ਸਰਕਾਰੀ ਸੋਸ਼ਣ ਤੋਂ ਤੰਗ ਆ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਹੜਤਾਲ ਤੇ ਜਾਣ ਦਾ ਲਿਆ ਫੈਸਲਾ -ਸੂਬਾ ਪ੍ਰਧਾਨ ਅਮਰਜੀਤ ਸਿੰਘ
ਹਰਿੰਦਰ ਨਿੱਕਾ , ਪਟਿਆਲਾ 10 ਅਪ੍ਰੈਲ 2021
ਪੰਜਾਬ ਸਰਕਾਰ ਦੀ ਵਾਅਦਾ ਖਿਲਾਫੀ ਅਤੇ ਸਰਕਾਰੀ ਸੋਸ਼ਣ ਤੋਂ ਤੰਗ ਆ ਕੇ ਨੈਸ਼ਨਲ ਹੈਲਥ ਮਿਸ਼ਨ ਇੰਮਪਲਾਈਜ਼ ਯੂਨੀਅਨ ਪੰਜਾਬ ਦੇ ਕਰਮਚਾਰੀਆਂ ਨੇ 14 ਅਪ੍ਰੈਲ ਤੋਂ ਹੜਤਾਲ ਤੇ ਜਾਣ ਲਈ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਹੈ। ਨੋਟਿਸ ਵਿੱਚ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਰਮਚਾਰੀਆਂ ਨੂੰ ਆਪਣੇ ਵਾਅਦੇ ਮੁਤਾਬਿਕ ਰੈਗੂਲਰ ਨਹੀਂ ਕੀਤਾ ਤਾਂ ਸੂਬੇ ਦੇ ਸਮੂਹ ਕਰਮਚਾਰੀ 14 ਅਪ੍ਰੈਲ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦੇਣਗੇ। ਹੜਤਾਲ ਦੌਰਾਨ ਕਰਮਚਾਰੀ ਵੈਕਸੀਨੇਸ਼ਨ ਦਾ ਬਾਈਕਾਟ ਕਰਨਗੇ ਅਤੇ ਐਮਰਜੈਂਸੀ ਸੇਵਾਵਾਂ ਵੀ ਠੱਪ ਕਰ ਦੇਣਗੇ। ਇਹ ਜਾਣਕਾਰੀ ਨੈਸ਼ਨਲ ਹੈਲਥ ਮਿਸ਼ਨ ਇੰਮਪਲਾਈਜ਼ ਯੂਨੀਅਨ ਦੇ ਸੂਬਾਈ ਪ੍ਰਧਾਨ ਅਮਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨਾਂ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਵਿੱਚ ਆਉਟਸੋਰਸ ਕਰਮਚਾਰੀਆਂ ਸਮੇਤ 9000 ਦੇ ਕਰੀਬ ਕਰਮਚਾਰੀ ਸਾਲ 2008 ਤੋਂ ਬਹੁਤ ਹੀ ਘੱਟ ਤਨਖਾਹ ਤੇ ਠੇਕਾ ਅਧਾਰ ਪਰ ਕੰਮ ਕਰ ਰਹੇ ਹਨ।
ਉਨਾਂ ਕਿਹਾ ਕਿ ਲੰਘੇ ਸਾਲ ਕੋਵਿਡ 19 ਦੀ ਸੁਰੂਆਤ ਦੌਰਾਨ ਸਿਹਤ ਮੰਤਰੀ ਪੰਜਾਬ ਸ੍ਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਸੀ ਕਿ ਕਰੋਨਾਂ ਦੀ ਜੰਗ ਵਿੱਚ ਘੱਟ ਤਨਖਾਹ ਵਿੱਚ ਵੀ ਜੂਝਣ ਵਾਲੇ ਇਨਾਂ ਕਰਮਚਾਰੀਆਂ ਦੀਆਂ ਸੇਵਾਵਾਂ ਰੈਗੂਲਰ ਕਰਕੇ ਇਨਾਂ ਨੂੰ ਰੈਗੂਲਰਾਈਜੇਸ਼ਨ ਦਾ ਇਨਾਮ ਦਿੱਤਾ ਜਾਵੇਗਾ । ਪਰੰਤੂ ਅਜੇ ਤੱਕ ਵੀ ਨਾ ਸੇਵਾਵਾਂ ਰੈਗੂਲਰ ਹੋਈਆਂ ਹਨ ਅਤੇ ਨਾ ਹੀ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਿਕ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾ ਰਹੀ ਹੈ । ਜਦੋਂ ਕਿ ਹਰਿਆਣਾ ਸਰਕਾਰ 2018 ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੁੰ ਪੂਰੀ ਤਨਖਾਹ ਦੇ ਰਹੀ ਹੈ। ਇਹ ਕਰਮਚਾਰੀ ਛੁੱਟੀ ਵਾਲੇ ਦਿਨ ਵੀ ਦਫਤਰ ਆਉਦੇ ਹਨ ਤੇ ਵੈਕਸੀਨੇਸ਼ਨ ਵਿੱਚ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਹਰ ਰੋਜ਼ ਦਫਤਰ ਆਉਣ ਨਾਲ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੇ ਖਰਚੇ ਵੱਧ ਗਏ ਹਨ। ਸਭ ਤੋਂ ਜਿਆਦਾ ਬੁਰਾ ਹਾਲ ਇਸ ਮਿਸ਼ਨ ਵਿੱਚ ਕੰਮ ਕਰ ਰਹੇ ਆਉਟਸੋਰਸ ਕਰਮਚਾਰੀਆਂ ਦਾ ਹੈ।
ਸੂਬਾ ਪ੍ਰਧਾਨ ਨੇ ਕਿਹਾ ਕਿ ਕੋਵਿਡ 19 ਵਿੱਚ ਬਹੁਤ ਸਾਰੇ ਕਰਮਚਾਰੀ ਕਰੋਨਾ ਵਾਇਰਸ ਦਾ ਸਿਕਾਰ ਹੋ ਕੇ ਆਪਣੀਆਂ ਜਾਨਾਂ ਵੀ ਗੁਆ ਚੁੱਕੇ ਹਨ । ਪੰਜਾਬ ਸਰਕਾਰ ਦੇ ਇਸ ਰਵੱਈਏ ਤੋਂ ਤੰਗ ਆ ਕੇ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਇਸ ਮਹੀਨੇ ਹੜਤਾਲ ਤੇ ਜਾਣ ਦਾ ਫੈਸਲਾ ਕਰ ਲਿਆ ਹੈ । ਨੈਸ਼ਨਲ ਹੈਲਥ ਮਿਸ਼ਨ ਅਧੀਨ ਕੰਮ ਕਰਦੇ ਕਰਮਚਾਰੀਆਂ ਵੱਲੋਂ ਹੜਤਾਲ ਦੌਰਾਨ ਵੈਕਸੀਨੇਸ਼ਨ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਐਮਰਜੈਂਸੀ ਸੇਵਾਵਾਂ ਬਿਲਕੁਲ ਬੰਦ ਕਰ ਦਿੱਤੀਆਂ ਜਾਣਗੀਆਂ । ਉਨਾਂ ਦੱਸਿਆ ਕਿ ਸਟੇਟ ਯੂਨੀਅਨ ਵੱਲੋਂ ਬੀਤੇ ਦਿਨੀ ਪੰਜਾਬ ਸਰਕਾਰ ਨੂੰ ਹੜਤਾਲ ਤੇ ਜਾਣ ਦਾ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ 14 ਅਪ੍ਰੈਲ ਨੂੰ ਪੰਜਾਬ ਦੇ ਸਾਰੇ ਕਾਡਰਾਂ ਦੇ ਆਗੂਆਂ ,ਜਿਲ੍ਹਾ ਅਤੇ ਬਲਾਕ ਲੀਡਰਾਂ ਦੀ ਸਹਿਮਤੀ ਨਾਲ ਹੜਤਾਲ ਦਾ ਬਿਗਲ ਵਜਾ ਦਿੱਤਾ ਜਾਵੇਗਾ ।