ਗਈ ਹੈ ਜਿਸ ਕਰਕੇ ਪੁਲਿਸ ਨੂੰ ਹਰ ਵੇਲੇ ਪੱਬਾਂ ਭਾਰ ਰਹਿਣਾ ਪੈਂਦਾ ਹੈ।
ਕੋਈ ਦਿਨ ਵੀ ਅਜਿਹਾ ਨਹੀਂ ਲੰਘਦਾ ਜਦੋਂ ਇਸ ਸਥਾਨ ਤੇ ਨਾਅਰਿਆਂ ਦੀ ਗੂੰਜ ਨਾਂ ਪੈਂਦੀ ਹੋਵੇ। ਇਸ ਥਾਂ ਨੂੰ ਤਾਂ ਹੁਣ ਸੰਘਰਸ਼ ਕਰਨ ਵਾਲਿਆਂ ਦਾ ਮੱਕਾ ਕਿਹਾ ਜਾਣ ਲੱਗਿਆ ਹੈ ਜਿੱਥੇ ਅਕਸਰ ਨਾਅਰਿਆਂ ਦਾ ਪ੍ਰਵਾਹ ਚਲਦਾ ਕਰਕੇ ਇਸ ਥਾਂ ਕੋਲ ਪੁਲਿਸ ਨੇ ਬੈਰੀਕੇਡ ਰੱਖੇ ਹੋਏ ਹਨ। ਕਿਸੇ ਰੋਸ ਮੁਜਾਹਰੇ ਦੀ ਸੂਰਤ ’ਚ ਪੁਲਿਸ ਬੈਰੀਕੇਡਾਂ ਦੀ ਸਹਾਇਤਾ ਨਾਲ ਮੁਜਾਹਰਾਕਾਰੀਆਂ ਨੂੰ ਰੋਕ ਲੈਂਦੀ ਹੈ ਜਿਸ ਤੋਂ ਬਾਅਦ ਅਧਿਕਾਰੀ ਮੰਗ ਪੱਤਰ ਵਗੈਰਾ ਲੈ ਲੈਂਦੇ ਹਨ। ਅੱਜ ਦੇਖਣ ’ਚ ਆਇਆ ਹੈ ਕਿ ਪੁਲਿਸ ਪ੍ਰਸ਼ਾਸ਼ਨ ਨੇ ਦਫਤਰ ਦੇ ਮੁੱਖ ਗੇਟ ਦੇ ਸਾਹਮਣੇ ਬੈਰੀਕੇਡਾਂ ਨਾਲ ਇੱਕ ਤਰਾਂ ਕੰਧ ਹੀ ਕੱਢ ਦਿੱਤੀ ਹੈ ਜਿਸ ਨੂੰ ਲੰਘ ਕੇ ਅੰਦਰ ਜਾਣਾ ਅਸੰਭਵ ਹੈ। ਕੰਮਕਾਰ ਲਈ ਆਉਣ ਵਾਲਿਆਂ ਨੂੰ ਵੀ ਪੁੱਛਪੜਤਾਲ ਦੇ ਬਾਅਦ ਹੀ ਅੰਦਰ ਜਾਣ ਦਿੱਤਾ ਜਾਂਦਾ ਸੀ। ਮੌਕੇ ਤੇ ਤਾਇਨਾਤ ਪੁਲਿਸ ਅਧਿਕਾਰੀ ਇਸ ਮੁੱਦੇ ਤੇ ਕੁੱਝ ਕਹਿਣ ਤੋਂ ਇਨਕਾਰੀ ਹਨ।
ਗ੍ਰਹਿ ਵਿਭਾਗ ਦੇ ਹੁਕਮਾਂ ਮੁਤਾਬਕ ਬਠਿੰਡਾ ਪ੍ਰਸ਼ਾਸ਼ਨ ਵੱਲੋਂ ਟਰਾਂਸਪੋਰਟ ਨਗਰ ‘ਚ ਰੋਸ ਧਰਨਿਆਂ ਲਈ ਥਾਂ ਨਿਸਚਤ ਕਰਨ ਦੇ ਬਾਵਜੂਦ ਜਿਆਦਾਤਰ ਪ੍ਰਦਰਸ਼ਨ ਵਿੱਤ ਮੰਤਰੀ ਦਫਤਰ ਲਾਗੇ ਹੀ ਕੀਤੇ ਜਾਂਦੇ ਹਨ।