ਕੌੜਾ ਸੱਚ ਇਹ ਵੀ- ਸਰਕਾਰੀ ਹਸਪਤਾਲ ਦੇ ਮਰੀਜਾਂ ਨੂੰ ਖੁਰਾਕ ਉਪਲੱਭਧ ਕਰਵਾ ਰਹੀ ਭਗਤ ਮੋਹਨ ਲਾਲ ਸੇਵਾ ਸੰਮਤੀ
ਹਰਿੰਦਰ ਨਿੱਕਾ , ਬਰਨਾਲਾ 10 ਦਸੰਬਰ 2020
ਕੌਣ ਕਰੂਗਾ ਰੀਸਾਂ ਸਿਹਤ ਵਿਭਾਗ ਦੀਆਂ, ਜੀ ਹਾਂ ਇਹ ਸੁਆਲ ਉਦੋਂ ਹਰ ਚੇਤੰਨ ਨਾਗਰਿਕ ਦੇ ਮਨ ਅੰਦਰ ਜਰੂਰ ਉੱਠਣਾ ਸੁਭਾਵਿਕ ਹੁੰਦੈ , ਜਦੋਂ ਇਹ ਪਤਾ ਲੱਗਦੈ ਕਿ ਜਿਲ੍ਹਾ ਸਿਹਤ ਵਿਭਾਗ ਬਰਨਾਲਾ ਵੱਲੋਂ ਗਰਭਵਤੀ ਔਰਤਾਂ ਨੂੰ ਦਿੱਤੇ ਗਏ ਖਾਣੇ ਉੱਪਰ ਸਿਹਤ ਵਿਭਾਗ ਨੇ 2 ਸਾਲਾਂ ਦੌਰਾਨ 2 ਲੱਖ 88 ਹਜਾਰ 897 ਰੁਪਏ ਖਰਚ ਕਰਨ ਦੀ ਜਾਣਕਾਰੀ ਆਰ.ਟੀ .ਆਈ. ਐਕਟੀਵਿਸਟ ਸੱਤਪਾਲ ਗੋਇਲ ਨੂੰ ਦੇ ਦਿੱਤੀ। ਇਹ ਖਰਚ ਹੋਣ ਬਾਰੇ ਸ਼ੰਕੇ, ਉਦੋਂ ਹੋਰ ਵੀ ਜਿਆਦਾ ਉੱਠ ਰਹੇ ਹਨ, ਜਦੋਂ ਹਰ ਕੋਈ ਜਾਣਦਾ ਹੈ ਕਿ ਸਿਵਲ ਹਸਪਤਾਲ ਬਰਨਾਲਾ ਅੰਦਰ ਦਾਖਿਲ ਮਰੀਜਾਂ ਨੂੰ ਉਨਾਂ ਦੀ ਜਰੂਰਤ ਅਨੁਸਾਰ ਖੁਰਾਕ ਭਗਤ ਮੋਹਨ ਲਾਲ ਸੇਵਾ ਸੰਮਤੀ ਦੇ ਸੇਵਾਦਾਰ ਮੈਂਬਰ, ਬਿਨਾਂ ਕਿਸੇ ਨਾਗੇ ਤੋਂ ਦੇਣਾ ਆਪਣਾ ਪਰਮੋ-ਧਰਮ ਸਮਝਦੇ ਹਨ। ਅਜਿਹੇ ਹਾਲਤ ਵਿੱਚ 20 ਲੱਖ ਤੋਂ ਵਧੇਰੇ ਦਾ ਖਰਚ ਹਸਪਤਾਲ ਪ੍ਰਬੰਧਕਾਂ ਵੱਲੋਂ ਗਰਭਵਤੀ ਔਰਤਾਂ ਦੇ ਖਾਤੇ ,ਖਾਣੇ ਦਾ ਹੀ ਪਾ ਦਿੱਤਾ ਗਿਆ ਹੈ। ਇਹ ਤੱਥ ਉੱਚ ਪੱਧਰੀ ਜਾਂਚ ਵੱਲ ਇਸ਼ਾਰਾ ਜਰੂਰ ਕਰਦੇ ਹਨ।
ਕੀ ਹੈ ਪੂਰਾ ਮਾਮਲਾ
