ਪੁਲਿਸ ਭਰਤੀ ਦੇ ਪੇਪਰ ਦੀ ਤਿਆਰੀ ਕਰਨ ਗਈ ਲੜਕੀ ਅਗਵਾ
ਪਰਦੀਪ ਕਸਬਾ, ਬਰਨਾਲਾ, 31 ਜੁਲਾਈ 2021
ਸ਼ਹਿਰ ਦੇ ਤਰਕਸ਼ੀਲ ਚੌਂਕ ਨੇੜੇ ਇੱਕ ਅਕੈਡਮੀ ‘ਚ ਪੁਲਿਸ ਭਰਤੀ ਦੇ ਪੇਪਰ ਦੀ ਤਿਆਰੀ ਕਰਨ ਪਹੁੰਚੀ ਇੱਕ ਨੌਜਵਾਨ ਲੜਕੀ ਨੂੰ ਅਣਪਛਾਤੇ ਵਿਅਕਤੀ ਨੇ ਅਗਵਾ ਕਰ ਲਿਆ। ਪ੍ਰੇਸ਼ਾਨ ਘਰ ਵਾਲਿਆਂ ਨੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ,ਪਰ ਜਦੋਂ ਉਹ ਕਿਤੇ ਨਾ ਮਿਲੀ ਤਾਂ ਪਰਿਵਾਰਕ ਮੈਂਬਰਾਂ ਨੂੰ ਇਹ ਯਕੀਨ ਹੋ ਗਿਆ ਕਿ ਉਨ੍ਹਾਂ ਦੀ ਲੜਕੀ ਨੂੰ ਕੋਈ ਅਣਪਛਾਤਾ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਅਗਵਾ ਕਰਕੇ ਲੈ ਗਿਆ ਹੈ।
ਥਾਣਾ ਟੱਲੇਵਾਲ ਵਿਚ ਲੜਕੀ ਦੇ ਪਿਤਾ ਨੇ ਥਾਣੇ ਵਿਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਲੜਕੀ ਦੇ ਪਿਤਾ ਨੇ ਆਪਣੇ ਦਰਜ ਬਿਆਨਾਂ ਵਿਚ ਕਿਹਾ ਕਿ ਉਸ ਦੀ ਲੜਕੀ ਮਨਪ੍ਰੀਤ ਕੌਰ ਜਿਸ ਦੀ ਉਮਰ 20 ਦੀ ਸਾਲ ਹੈ । ਉਹ ਪਿਛਲੀ ਇੱਕ ਜੁਲਾਈ ਤੋਂ ਵਿਜ਼ਨ ਅਕੈਡਮੀ ਬਰਨਾਲਾ ਵਿੱਚ ਪੰਜਾਬ ਪੁਲੀਸ ਦੀ ਭਰਤੀ ਦੇ ਪੇਪਰ ਦੀ ਤਿਆਰੀ ਕਰਦੀ ਸੀ । ਪਰ ਉਹ ਪਿਛਲੀ 28 ਜੁਲਾਈ ਨੂੰ ਘਰ ਵਾਪਸ ਨਹੀਂ ਆਈ । ਜਿਸ ਦੀ ਉਸ ਨੇ ਅਤੇ ਉਸ ਦੇ ਪਰਿਵਾਰ ਵਾਲਿਆਂ ਨੇ ਬਹੁਤ ਤਲਾਸ਼ ਕੀਤੀ। ਉਨ੍ਹਾਂ ਕਿਹਾ ਕਿ ਉਸ ਨੇ ਆਪਣੀ ਲੜਕੀ ਦੀ ਤਲਾਸ਼ ਆਪਣੇ ਰਿਸ਼ਤੇਦਾਰੀਆਂ ਵਿੱਚ ਵੀ ਕੀਤੀ। ਲੜਕੀ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਉਸ ਦੀ ਲੜਕੀ ਨੂੰ ਕੋਈ ਨਾਮਲੂਮ ਵਿਅਕਤੀ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਬਹਿਲਾ ਫੁਸਲਾ ਕੇ ਅਗਵਾ ਕਰਕੇ ਲੈ ਗਿਆ ਹੈ ।
ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਦੇ ਪਿਤਾ ਭੋਲਾ ਸਿੰਘ ਪੁੱਤਰ ਮੁਖਤਿਆਰ ਸਿੰਘ ਨਿਵਾਸੀ ਦੀਵਾਨਾ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 363/366 ਆਈ.ਪੀ.ਸੀ. ਤਹਿਤ ਮੁਕੱਦਮਾ ਦਰਜ ਕਰਕੇ ਲੜਕੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀ ਨੂੰ ਗਿਰਫਤਾਰ ਕਰਕੇ, ਅਗਵਾ ਲੜਕੀ ਨੂੰ ਬਰਾਮਦ ਕਰਵਾ ਕੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।