25 ਬੇਰੋਜ਼ਗਾਰ ਨੌਜਵਾਨਾਂ ਨੇ ਟ੍ਰੇਨਿੰਗ ਪ੍ਰੋਗਰਾਮ ਵਿੱਚ ਲਿਆ ਭਾਗ
ਰਵੀ ਸੈਣ , ਹੰਡਿਆਇਆ/ਬਰਨਾਲਾ, 10 ਅਪ੍ਰੈਲ 2021
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ (ਕੇ. ਵੀ. ਕੇ.) ਹੰਡਿਆਇਆ, ਬਰਨਾਲਾ ਵਿਖੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ, ਭਾਰਤ ਸਰਕਾਰ, ਨਵੀਂ ਦਿੱਲੀ ਦਾ 38 ਦਿਨਾਂ ਦਾ ਐਨੀਮਲ ਹੈਲਥ ਵਰਕਰ ਟ੍ਰੇਨਿੰਗ ਪ੍ਰੋਗਰਾਮ ਡਾ. ਪ੍ਰਹਿਲਾਦ ਸਿੰਘ ਤੰਵਰ, ਐਸੋਸੀਏਟ ਡਾਇਰੈਕਟਰ ਕੇ. ਵੀ. ਕੇ., ਬਰਨਾਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਲਗਾਇਆ ਗਿਆ।
ਇਸ ਟ੍ਰੇਨਿੰਗ ਪ੍ਰੋਗਰਾਮ ਵਿੱਚ ਬਰਨਾਲਾ ਜਿ਼ਲ੍ਹੇ ਦੇ ਵੱਖ-ਵੱਖ ਪਿੰਡਾਂ ਦੇ 25 ਬੇਰੋਜ਼ਗਾਰ ਨੌਜਵਾਨ ਜੋ ਕਿ ਪਸ਼ੂਆਂ ਦੀ ਸਿਹਤ ਪ੍ਰਤੀ ਸਵੈ-ਰੁਜ਼ਗਾਰ ਕਰਨ ਲਈ ਚਾਹਵਾਨ ਸਨ ਵੱਲੋਂ ਭਾਗ ਲਿਆ ਗਿਆ । ਇਸ ਟ੍ਰੇਨਿੰਗ ਵਿੱਚ ਪਸ਼ੂਆਂ ਦੀਆਂ ਵੱਖ-ਵੱਖ ਨਸਲਾਂ ਦੀ ਪਹਿਚਾਣ, ਸ਼ੈੱਡਾਂ ਦੀ ਬਣਤਰ, ਭਾਂਤ-ਭਾਂਤ ਦੀ ਸ਼੍ਰੇਣੀ ਲਈ ਸੰਤੁਲਿਤ ਅਹਾਰ ਤਿਆਰ ਕਰਨ, ਵਧੀਆ ਨਸਲ ਦੇ ਦੁਧਾਰੂ ਪਸ਼ੂਆਂ ਦੀ ਚੇਨ, ਮਨਸੂਈ ਗਰਭਧਾਰਨ, ਗਰਭਧਾਰਨ ਲਈ ਚੰਗੇ ਝੋਟੇ ਦੀ ਚੋਣ, ਪਸ਼ੂਆਂ ਦਾ ਤਾਪਮਾਨ ਤੇ ਸਾਹ ਦੀ ਦਰ ਨਾਪਣ, ਬਿਮਾਰ ਪਸ਼ੂਆਂ ਦੀ ਪਹਿਚਾਣ, ਡੇਅਰੀ ਫਾਰਮ ਦਾ ਰਿਕਾਰਡ, ਆਦਿ ਬਾਰੇ ਜਾਣਕਾਰੀ ਉਪਲੱਬਧ ਕਰਵਾਈ ਗਈ।
ਇਸ ਕੋਰਸ ਦੌਰਾਨ ਪਰੈਕਟੀਕਲ ਪਹਿਲੂਆਂ ਉੱਪਰ ਜਿਆਦਾ ਧਿਆਨ ਦਿੱਤਾ ਗਿਆ। ਇਸ ਟ੍ਰੇਨਿੰਗ ਵਿੱਚ ਡਾ. ਆਰ.ਐਸ.ਸਹੋਤਾ, ਸਾਬਕਾ ਡੀ.ਈ.ਈ., ਗਾਡਵਾਸੂ, ਡਾ. ਐਚ ਐਸ ਧਾਲੀਵਾਲ, ਡਾਇਰੈਕਟਰ ਪਮੇਟੀ, ਲੁਧਿਆਣਾ, ਡਾ. ਯਸ਼ਵੰਤ ਸਿੰਘ, ਪ੍ਰੋਫੈਸਰ ਵੈਟਨਰੀ ਕਾਲਜ, ਰਾਮਪੁਰਾ ਫੂਲ, ਡਾ. ਪਰਮਿੰਦਰ ਸਿੰਘ ਐਸੋਸ਼ੀਏਟ, ਡਾਇਰੈਕਟਰ ਕੇ.ਵੀ.ਕੇ., ਮੋਹਾਲੀ, ਡਾ. ਪ੍ਰਤੀਕ ਜਿੰਦਲ, ਸਹਾਇਕ ਪ੍ਰੋਫੈਸਰ, ਕੇ.ਵੀ.ਕੇ., ਬਰਨਾਲਾ ਅਤੇ ਪਸ਼ੂ ਵਿਭਾਗ ਬਰਨਾਲਾ ਆਦਿ ਨੇ ਜਾਣਕਾਰੀ ਸਾਂਝੀ ਕੀਤੀ।
ਇਸ ਟ੍ਰੇਨਿੰਗ ਦੇ ਅੰਤ ਵਿੱਚ ਸਿਖਿਆਰਥੀਆਂ ਦਾ ਮੁਲਾਂਕਣ ਵੀ ਕੀਤਾ ਗਿਆ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਵੱਖ-ਵੱਖ ਤਰ੍ਹਾਂ ਦੇ ਸਾਹਿਤ ਅਤੇ ਕਿੱਟਾਂ ਦੀ ਵੰਡ ਵੀ ਕੀਤੀ ਗਈ।