ਸ਼ਹਿਰੀਆਂ ਦੇ 350 ਨਕਸ਼ਿਆਂ ਨੂੰ ਕਈ ਸਾਲਾਂ ਤੋਂ ਨਹੀਂ ਮਿਲੀ ਪ੍ਰਵਾਨਗੀ
ਹਰਿੰਦਰ ਨਿੱਕਾ , ਬਰਨਾਲਾ 7 ਜੁਲਾਈ 2021
ਜਿਲ੍ਹੇ ਦੇ ਪਹਿਲੇ ਏ.ਡੀ.ਸੀ. ਅਰਬਨ ਸ੍ਰੀ ਅਮਿਤ ਬੈਂਬੀ ਨੇ ਨਗਰ ਕੌਂਸਲ ਅਧਿਕਾਰੀਆਂ ਨਾਲ ਕੌਂਸਲ ਦਫਤਰ ਪਹੁੰਚ ਕੇ ਕੀਤੀ ਪਹਿਲੀ ਮੀਟਿੰਗ ਦੌਰਾਨ ਹੀ ਨਜਾਇਜ ਕਾਲੋਨੀਆਂ, ਸੀ ਐਲ ਯੂ ਕੇਸਾਂ ਅਤੇ ਨਕਸ਼ਿਆਂ ਦੀ ਪੈਡੇਂਸੀ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਅਧਿਕਾਰੀਆਂ ਦੀ ਖੂਬ ਤਾੜਨਾ ਕੀਤੀ । ਇਹ ਜਾਣਕਾਰੀ ਨਗਰ ਕੌਂਸਲ ਦੇ ਭਰੋਸੇਯੋਗ ਸੂਤਰਾਂ ਦੇ ਹਵਾਲੇ ਨਾਲ ਬਾਹਰ ਆਈ ਹੈ। ਫਾਇਲਾਂ ਦੀ ਫਰੋਲਾ ਫਰਾਲੀ ਦੌਰਾਨ ਸਾਹਮਣੇ ਆਇਆ ਕਿ ਇਲਾਕੇ ਅੰਦਰ ਨਜ਼ਾਇਜ ਕਲੋਨੀਆਂ ਦੀ ਭਰਮਾਰ ਹੈ, ਸੀ.ਐਲ.ਯੂ. ਦੇਣ ਲਈ ਗੈਰਜਰੂਰੀ ਅੜਿੱਕੇ ਡਾਹੇ ਜਾ ਰਹੇ ਹਨ। ਇੱਥੋਂ ਤੱਕ ਕਿ ਨਗਰ ਕੌਂਸਲ ਬਰਨਾਲਾ ਵਿੱਚ ਇਸ ਸਮੇਂ ਕਰੀਬ 350 ਤੋਂ ਜਿਆਦਾ ਨਕਸ਼ਿਆਂ ਨੂੰ ਸਮਰੱਥ ਅਧਿਕਾਰੀਆਂ ਦੀ ਪ੍ਰਵਾਨਗੀ ਦਾ ਸਾਲਾਂ ਬੱਧੀ ਇੰਤਜ਼ਾਰ ਹੈ। ਨਗਰ ਕੌਂਸਲ ਦੀ ਅਜਿਹੀ ਭਿਅੰਕਰ ਤਸਵੀਰ ਸਾਹਮਣੇ ਆਉਣ ਤੇ ਏ.ਡੀ.ਸੀ. ਅਮਿਤ ਬੈਂਬੀ ਕਾਫੀ ਗੁੱਸੇ ਵਿੱਚ ਆ ਗਏ, ਉਨਾਂ ਕੌਂਸਲ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਪੈਂਡੈਂਸੀ ਦਾ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਇਸ ਸਬੰਧੀ ਸ੍ਰੀ ਬੈਂਬੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਪਰੰਤੂ ਸੰਪਰਕ ਨਹੀਂ ਹੋ ਸਕਿਆ । ਜਦੋਂਕਿ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਮਨਪ੍ਰੀਤ ਸਿੰਘ ਨੇ ਏ.