ਜਦੋਂ ਤੋਂ ਜੱਥੇਬੰਦੀਆਂ ਨੂੰ ਲੱਗਣ ਲੱਗਾ ਹੈ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਸੁਹਿਰਦ ਨਹੀਂ ਹਨ ਤਾਂ ਉਦੋਂ ਤੋਂ ਇੱਥੇ ਧਰਨਿਆਂ ਮੁਜਾਹਰਿਆਂ ਦਾ ਹੜ੍ਹ ਹੀ ਆਇਆ ਹੋਇਆ ਹੈ। ਸੰਘਰਸ਼ੀ ਨੇਤਾ ਆਖਦੇ ਹਨ ਕਿ ਵਿੱਤ ਮੰਤਰੀ ਦਾ ਹਲਕਾ ਹੋਣ ਕਾਰਨ ਇੱਥੇ ਧਰਨੇ ਦੇਣ ਨਾਲ ਪੰਜਾਬ ਸਰਕਾਰ ਦੇ ਸਿਆਸੀ ਚੂੰਢੀ ਵੱਢੀਦੀ ਹੈ ਜਿਸ ਕਰਕੇ ਉਨ੍ਹਾਂ ਦਾ ਮੁੱਖ ਨਿਸ਼ਾਨਾ ਬਠਿੰਡਾ ’ਚ ਸਥਿਤ ਇਹ ਥਾਂ ਹੈ। ਸੂਤਰ ਦੱਸਦੇ ਹਨ ਕਿ ਇਸ ਰੁਝਾਨ ਨੂੰ ਦੇਖਦਿਆਂ ਹੱਕ ਮੰਗਣ ਵਾਲਿਆਂ ਨੂੰ ਹਿਰਾਸਤ ‘ਚ ਲੈਣ ਲਈ ਬੱਸਾਂ, ਜਲ ਤੋਪ,ਦੰਗਾ ਰੋਕੂ ਵਾਹਨ , ਕਮਾਂਡੋਜ਼ ਅਤੇ ਐਂਟੀ ਰਾਇਟਸ ਪੁਲਿਸ ਨੂੰ ਹਮੇਸ਼ਾ ਤਿਆਰ ਬਰ ਤਿਆਰ ਰਹਿਣ ਦੇ ਆਦੇਸ਼ ਦਿੱਤੇ ਹੋਏ ਹਨ ਜੋਕਿ ਸੂਹ ਮਿਲਦਿਆਂ ਹੀ ਵਹੀਰਾਂ ਘੱਤ ਲੈਂਦੇ ਹਨ।
ਪੁਲਿਸ ਦੇ ਜੋਰ ਤੇ ਲੋਕਾਂ ਨੂੰ ਡੱਕਣ ਦੀ ਕੋਸ਼ਿਸ਼
ਜਮਹੂਰੀ ਅਧਿਕਾਰ ਸਭਾ ਬਠਿੰਡਾ ਦੇ ਪ੍ਰੈਸ ਸਕੱਤਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਮੌਕੇ ਸੱਤਾ ਹਥਿਆਉਣ ਲਈ ਕਾਂਗਰਸ ਨੇ ਵੱਡੇ ਵੱਡੇ ਵਾਅਦੇ ਕਰ ਲਏ ਜਿੰਨ੍ਹਾਂ ਨੂੰ ਪੂਰਾ ਕਰਨ ਤੋਂ ਭੱਜਣ ਕਾਰਨ ਪੈਦੋ ਹੋਏ ਲੋਕ ਰੋਹ ਤੋਂ ਬਚਣ ਲਈ ਹੁਣ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਇਸੇ ਕਾਰਨ ਹੀ ਹੱਕ ਮੰਗਣ ਵਾਲਿਆਂ ਤੇ ਲਾਠੀਚਾਰਜ ਕਰਵਾਏ ਜਾ ਰਹੇ ਹਨ ਜਿਸ ਦੀ ਮਿਸਾਲ ਬਠਿੰਡਾ ’ਚ ਪਿਛਲੇ ਦਿਨੀਂ ਠੇਕਾ ਮੁਲਾਜਮਾਂ ਤੇ ਕੀਤੇ ਪੁਲਿਸ ਜਬਰ ਤੋਂ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਆਪਣੀਆਂ ਨੀਤੀਆਂ ਲੋਕ ਪੱਖੀ ਬਣਾਏ ਅਤੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਤਾਂ ਇਸ ਤਰਾਂ ਦੀ ਕਿਲਾਬੰਦੀ ਦੀ ਲੋੜ ਹੀ ਨਹੀਂ ਰਹਿਣੀ ਹੈ।
