ਅੱਗੇ ਅੱਗੇ ਦੋਸ਼ੀ ਤੇ ਪਿੱਛੇ ਪਿੱਛੇ ਪੁਲਿਸ, ਨਿਸ਼ਾਨਦੇਹੀ ਤੇ ਕੱਢਵਾ ਲਈ ਗਟਰ ‘ਚ ਸੁੱਟੀ ਲਾਸ਼
ਹਰਿੰਦਰ ਨਿੱਕਾ/ ਰਘਬੀਰ ਹੈਪੀ , ਬਰਨਾਲਾ 10 ਦਸੰਬਰ 2020
ਡੀਐਸਪੀ ਲਖਵੀਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਹੁਣੇ-ਹੁਣੇ ਡਿਊਟੀ ਮੈਜਿਸਟ੍ਰੇਟ ਤਹਸੀਲਦਾਰ ਦੀ ਦੇਖ-ਰੇਖ ਅਤੇ ਗਿਰਫ਼ਤਾਰ 5 ਦੋਸ਼ੀਆਂ ਦੀ ਨਿਸ਼ਾਨਦੇਹੀ ਤੇ 7 ਦਿਨ ਪਹਿਲਾਂ ਬੇਰਹਿਮੀ ਨਾਲ ਵੱਢ ਕੇ ਸੀਵਰੇਜ ਦੇ ਗਟਰ ਵਿੱਚ ਸੁੱਟੀ ਲਾਸ਼ ਬਰਾਮਦ ਕਰ ਲਈ। ਬਰਨਾਲਾ ਟੂਡੇ ਦੀ ਟੀਮ ਨੇ ਪੁਲਿਸ ਦੀ ਕਾਰਵਾਈ ਨੂੰ ਲਾਈਵ ਕਵਰ ਕਰ ਲਿਆ। ਪੁਲਿਸ ਪਾਰਟੀ ਜਦੋਂ ਪੰਜ ਦੋਸ਼ੀਆਂ ਨੂੰ ਲੈ ਕੇ ਆਸਥਾ ਕਲੋਨੀ ਦੀ ਬੈਕ ਸਾਈਡ ਪਹੁੰਚੀ ਤਾਂ ਦੋਸੀ ਅੱਗੇ ਅੱਗੇ ਜਾ ਉਸ ਗਟਰ ਕੋਲ ਪਹੁੰਚ ਗਏ, ਜਿੱਥੇ ਉੱਨਾ 5 ਦਸੰਬਰ ਦੀ ਸੁਬ੍ਹਾ ਤੜਕੇ ਸਨੀ ਉਰਫ ਗੋਰਾ ਪੁੱਤਰ ਅਨਿਲ ਕੁਮਾਰ ਵਾਸੀ ਫੌਜੀ ਬਸਤੀ ਬਰਨਾਲਾ ਦੀ ਲਾਸ਼ ਖੁਰਦ ਬੁਰਦ ਕਰਨ ਦੇ ਇਰਾਦੇ ਨਾਲ ਗਟਰ ਵਿੱਚ ਸੁੱਟ ਦਿੱਤੀ ਸੀ। ਪੁਲਿਸ ਪਾਰਟੀ ਨੇ ਕਾਫੀ ਮਸ਼ਕਤ ਨਾਲ ਗਟਰ ਦਾ ਢੱਕਣ ਚੁੱਕਵਾ ਕੇ ਦੋ ਹਿੱਸਿਆਂ ਵਿੱਚ ਬੰਨ੍ਹ ਕੇ ਸੁੱਟੀ ਲਾਸ਼ ਨੂੰ ਕਢਵਾਉਣ ਵਿੱਚ ਸਫਲਤਾ ਹਾਸਿਲ ਕਰ ਲਈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ 4 ਦਸੰਬਰ ਨੂੰ ਸਨੀ ਉਰਫ ਗੋਰਾ ਪੁੱਤਰ ਅਨਿਲ ਕੁਮਾਰ ਵਾਸੀ ਫੌਜੀ ਬਸਤੀ ਨੇੜੇ ਭੀਮੇ ਦੀ ਚੱਕੀ ਸੇਖਾ ਰੋਡ ਬਰਨਾਲਾ ਦਾ ਰਾਮ ਪ੍ਰਤਾਪ ,ਰਵੀ ਪਾਂਡੇ,ਰਜਨੀਸ਼ ਮੱਖਣ, ਕੁੰਦਨ ਪ੍ਰਸ਼ਾਦ ਅਤੇ ਭੀਮਾ ਸਾਰੇ ਵਾਸੀ ਪ੍ਰੇਮ ਨਗਰ ਬਰਨਾਲਾ ਦੇ ਨੌਜਵਾਨਾਂ ਨਾਲ ਕ੍ਰਿਕਟ ਖੇਡਣ ਸਮੇਂ ਝਗੜਾ ਹੋ ਗਿਆ ਸੀ। ਝਗੜੇ ਤੋਂ ਬਾਅਦ ਦੋਸੀਆਂ ਨੇ ਬਾਅਦ ਰਾਤ ਸਮੇਂ ਸਨੀ ਉਰਫ ਗੋਰਾ ਨੂੰ ਕਿਰਪਾਨ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਮੌਕੇ ਥਾਣਾ ਸਦਰ ਦੇ ਐਸ ਐਚ ਉ ਬਲਜੀਤ ਸਿੰਘ, ਥਾਣਾ ਸਿਟੀ 2 ਦੇ ਐਸ ਐਚ ਉ ਗੁਰਮੇਲ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਵੀ ਵਿਸੇਸ਼ ਤੌਰ ਤੇ ਹਾਜਿਰ ਰਹੇ।