ਥਾਣਾ ਸ਼ਹਿਣਾ ਦਾ ਐਸ.ਐਚ.ਉ. ਗੁਰਪ੍ਰੀਤ ਸਿੰਘ ,ਏ.ਐਸ.ਆਈ.ਮੱਖਣ ਸ਼ਾਹ ਅਤੇ ਕਾਂਸਟੇਬਲ ਗੁਰਬਖਸ਼ੀਸ਼ ਜਖਮੀ, ਹਸਪਤਾਲ ਭਰਤੀ
ਨਿਹੰਗ ਸਿੰਘ ਦੇ ਖਿਲਾਫ ਕੇਸ ਦਰਜ਼ ਕਰਨ ਦੀਆਂ ਤਿਆਰੀਆਂ ‘ਚ ਲੱਗੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2020
ਸ਼ਹਿਣਾ ਕਸਬੇ ਦੀ ਰਹਿਣ ਵਾਲੀ ਔਰਤ ਪਰਮਜੀਤ ਕੌਰ ਵੱਲੋਂ ਵੀਰਵਾਰ ਦੇਰ ਰਾਤ 112 ਨੰਬਰ ਰਾਹੀਂ ਕੰਟਰੋਲ ਰੂਮ ਤੇ ਦਰਜ ਕਰਵਾਈ ਸ਼ਕਾਇਤ ਦੀ ਪੜਤਾਲ ਲਈ ਨਿਹੰਗ ਦਰਸ਼ਨ ਸਿੰਘ ਦੇ ਘਰ ਪਹੁੰਚੀ ਪੁਲਿਸ ਪਾਰਟੀ ਉੱਪਰ ਉਲਟਾ ਨਿਹੰਗ ਸਿੰਘ ਨੇ ਹੀ ਤੇਜ ਧਾਰ ਗੰਡਾਸੀ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਹਮਲੇ ਦੌਰਾਨ ਐਸ.ਐਚ.ਉ. ਗੁਰਪ੍ਰੀਤ ਸਿੰਘ, ਮਾਮਲੇ ਦਾ ਤਫਤੀਸ਼ ਅਧਿਕਾਰੀ ਏ.ਐਸ.ਆਈ.ਮੱਖਣ ਸ਼ਾਹ ਅਤੇ ਕਾਂਸਟੇਬਲ ਗੁਰਬਖਸ਼ੀਸ਼ ਸਿੰਘ ਜਖਮੀ ਹੋ ਗਏ। ਪੁਲਿਸ ਪਾਰਟੀ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਵਿੱਚ ਨਿਹੰਗ ਸਿੰਘ ਦੇ ਪੈਰ ਤੇ ਵੀ ਮਾਮੂਲੀ ਸੱਟ ਲੱਗੀ। ਪੁਲਿਸ ਮੁਲਾਜਮਾਂ ਸਮੇਤ ਨਿਹੰਗ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਿਲ ਕਰਵਾਇਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਦਰਸ਼ਨ ਸਿੰਘ ਪੁੱਤਰ ਤਾਰਾ ਸਿੰਘ ਉਮਰ ਕਰੀਬ 65 ਸਾਲ ਦੀ ਗੁਆਂਢਣ ਪਰਮਜੀਤ ਕੌਰ ਨੇ ਸ਼ਕਾਇਤ ਕਰਕੇ ਦੱਸਿਆ ਕਿ ਨਿਹੰਗ ਦਰਸ਼ਨ ਸਿੰਘ ਕਾਫੀ ਖਰੂਦ ਪਾ ਰਿਹਾ ਹੈ,ਗਾਲੀ ਗਲੋਚ ਕਰਕੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਹੈ। ਸੂਚਨਾ ਮਿਲਦਿਆਂ ਹੀ ਏ.ਐਸ.ਆਈ.ਮੱਖਣ ਸ਼ਾਹ ਅਤੇ ਕਾਂਸਟੇਬਲ ਗੁਰਬਖਸ਼ੀਸ਼ ਸਿੰਘ ਪੁਲਿਸ ਪਾਰਟੀ ਸਣੇ ਸ਼ਕਾਇਤ ਦੀ ਪੜਤਾਲ ਦੇ ਸਬੰਧ ਵਿੱਚ ਨਿਹੰਗ ਦਰਸ਼ਨ ਸਿੰਘ ਦੇ ਘਰ ਪਹੁੰਚੇ। ਉਸ ਨੇ ਪੁਲਿਸ ਪਾਰਟੀ ਦੀ ਕੋਈ ਗੱਲ ਸੁਣਨ ਦੀ ਬਜਾਏ ਉਲਟਾ ਤਕਰਾਰਬਾਜੀ ਕਰਦਿਆਂ ਏ.ਐਸ.ਆਈ.ਮੱਖਣ ਸ਼ਾਹ ਅਤੇ ਕਾਂਸਟੇਬਲ ਗੁਰਬਖਸ਼ੀਸ਼ ਸਿੰਘ ਉੱਪਰ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਗੰਡਾਸੀ ਨਾਲ ਵਾਰ ਕਰ ਦਿੱਤਾ। ਜਿੰਨਾਂ ਨੇ ਮੁਸ਼ਕਿਲ ਨਾਲ ਆਪਣਾ ਬਚਾ ਕਰ ਲਿਆ।
ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਸੂਚਨਾ ਮਿਲਣ ਤੇ ਐਸ.ਐਚ.ਉ. ਗੁਰਪ੍ਰੀਤ ਸਿੰਘ ਵੀ ਹੋਰ ਪੁਲਿਸ ਪਾਰਟੀ ਸਮੇਤ ਵਾਰਦਾਤ ਵਾਲੀ ਥਾਂ ਤੇ ਪਹੁੰਚੇ, ਪਰੰਤੂ ਕਥਿਤ ਨਸ਼ੇ ਵਿੱਚ ਧੁੱਤ ਨਿਹੰਗ ਸਿੰਘ ਨੇ ਐਸ.ਐਚ.ਉ. ਤੇ ਵੀ ਤੇਜਧਾਰ ਗੰਡਾਸੀ ਨਾਲ ਵਾਰ ਕੀਤਾ, ਜਿਸ ਨੂੰ ਐਸ.ਐਚ.ਉ. ਨੇ ਆਪਣਾ ਹੱਥ ਅੱਗੇ ਕਰਕੇ ਬਚਾ ਲਿਆ। ਪਰੰਤੂ ਐਸ.ਐਚ.ਉ. ਦੇ ਹੱਥ ਤੇ ਸੱਟ ਲੱਗ ਗਈ। ਉੱਧਰੋਂ ਪੁਲਿਸ ਤੋਂ ਬਚ ਕੇ ਭੱਜਦਾ ਹੋਇਆ ਨਿਹੰਗ ਦਰਸ਼ਨ ਸਿੰਘ ਵੀ ਜਖਮੀ ਹੋ ਗਿਆ। ਨਿਹੰਗ ਸਿੰਘ ਅਤੇ ਪੁਲਿਸ ਪਾਰਟੀ ਸਮੇਤ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ।