ਵੱਡੀਆਂ ਮੰਡੀਆਂ ਸਾਂਝੇ ਰੂਪ ਤੇ ਛੋਟੀਆਂ ਇਕੱਲੇ ਤੌਰ ’ਤੇ ਕਰੀਆਂ ਅਲਾਟ
ਰਘਵੀਰ ਹੈਪੀ , ਬਰਨਾਲਾ, 10 ਅਪਰੈਲ 2021
ਕਣਕ ਦੀ ਫਸਲ ਦੀ ਆਮਦ ਅਤੇ ਖਰੀਦ ਦੇ ਮੱਦੇਨਜ਼ਰ ਜ਼ਿਲਾ ਬਰਨਾਲਾ ਵਿੱਚ ਖਰੀਦ ਏਜੰਸੀਆਂ ਨੂੰ ਖਰੀਦ ਕੇਂਦਰਾਂ ਦੀ ਵੰਡ ਕੀਤੀ ਗਈ ਹੈ। ਇਸ ਸਬੰਧੀ ਜ਼ਿਲਾ ਖੁਰਾਕ ਸਪਲਾਈਜ਼ ਕੰਟਰੋਲਰ ਬਰਨਾਲਾ (ਡੀ.ਐਫ.ਐੱਸ.ਸੀ.) ਅਤਿੰਦਰ ਕੌਰ ਨੇ ਦੱਸਿਆ ਕਿ ਰੱਬੀ ਸੀਜ਼ਨ 2021-22 ਦੇ ਮੱਦੇਨਜ਼ਰ ਜਿਹੜੀਆਂ ਮੰਡੀਆਂ ਸਾਂਝੇ ਰੂਪ ਵਿਚ ਅਲਾਟ ਕੀਤੀਆਂ ਗਈਆਂ ਹਨ। ਉਨਾਂ ਵਿਚ ਬਰਨਾਲਾ ਅਨਾਜ ਮੰਡੀ ਐਫਸੀਆਈ, ਪਨਗਰੇਨ, ਮਾਰਕਫੈਡ, ਪਨਸਪ, ਵੇਅਰਹਾਊਸ ਨੂੰ, ਤਪਾ ਮੰਡੀ ਅੇੈਫਸੀਆਈ, ਮਾਰਕਫੈਡ, ਪਨਸਪ, ਵੇਅਰ ਹਾਊਸ ਨੂੰ, ਭਦੌੜ ਮੰਡੀ ਐਫਸੀਆਈ, ਪਨਗਰੇਨ, ਮਾਰਕਫੈਡ, ਵੇਅਰ ਹਾਊਸ ਨੂੰ, ਧਨੌਲਾ ਤੇ ਮਹਿਲ ਕਲਾਂ ਪਨਗਰੇਨ, ਮਾਰਕਫੈਡ, ਪਨਸਪ ਨੂੰ, ਹੰਡਿਆਇਆ ਅਨਾਜ ਮੰਡੀ ਪਨਗਰੇਨ, ਪਨਸਪ ਨੂੰ, ਪੱਖੋਂ ਕਲਾਂ ਮੰਡੀ ਮਾਰਕਫੈਡ ਤੇ ਪਨਸਪ ਨੂੰ, ਧੌਲਾ, ਕੋਟਦੁੱੱਨਾ, ਸੇਖਾ, ਬਦਰਾ ਅਨਾਜ ਮੰਡੀ ਐਫਸੀਆਈ ਤੇ ਪਨਗਰੇਨ ਨੂੰ ਤੇ ਠੁੱਲੀਵਾਲ ਅਨਾਜ ਮੰਡੀ ਐਫਸੀਆਈ ਤੇ ਵੇਅਰ ਹਾਊਸ ਨੂੰ ਸਾਂਝੇ ਤੌਰ ’ਤੇ ਅਲਾਟ ਕੀਤੀ ਗਈ ਹੈ। ਇਸ ਤੋਂ ਇਲਾਵਾ 86 ਮੰਡੀਆਂ ਇਕੱਲੇ ਇਕੱਲੇ ਤੌਰ ’ਤੇ ਅਲਾਟ ਕੀਤੀਆਂ ਗਈਆਂ ਹਨ। ਇਸ ਮੌਕੇ ਜ਼ਿਲਾ ਮੰਡੀ ਅਫਸਰ ਜਸਪਾਲ ਸਿੰਘ ਨੇ ਦੱਸਿਆ ਕਿ ਜ਼ਿਲਾ ਬਰਨਾਲਾ ਵਿਚ 98 ਪੱਕੀਆਂ ਮੰਡੀਆਂ ਅਤੇ 62 ਸ਼ੈਲਰਾਂ ਨੂੰ ਖਰੀਦ ਕੇਂਦਰ ਐਲਾਨਿਆ ਗਿਆ ਹੈ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਕਰੋਨਾ ਵਾਇਰਸ ਤੋਂ ਬਚਾਅ ਲਈ ਇਹਤਿਆਤ ਜ਼ਰੂਰ ਵਰਤਣ।