ਭੇਦਭਰੀ ਹਾਲਤ ‘ਚ 4 ਦਸੰਬਰ ਨੂੰ ਘਰੋਂ ਲਾਪਤਾ ਹੋਇਆ ਸੀ ਸਨੀ
ਰਾਏਕੋਟ ਰੋਡ ਤੇ ਪੈਂਦੀ ਫੌਜੀ ਬਸਤੀ ਦਾ ਰਹਿਣ ਵਾਲਾ ਹੈ ਮਕਤੂਲ ਸਨੀ
ਹਰਿੰਦਰ ਨਿੱਕਾ , ਬਰਨਾਲਾ 10 ਦਸੰਬਰ 2020
ਕਰੀਬ ਇੱਕ ਹਫਤਾ ਪਹਿਲਾਂ ਭੇਦਭਰੀ ਹਾਲਤ ਵਿੱਚ ਘਰੋਂ ਲਾਪਤਾ ਹੋਏ ਸ਼ਹਿਰ ਦੀ ਫੌਜੀ ਬਸਤੀ ਖੇਤਰ ਦੇ ਰਹਿਣ ਵਾਲੇ ਇੱਕ ਲੜਕੇ ਸਨੀ ਉਰਫ ਗੋਰਾ ਨੂੰ ਬੇਰਹਿਮੀ ਨਾਲ ਕਤਲ ਕਰਕੇ ਸੀਵਰੇਜ ਦੇ ਗਟਰ ਵਿੱਚ ਸੁੱਟ ਦੇਣ ਦਾ ਕਾਫੀ ਸੰਗੀਨ ਮਾਮਲਾ ਸਾਹਮਣੇ ਆਇਆ ਹੈ। ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ 5 ਨਾਮਜਦ ਦੋਸ਼ੀਆਂ ਨੂੰ ਪੁਲਿਸ ਨੇ ਪੁੱਛਗਿੱਛ ਲਈ ਹਿਰਾਸਤ ਵਿੱਚ ਲੈ ਕੇ ਲਾਸ਼ ਬਰਾਮਦ ਕਰਵਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਦੱਸਿਆ ਕਿ 4 ਦਸੰਬਰ ਨੂੰ ਸਨੀ ਉਰਫ ਗੋਰਾ ਪੁੱਤਰ ਅਨਿਲ ਕੁਮਾਰ ਵਾਸੀ ਫੌਜੀ ਬਸਤੀ ਨੇੜੇ ਭੀਮੇ ਦੀ ਚੱਕੀ ਸੇਖਾ ਰੋਡ ਬਰਨਾਲਾ ਦਾ ਰਾਮ ਪ੍ਰਤਾਪ ,ਰਵੀ ਪਾਂਡੇ,ਰਜਨੀਸ਼ ਮੱਖਣ, ਕੁੰਦਨ ਪ੍ਰਸ਼ਾਦ ਅਤੇ ਭੀਮਾ ਸਾਰੇ ਵਾਸੀ ਪ੍ਰੇਮ ਨਗਰ ਬਰਨਾਲਾ ਦੇ ਨੌਜਵਾਨਾਂ ਨਾਲ ਕ੍ਰਿਕਟ ਖੇਡਣ ਸਮੇਂ ਝਗੜਾ ਹੋ ਗਿਆ ਸੀ। ਝਗੜੇ ਤੋਂ ਬਾਅਦ ਰਾਤ ਸਮੇਂ ਸਨੀ ਉਰਫ ਗੋਰਾ , ਰਜਨੀਸ਼ ਕੁਮਾਰ ਮੱਖਣ ਦੀ ਚਿਕਨ ਵਾਲੀ ਰੇਹੜੀ ਤੇ ਜਾ ਕੇ ਸ਼ਰਾਬ ਪੀਣ ਲਈ ਗਿਲਾਸ ਦੇਣ ਦੀ ਜਿੱਦ ਕਰਨ ਲੱਗ ਪਿਆ। ਪਰੰਤੂ ਮੱਖਣ ਵੱਲੋਂ ਉਸ ਨੂੰ ਰੇਹੜੀ ਦੇ ਸ਼ਰਾਬ ਪੀਣ ਤੋਂ ਰੋਕਿਆ ਤਾਂ ਗੋਰਾ , ਰਾਪ ਪ੍ਰਤਾਪ ਨੂੰ ਨਾਲ ਲੈ ਕੇ ਰੇਹੜੀ ਦੇ ਪਿਛਲੇ ਵਾਸੇ ਹਨ੍ਹੇਰੇ ਵੱਲ ਚਲਾ ਗਿਆ। ਦਿਨ ਦੀ ਲੜਾਈ ਦੀ ਰੰਜਿਸ਼ ਕਰਕੇ ਹੀ ਰਾਮ ਪ੍ਰਤਾਪ ਨੇ ਸਨੀ ਉਰਫ ਗੋਰੇ ਦੇ ਸਿਰ ਦੇ ਇੱਟ ਦਾ ਵਾਰ ਕਰ ਦਿੱਤਾ। ਜਦੋਂ ਉਹ ਡਿੱਗ ਪਿਆ ਤਾਂ ਉਕਤ ਬਾਕੀ ਦੋਸ਼ੀਆਂ ਨੇ ਕਿਰਪਾਨ ਨਾਲ ਸਨੀ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਇੱਕ ਵਾਰ ਰਾਤ ਸਮੇਂ ਸਾਰੇ ਦੋਸ਼ੀ ਨਜਦੀਕ ਹੀ ਲਾਸ਼ ਲੁਕੋ ਕੇ ਚਲੇ ਗਏ। 