ਗੱਲ ਕਹਿਣ ਲਈ ਦਫਤਰ ਸਾਫਟ ਟਾਰਗਟ
ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਦੇ ਆਗੂ ਜਗਸੀਰ ਸਿੰਘ ਭੰਗੂ ਦਾ ਕਹਿਣਾ ਸੀ ਕਿ ਵਾਅਦਿਆਂ ਦਾ ਪਹਾੜ ਖੜ੍ਹਾ ਕਰਨ ਵਾਲਾ ਚੋਣ ਮੈਨੀਫੈਸਟੋ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਹੇਠ ਬਣਾਇਆ ਸੀ ਜਿਨ੍ਹਾਂ ਤੋਂ ਭੱਜਣ ਕਰਕੇ ਰੋਸ ਜਤਾਉਣ ਵਾਲਿਆਂ ਲਈ ਵਿੱਤ ਮੰਤਰੀ ਦਾ ਦਫਤਰ ਸਾਫਟ ਟਾਰਗਟ ਬਣਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਤੱਕ ਆਪਣੀ ਗੱਲ ਪਹੁੰਚਾਉਣ ਲਈ ਹੀ ਜਿਆਦਾਤਰ ਸੰਘਰਸ਼ੀ ਧਿਰਾਂ ਇੱਥੇ ਰੋਸ ਮੁਜਾਹਰੇ ਕਰਦੀਆਂ ਹਨ।ਉਨ੍ਹਾਂ ਕਿਹਾ ਕਿ ਕਿਸੇ ਨੂੰ ਧਰਨੇ ਦੇਣ ਸ਼ੌਕ ਨਹੀਂ ਹੈ ਜਦੋਂ ਸਰਕਾਰ ਗੱਲ ਸੁਨਣ ਤੋਂ ਪਾਸਾ ਵੱਟ ਜਾਂਦੀ ਹੈ ਤਾਂ ਲੋਕ ਮਜਬੂਰੀ ਵੱਸ ਰੋਸ ਧਰਨਿਆਂ ਦੇ ਰਾਹ ਪੈਂਦੇ ਹਨ। ਉਨ੍ਹਾਂ ਕਿਹਾ ਕਿ ਬਠਿੰਡਾ ਥਰਮਲ ਦੀਆਂ ਬੰਦ ਚਿਮਨੀਆਂ ਨੂੰ ਲੈਕੇ ਹੰਝੂ ਵਹਾਉਣ ਵਾਲੇ ਵਿੱਤ ਮੰਤਰੀ ਨੇ ਤਾਂ ਥਰਮਲ ਵੀ ਬੰੰਦ ਕਰ ਦਿੱਤਾ ਹੈ।
ਸੁਰੱਖਿਆ ਕਰਕੇ ਲਾਏ ਬੈਰੀਕੇਡ:ਐਸਪੀ
ਐਸਪੀ ਸਿਟੀ ਜਸਪਾਲ ਸਿੰਘ ਦਾ ਕਹਿਣਾ ਸੀ ਕਿ ਪੁਲਿਸ ਦੀ ਡਿਊਟੀ ਸੁਰੱਖਿਆ ਕਰਨਾ ਹੈ ਜਿਸ ਕਰਕੇ ਹੀ ਵਿੱਤ ਮੰਤਰੀ ਦੇ ਦਫਤਰ ਦੀ ਰਾਖੀ ਹੀ ਬੈਰੀਕੇਡ ਲਾਏ ਹਨ। ਉਨ੍ਹਾਂ ਆਖਿਆ ਕਿ ਸਥਿਤੀ ਨੂੰ ਦੇਖਦਿਆਂ ਹੀ ਇਨ੍ਹਾਂ ਬੈਰੀਕੇਡਾਂ ਨੂੰ ਪੱਕੇ ਤੌਰ ਤੇ ਹੀ ਲਾ ਦਿੱਤਾ ਗਿਆ ਹੈ।
p
Advertisement