ਡੀ.ਸੀ. ਅਰਬਨ ਸ੍ਰੀ ਅਮਿਤ ਬੈਂਬੀ ਦੇ ਦਫਤਰ ਪਹੁੰਚ ਕੇ ਸਾਰੀਆਂ ਬ੍ਰਾਂਚਾਂ ਦੇ ਕਰਮਚਾਰੀਆਂ ਨਾਲ ਉਨਾਂ ਦੇ ਕੰਮਕਾਜ਼ ਦੀ ਸਮੀਖਿਆ ਕਰਨ ਦੀ ਪੁਸ਼ਟੀ ਕੀਤੀ ਹੈ। ਉਨਾਂ ਕਿਹਾ ਕਿ ਏਡੀਸੀ ਅਰਬਨ ਨੇ ਸਪੱਸ਼ਟ ਹੁਕਮ ਦਿੱਤਾ ਹੈ ਕਿ ਪੈਂਡੇਂਸੀ ਹਰ ਹਾਲ ਵਿੱਚ ਖਤਮ ਹੋਣੀ ਚਾਹੀਂਦੀ ਹੈ। ਉਨਾਂ ਕਿਹਾ ਕਿ ਹਰ ਮਹੀਨੇ ਹਰ ਬ੍ਰਾਂਚ ਦੇ ਕੰਮ ਦੀ ਸਮੀਖਿਆ ਕਰਨ ਬਾਰੇ ਵੀ ਆਦੇਸ਼ ਦਿੱਤਾ ਗਿਆ ਹੈ। ਈਉ ਨੇ ਕਿਹਾ ਕਿ ਏਡੀਸੀ ਸਾਬ੍ਹ ਦੇ ਹੁਕਮਾਂ ਦੀ ਤਾਮੀਲ ਯਕੀਨੀ ਬਣਾਈ ਜਾਵੇਗੀ।
ਵਰਨਣਯੋਗ ਹੈ ਕਿ ਗੈਰਕਾਨੂੰਨੀ ਕਾਲੋਨੀਆਂ/ ਅਣ-ਅਪਰੂਵੜ ਕਲੋਨੀਆਂ ਵਿੱਚ ਨਗਰ ਕੌਂਸਲ ਪ੍ਰਬੰਧਕਾਂ ਦੁਆਰਾ ਕਲੋਨਾਈਜਰਾਂ ਨੂੰ ਲਾਭ ਦੇਣ ਅਤੇ ਕੁੱਝ ਅਧਿਕਾਰੀਆਂ ਵੱਲੋਂ ਆਪਣੀਆਂ ਜੇਬਾਂ ਭਰਨ ਦੇ ਲਾਲਚ ਵਿੱਚ ਨਗਰ ਕੌਂਸਲ ਦੇ ਫੰਡਾਂ ਦਾ ਦੁਰਉਪਯੋਗ ਕਰਨ ਦੇ ਕਾਫੀ ਮਾਮਲੇ ਸਮੇਂ ਸਮੇਂ ਤੇ ਮੀਡੀਆ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦੇ ਰਹੇ ਹਨ। ਪਰੰਤੂ ਅਜਿਹੇ ਮਾਮਲਿਆਂ ਨੂੰ ਕਦੇ ਵੀ ਕਿਸੇ ਅਧਿਕਾਰੀ ਨੇ ਗੰਭੀਰਤਾ ਨਾਲ ਨਹੀਂ ਲਿਆ। ਨਕਸ਼ੇ ਪਾਸ ਕਰਨ ਵਿੱਚ ਟਾਲਮਟੋਲ ਕਰਕੇ ਕੁੱਝ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਦੇ ਕਿੱਸੇ ਲੋਕਾਂ ਦੀ ਜੁਬਾਨ ਤੇ ਰਹਿੰਦੇ ਹਨ ਕਿ ਬਿਨਾਂ ਚਾਂਦੀ ਦੀ ਜੁੱਤੀ ਮਾਰਿਆਂ ਕੌਂਸਲ ਵਿੱਚੋਂ ਨਕਸ਼ਿਆਂ ਤੇ ਪ੍ਰਵਾਨਗੀ ਦੀ ਮੋਹਰ ਨਹੀਂ ਲੱਗਦੀ। ਹੁਣ ਨਗਰ ਕੌਂਸਲ ਦੀਆਂ ਬੇਨਿਯਮੀਆਂ ਤੇ ਘਪਲਿਆਂ ਦੀ ਜਾਂਚ ਦੀ ਗੇਂਦ ਨਵ ਨਿਯੁਕਤ ਏ.ਡੀ.ਸੀ. ਅਰਬਨ ਸ੍ਰੀ ਅਮਿੱਤ ਬੈਂਬੀ ਦੇ ਪਾਲੇ ਵਿੱਚ ਆ ਗਈ ਹੈ।