5 ਦਸੰਬਰ ਦੀ ਤੜ੍ਹਕੇ ਸਾਰੇ ਦੋਸ਼ੀਆਂ ਨੇ ਮਿਲ ਕੇ ਲਾਸ਼ ਖੁਰਦ ਬੁਰਦ ਕਰਨ ਲਈ ਲਾਸ਼ ਆਸਥਾ ਕਲੋਨੀ ਦੀ ਬੈਕ ਸਾਈਡ ਸੀਵਰੇਜ ਦੇ ਗਟਰ ਵਿੱਚ ਸੁੱਟ ਦਿੱਤੀ।
ਡੀ.ਐਸ.ਪੀ. ਟਿਵਾਣਾ ਨੇ ਦੱਸਿਆ ਕਿ ਜਦੋਂ ਸਨੀ ਉਰਫ ਗੋਰਾ ਘਰ ਨਹੀਂ ਪਹੁੰਚਿਆਂ ਤਾਂ ਉਸ ਦੇ ਭਰਾ ਆਦੇਸ਼ ਕੁਮਾਰ ਨੇ ਆਪਣੇ ਭਰਾ ਦੇ ਲਾਪਤਾ ਹੋਣ ਦੀ ਸੂਚਨਾ ਥਾਣਾ ਸਿਟੀ 2 ਬਰਨਾਲਾ ਵਿਖੇ ਦਿੱਤੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਐਚ.ਉ ਗੁਰਮੇਲ ਸਿੰਘ ਨੇ ਮਾਮਲੇ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਅਤੇ ਜਦੋਂ ਉਨਾਂ ਨੂੰ ਇਹ ਪਤਾ ਲੱਗਿਆ ਕਿ ਮ੍ਰਿਤਕ ਦਾ ਦੋਸ਼ੀਆਂ ਨਾਲ 4 ਦਸੰਬਰ ਨੂੰ ਹੀ ਝਗੜਾ ਹੋਇਆ ਸੀ ਤਾਂ ਉਨਾਂ ਆਲ੍ਹਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸ਼ੱਕੀ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਡੀਐਸਪੀ ਟਿਵਾਣਾ ਨੇ ਕਿਹਾ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਉਕਤ ਸਾਰੇ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 302/201/506/34 ਆਈ.ਪੀ.ਸੀ. ਤਹਿਤ ਥਾਣਾ ਸਿਟੀ ਵਿਖੇ ਕੇਸ ਦਰਜ਼ ਕਰ ਦਿੱਤਾ ਹੈ। ਉਨਾਂ ਕਿਹਾ ਕਿ ਡਿਊਟੀ ਮਜਿਸਟ੍ਰੇਟ ਤਹਿਸੀਲਦਾਰ ਦੀ ਨਿਗਰਾਨੀ ਵਿੱਚ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਜਲਦ ਹੀ ਗਟਰ ਵਿੱਚੋਂ ਲਾਸ਼ ਬਰਾਮਦ ਕਰਵਾ ਲਈ ਜਾਵੇਗੀ।