ਸ਼ਹਿਰ ‘ਚ ਰੋਹ ਭਰਪੂਰ ਮੁਜ਼ਾਹਰੇ ਬਾਅਦ ਡੀਸੀ ਦਫਤਰ ਮੂਹਰੇ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਅਗਨ ਭੇਂਟ ਕੀਤੀਆਂ
ਜੂਨ 84 ‘ਚ ਹਰਮਿੰਦਰ ਸਾਹਿਬ ‘ ਚ ਸ਼ਹੀਦ ਹੋਏ ਬੇਦੋਸ਼ੇ ਸਰਧਾਲੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਪਰਦੀਪ ਕਸਬਾ , ਬਰਨਾਲਾ: 5 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ ਅੱਜ 248 ਵਾਂ ਦਿਨ ਸੰਪੂਰਨ ਕਰਾਂਤੀ ਦਿਵਸ ਵਜੋਂ ਮਨਾਇਆ ਗਿਆ। ਰੇਲਵੇ ਸਟੇਸ਼ਨ ‘ਤੇ ਇਕੱਠੇ ਹੋਣ ਬਾਅਦ ਧਰਨਾਕਾਰੀਆਂ ਨੇ ਆਪਣੇ ਵਾਹਨਾਂ ‘ਤੇ ਸਵਾਰ ਹੋ ਕੇ ਸ਼ਹਿਰ ਵਿੱਚੋਂ ਦੀ ਰੋਹ ਭਰਪੂਰ ਮੁਜ਼ਾਹਰਾ ਕੀਤਾ। ਅਕਾਸ਼ ਗੁੰਜਾਊ ਨਾਹਰਿਆਂ ਰਾਹੀਂਹਜਾਰਾਂ ਕਿਸਾਨ ਮਰਦਾਂ ਤੇ ਔਰਤਾਂ ਨੇ ਮੋਦੀ ਸਰਕਾਰ ਨੂੰ ਲਲਕਾਰਿਆ ਕਿ ਉਹ ਕਾਲੇ ਕਾਨੂੰਨ ਰੱਦ ਕਰਵਾਏ ਬਗੈਰ ਆਪਣਾ ਅੰਦੋਲਨ ਖਤਮ ਨਹੀਂ ਕਰਨਗੇ।
ਵਾਹਨਾਂ ਨੂੰ ਕਚਹਿਰੀ ਚੌਕ ਵਿੱਚ ਪਾਰਕ ਕਰਨ ਬਾਅਦ ਅੰਦੋਲਨਕਾਰੀਆਂ ਨੇ, ਕੜਕਦੀ ਧੁੱਪ ਵਿੱਚ, ਨਾਹਰੇ ਮਾਰਦੇ ਹੋਏ ਡੀਸੀ ਮਾਰਚ ਤੱਕ ਪੈਦਲ ਮਾਰਚ ਕੀਤਾ। ਜੇਠ ਮਹੀਨੇ ਦੀ ਤਿੱਖੀ ਧੁੱਪ ‘ਚ ਬੈਠੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਇੱਕ ਸਾਲ ਦੇ ਸੰਘਰਸ਼ ਦੌਰਾਨ ਅਸੀਂ ਵਧੇਰੇ ਜਥੇਬੰਦ ਹੋਏ ਹਾਂ; ਵਧੇਰੇ ਚੇਤੰਨ ਹੋਏ ਹਾਂ; ਵਧੇਰੇ ਦ੍ਰਿੜ ਹੋਏ ਹਾਂ ਅਤੇ ਕਾਲੇ ਕਾਨੂੰਨਾਂ ਪ੍ਰਤੀ ਵਧੇਰੇ ਸਪੱਸ਼ਟ ਹੋਏ ਹਾਂ। ਸਾਡਾ ਅੰਦੋਲਨ ਵਧੇਰੇ ਮਜ਼ਬੂਤ,ਵਧੇਰੇ ਵਿਆਪਕ, ਵਧੇਰੇ ਸਥਿਰ ਅਤੇ ਵਧੇਰੇ ਸੁਦ੍ਰਿੜ ਹੋਇਆ ਹੈ। ਅਸੀਂ ਅੱਜ ਪਹਿਲਾਂ ਨਾਲੋਂ ਵੀ ਵਧੇਰੇ ਸਿਦਕਦਿਲੀ, ਹੌਂਸਲੇ, ਉਤਸ਼ਾਹ ਤੇ ਜ਼ੋਸ ਨਾਲ ਮੈਦਾਨ ਵਿੱਚ ਡਟੇ ਹੋਏ ਹਾਂ।
ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ, ਮਨਜੀਤ ਰਾਜ, ਨਰੈਣ ਦੱਤ, ਬਾਬੂ ਸਿੰਘ ਖੁੱਡੀ ਕਲਾਂ, ਨਛੱਤਰ ਸਿੰਘ ਸਾਹੌਰ,ਗੁਰਮੀਤ ਸੁੱਖਪੁਰ, ਗੁਰਨਾਮ ਸਿੰਘ ਠੀਕਰੀਵਾਲਾ, ਸੋਨੀ, ਮੇਲਾ ਸਿੰਘ ਕੱਟੂ, ਜਸਪਾਲ ਕੌਰ ਕਰਮਗੜ੍ਹ, ਸੁਖਦਰਸ਼ਨ ਸਿੰਘ , ਜੀਤ ਸਿੰਘ ਕਾਹਨੇਕੇ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਸਰਕਾਰ ਨੇ ਬਦਨੀਤੀ ਨਾਲ,ਕਰੋਨਾ ਦੀ ਬਿਮਾਰੀ ਨੂੰ ਆਪਣੇ ਕਾਲੇ ਮਨਸੂਬੇ ਲਾਗੂ ਕਰਨ ਲਈ ਵਰਤਿਆ। ਤਿੰਨ ਖੇਤੀ ਆਰਡੀਨੈਂਸ ਜਾਰੀ ਕਰਕੇ ਖੇਤੀ ਖੇਤਰ ਨੂੰ ਕਾਰਪੋਰੇਟਾਂ ਦੇ ਹਵਾਲੇ ਕਰਨ ਦੀ ਕੋਝੀ ਸਾਜਿਸ਼ ਰਚੀ। ਕਿਸਾਨ ਝੱਟ ਸਰਕਾਰ ਦੀ ਬਦਨੀਤੀ ਨੂੰ ਸਮਝ ਗਏ ਅਤੇ ਝੱਟ ਅੰਦੋਲਨ ਸ਼ੁਰੂ ਕਰ ਦਿੱਤਾ। ਜੋ ਅੱਜ ਤੱਕ ਜਾਰੀ ਹੈ। ਅਤੇ ਹਰ ਦਿਨ ਨਵੀਆਂ ਬੁਲੰਦੀਆਂ ਹਾਸਲ ਕਰ ਰਿਹਾ ਹੈ।
ਅੱਜ ਦੇ ਦਿਨ ਹੀ ਸੰਨ 1984 ਵਿੱਚ ਹਾਕਮਾਂ ਨੇ, ਗੁਰਪੁਰਬ ਵਾਲੇ ਦਿਨ ਦੀ ਪ੍ਰਵਾਹ ਕੀਤੇ ਬਗੈਰ, ਹਰਮਿੰਦਰ ਸਾਹਿਬ ‘ਤੇ ਹਮਲਾ ਕਰਕੇ ਸੈਂਕੜੇ ਬੇਦੋਸ਼ੇ ਸਰਧਾਲੂਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਇਨ੍ਹਾਂ ਬੇਦੋਸ਼ੇ ਸਰਧਾਲੂਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਲੰਗਰ ਦੀ ਸੇਵਾ ਸ਼੍ਰੀ ਨੰਦੇੜ ਸਾਹਿਬ ਸੇਵਾ ਸੁਸਾਇਟੀ ਨੇ ਨਿਭਾਈ।