ਬੁਲੇਟ ਦੇ ਪਟਾਖਿਆਂ ਨਾਲ ਦਹਿਸ਼ਤ ਪਾਉਣ ਵਾਲਿਆਂ ਤੇ ਹੁਣ ਪਈ ਪੁਲਿਸ ਦੀ ਦਹਿਸ਼ਤ
ਹਰਿੰਦਰ ਨਿੱਕਾ , ਬਰਨਾਲਾ 9 ਅਪ੍ਰੈਲ 2021
ਸ਼ਹਿਰ ਅੰਦਰ ਕੁਝ ਹੁੱਲੜਬਾਜਾਂ ਵੱਲੋਂ ਬੁਲੇਟ ਮੋਟਰਸਾਇਕਲਾਂ ਦੇ ਮੋਡੀਫਾਈ ਸਾਈਲੈਂਸਰਾਂ ਰਾਹੀਂ ਪਟਾਖੇ ਪਾ ਕੇ ਫੈਲਾਈ ਜਾ ਰਹੀ ਦਹਿਸ਼ਤ ਤੇ ਰੋਕਥਾਮ ਲਾਉਣ ਲਈ ਦਿਨੋਂ-ਦਿਨ ਪੁਲਿਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਦੇ ਹੁਕਮਾਂ ਤੇ ਬੁਲਡੋਜ਼ਰ ਚਲਾ ਕੇ ਚਰਚਾ ਵਿੱਚ ਆਈ ਪੁਲਿਸ ਨੇ ਅੱਜ ਸਾਈਲੈਂਸਰਾਂ ਨੂੰ ਕਟਰ ਨਾਲ ਕੱਟ ਕੇ ਟੋਟੇ- ਟੋਟੇ ਕਰ ਸੁੱਟਿਆ। ਅੱਜ ਐਸ.ਆਈ ਗੁਰਮੇਲ ਸਿੰਘ ਦੀ ਅਗਵਾਈ ਵਿੱਚ ਕਚਿਹਰੀ ਚੌਂਕ ਵਿਖੇ ਤਾਇਨਾਤ ਪੁਲਿਸ ਪਾਰਟੀ ਨੇ ਬੁਲੇਟ ਮੋਟਰਸਾਈਕਲਾਂ ਦੇ ਪਟਾਖੇ ਪਾਉਣ ਲਈ ਮੋਡੀਫਾਈ ਕੀਤੇ ਸਾਈਲੈਂਸਰਾਂ ਨੂੰ ਲੁਹਾ ਕੇ ਮਿਸਤਰੀ ਤੋਂ ਕਟਰ ਨਾਲ ਕਟਵਾ ਕੇ ਨਿਵੇਕਲੀ ਪਹਿਲ ਕਰ ਦਿੱਤੀ। ਪੁਲਿਸ ਵੱਲੋਂ ਵਿੱਢੀ ਹਿਸ ਮੁਹਿੰਮ ਨਾਲ ਦਹਿਸ਼ਤ ਫੈਲਾ ਰਹੇ ਹੁਲੜਬਾਜਾਂ ਤੇ ਉਲਟਾ ਦਹਿਸ਼ਤ ਪੈ ਗਈ ਹੈ ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਸ.ਆਈ. ਗੁਰਮੇਲ ਸਿੰਘ ਨੇ ਕਿਹਾ ਕਿ ਸ਼ਹਿਰ ਵਿੱਚ ਬੁਲੇਟ ਮੋਟਰਸਾਇਕਲਾਂ ਦੇ ਮੋਡੀਫਾਈ ਸਾਈਲੈਂਸਰਾਂ ਰਾਹੀਂ ਪਟਾਖੇ ਪਾਉਂਦੇ ਹੁੱਲੜਬਾਜਾਂ ਕਾਰਣ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸਾਹਿਬ ਦੇ ਹੁਕਮਾਂ ਤੇ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ। ਤਾਂਕਿ ਸ਼ਹਿਰ ਵਾਸੀ ਬੇਖੌਫ ਰਹਿ ਸਕਣ। ਉਨਾਂ ਕਿਹਾ ਕਿ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਜਾਰੀ ਗਾਈਡਲਾਈਨ ਅਨੁਸਾਰ ਹੀ ਪਟਾਖੇ ਪਾਉਣ ਵਾਲੇ ਸਾਈਲੈਂਸਰ ਲੁਹਾਉਣ ਦੀ ਮੁਹਿੰਮ ਤੇਜ਼ ਕੀਤੀ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਕਰੀਬ 200 ਬੁਲੇਟ ਮੋਟਰਸਾਈਕਲਾਂ ਦੇ ਮੋਡੀਫਾਈ ਸਾਈਲੈਂਸਰਾਂ ਦੇ ਚਲਾਨ ਕੀਤੇ ਗਏ ਹਨ। ਜਦੋਂ ਕਿ 150 ਹੋਰ ਬੁਲੇਟ ਮੋਟਰ ਸਾਈਕਲਾਂ ਦੇ ਸਾਈਲੈਂਸਰਾਂ ਦੇ ਸਾਈਲੈਂਸਰਾਂ ਲੁਹਾ ਕੇ ਕੱਟੇ ਵੀ ਗਏ ਹਨ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਇਹ ਮੁਹਿੰਮ ਹੋਰ ਵੀ ਤੇਜ਼ ਕੀਤੀ ਜਾਵੇਗੀ।
ਪੁਲਿਸ ਨੂੰ ਦੇਖ ਕੇ ਰਾਹ ਬਦਲਣ ਲੱਗੇ ਹੁੱਲੜਬਾਜ!
ਬੁਲੇਟ ਮੋਟਰਸਾਈਕਲਾਂ ਦੇ ਮੋਡੀਫਾਈ ਸਾਈਲੈਂਸਰਾਂ ਖਿਲਾਫ ਸ਼ੁਰੂ ਹੋਈ ਮੁਹਿੰਮ ਤੋਂ ਬਾਅਦ ਹੁੱਲੜਬਾਜਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਹੁਣ ਪੁਲਿਸ ਨੂੰ ਦੇਖ ਕੇ ਹੁੱਲੜਬਾਜ, ਰਾਹ ਬਦਲਣ ਲੱਗ ਪਏ ਹਨ। ਪੁਲਿਸ ਵੀ ਕੋਆਰਡੀਨੇਸ਼ਨ ਨਾਲ ਹੁੱਲੜਬਾਜਾਂ ਨੂੰ ਘੇਰਨ ਲਈ, ਇੱਕ ਨਾਕੇ ਤੋਂ ਬਚ ਕੇ ਨਿਕਲਣ ਵਿੱਚ ਸਫਲ ਹੋਏ ਬੁਲੇਟ ਸਵਾਰਾਂ ਦੀ ਜਾਣਕਾਰੀ ਤੁਰੰਤ ਦੂਸਰੇ ਨਾਕਿਆਂ ਤੇ ਖੜ੍ਹੇ ਪੁਲਿਸ ਕਰਮਚਾਰੀਆਂ ਨੂੰ ਵਾਇਰਲੈਸ ਰਾਹੀਂ ਦੇ ਕੇ ਉਨਾਂ ਨੂੰ ਅੱਗਿਉਂ ਘੇਰਨ ਵਿੱਚ ਸਫਲ ਵੀ ਹੋ ਰਹੀ ਹੈ।