ਪੰਜਾਬ ਸਰਕਾਰ ਦੇ ਸਿਹਤ ਵਿਭਾਗ ਵੱਲੋਂ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਤਹਿਤ ਸਰਕਾਰੀ ਹਸਪਤਾਲਾਂ ਅੰਦਰ ਜਣੇਪੇ ਲਈ ਪਹੁੰਚੀਆਂ ਗਰਭਵਤੀ ਔਰਤਾਂ ਨੂੰ ਨਾਰਮਲ ਡਿਲਵਰੀ ਹੋਣ ਤੇ 3 ਦਿਨ ਲਗਾਤਾਰ 100 ਰੁਪਏ ਪ੍ਰਤੀਦਿਨ ਦੇ ਹਿਸਾਬ ਨਾਲ ਅਤੇ ਸਾਇਜੇਰੀਅਨ ਡਿਲਵਰੀ ਹੋਣ ਤੇ ਔਰਤਾਂ ਨੂੰ 7 ਦਿਨ ਲਈ ਖਾਣਾ ਮੁਫਤ ਦਿੰਤਾ ਜਾਂਦਾ ਹੈ।
ਖਾਣੇ ਵਿੱਚ ਕੀ ਦਿੱਤਾ ਜਾਂਦੈ,,
ਯੋਜਨਾ ਅਨੁਸਾਰ ਦਿੱਤੇ ਜਾਂਦੇ ਖਾਣੇ ਵਿੱਚ ਨਾਰਮਲ ਡਿਲਵਰੀ ਵਾਲੀਆਂ ਔਰਤਾਂ ਨੂੰ ਸਵੇਰੇ ਬੈਡ –ਟੀ ,ਬਰੇਕਫਾਸਟ ਵਿੱਚ ਵੈਜੀਟੇਬਲ ਦਲੀਆ/ਸਵੀਟ ਦਲੀਆ/ ਵੈਜ ਸੈਂਡਵਿੱਚ ਵਿੱਚੋਂ ਕੋਈ ਇੱਕ ਅਤੇ 250 ਗ੍ਰਾਮ ਦੁੱਧ ਅਤੇ ਅਕਰੂਦ/ਸੇਬ/ਕੇਲਾ ਜਾਂ ਕੋਈ ਹੋਰ ਮੌਸਮ ਮੁਤਾਬਕ ਫਲ ਦੇਣਾ ਹੁੰਦਾ ਹੈ। ਇਸ ਤਰਾਂ ਮਿਲ ਮੌਰਨਿੰਗ ‘ਚ ਗਰਮ ਦੁੱਧ, ਮਾਤਰਾ ਨਿਸਚਿਤ ਨਹੀਂ, 2 ਬਿਸਕੁਟ/ ਪੋਹਾ/ਸਪਰੌਟਸ ਵਿੱਚੋਂ ਕੋਈ ਇੱਕ , ਲੰਚ ਵਿੱਚ ਦਾਲ, ਮਿਕਸ ਸਬਜੀ, ਰਾਇਤਾ, ਰੋਟੀ, ਕੋਈ ਗਿਣਤੀ ਨਹੀਂ/ ਚਾਵਲ ਚੋਂ ਕੋਈ ਇੱਕ ਅਤੇ ਸਲਾਦ ਸ਼ਾਮਿਲ ਹੈ। ਇਸੇ ਤਰਾਂ ਸ਼ਾਮ ਦੇ ਖਾਣੇ ਵਿੱਚ ਚਾਹ/ਦੁੱਧ 250 ਗ੍ਰਾਮ ਚੋਂ ਕੋਈ ਇੱਕ ਜਾਂ ਹਾਈਪ੍ਰੋਟੀਨ ਫੀਡ-1 ਕੱਪ ਅਤੇ ਪੰਜੀਰੀ ਜਾਂ 2 ਬਿਸਕੁਟ ਦੇਣਾ ਹੁੰਦਾ। ਰਾਤ ਦੇ ਖਾਣੇ ਵਿੱਚ ਪੀਸ ਐਂਡ ਪਨੀਰ/ ਸੋਇਆ ਪਨੀਰ 100 ਗ੍ਰਾਮ, ਦਾਲ, ਰੋਟੀ ਜਾਂ ਚਾਵਲ , ਸਵੀਟ ਡਿਸ਼ ਜਾਂ ਵੈਜੀਟੇਬਲ ਖਿਚੜੀ, ਸਵੀਟ ਡਿਸ਼ ਦੇਣਾ ਹੁੰਦਾ। ਯੋਜਨਾ ਅਨੁਸਾਰ ਸਾਇਜੇਰੀਅਨ ਵਾਲੀ ਗਰਭਵਤੀ ਔਰਤਾਂ ਨੂੰ ਦਿੱਤੇ ਜਾਂਦੇ ਖਾਣੇ ਵਿੱਚ ਬਰੇਕਫਾਸਟ ਵਿੱਚ ਚਾਹ, ਸਵੀਟ ਦਲੀਆ/ਵੈਜੀਟੇਬਲ ਦਲੀਆ, ਦੁੱਧ , ਕੇਲਾ ਜਾਂ ਕੋਈ ਹੋਰ ਮੌਸਮੀ ਫਲ। ਮਿਡ ਮੌਰਨਿੰਗ ਸਮੇਂ ਗਰਮ ਦੁੱਧ ਤੇ 2 ਬਿਸਕੁੱਟ , ਲੰਚ ਵਿੱਚ ਦਾਲ, ਕੋਈ ਵੀ ਮੌਸਮੀ ਸਬਜ਼ੀ, ਦਹੀਂ, ਰੋਟੀ ਜਾਂ ਚਾਵਲ ਅਤੇ ਸਲਾਦ ਦੇਣਾ ਹੁੰਦਾ। ਇਸੇ ਤਰਾਂ ਸ਼ਾਮ ਦੀ ਚਾਹ ਵੇਲੇ , ਫਰੂਟੀ ਅਤੇ 2 ਬਿਸਕੁਟ ਜਾਂ ਚਾਹ ਨਾਲ ਵੈਜੀਟੇਬਲ ਸੈਂਡਵਿੱਚ ਜਾਂ ਪੋਹਾ। ਰਾਤ ਦੇ ਖਾਣੇ ਵਿੱਚ ਪਨੀਰ ਕੜ੍ਹੀ/ ਸੋਇਆ ਪਨੀਰ ਕੜ੍ਹੀ, ਦਾਲ, ਰੋਟੀ ਜਾਂ ਚਾਵਲ , ਸਵੀਟ ਡਿਸ਼ ਜਾਂ ਵੈਜੀਟੇਬਲ ਖਿਚੜੀ, ਸਵੀਟ ਡਿਸ਼ ਸ਼ਾਮਿਲ ਹੋਣਾ ਚਾਹੀਦਾ ਹੈ।
ਪ੍ਰਾਪਤ ਜਾਣਕਾਰੀ ਬਾਰੇ ਦੱਸਦਿਆਂ ਆਰ.ਟੀ.ਆਈ. ਐਕਟੀਵਿਸਟ ਸੱਤਪਾਲ ਗੋਇਲ ਨੇ ਦੱਸਿਆ ਕਿ ਉਸ ਨੇ ਸਿਵਲ ਸਰਜ਼ਨ ਦਫਤਰ ਬਰਨਾਲਾ ਤੋਂ ਆਰ.ਟੀ.ਆਈ. ਐਕਟ ਤਹਿਤ 1 ਅਪ੍ਰੈਲ 2018 ਤੋਂ 31 ਮਾਰਚ 2020 ਤੱਕ ਦੀ ਜਾਣਕਾਰੀ ਮੰਗੀ ਸੀ, ਜਿਸ ਦਾ ਜੁਆਬ ਪੱਤਰ ਨੰਬਰ 95 ਮਿਤੀ ਰਾਹੀਂ ਭੇਜਿਆ ਗਿਆ। ਆਰ.ਟੀ.ਆਈ. ਅਨੁਸਾਰ ਦੱਸਿਆ ਗਿਆ ਹੈ ਕਿ ਜਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿੱਚ ਕੁੱਲ 9904 ਔਰਤਾਂ ਨੇ ਜਣੇਪਾ ਕਰਵਾਇਆ ਹੈ। ਇਸ ਵਿੱਚੋਂ 2791 ਕੇਸਾਂ ‘ਚ ਜਣੇਪਾ ਸਾਇਜੇਰੀਅਨ ਰਾਹੀਂ ਹੋਇਆ ਹੈ। ਯਾਨੀ 7113 ਔਰਤਾਂ ਦੀ ਨੌਰਮਲ ਡਿਲਵਰੀ ਹੋਈ ਹੈ। ਇਸ ਤਰਾਂ 7113 ਔਰਤਾਂ ਨੂੰ 3 ਦਿਨ ਲਈ ਅਤੇ 2791 ਔਰਤਾਂ ਨੂੰ 7 ਦਿਨ ਖੁਰਾਕ ਦਿੱਤੀ ਗਈ ਦਰਸਾਈ ਜਾਂਦੀ ਹੈ।
ਆਖਿਰ ਕਿੱਥੇ ਗਿਆ 20 ਲੱਖ ਤੋਂ ਵੱਧ ਦਾ ਸਰਕਾਰੀ ਖਾਣਾ ?
ਆਰ.ਟੀ.ਆਈ. ਐਕਟੀਵਿਸਟ ਸੱਤਪਾਲ ਗੋਇਲ ਨੇ ਸਰਕਾਰੀ ਅੰਕੜਾ ਪ੍ਰਾਪਤ ਹੋਣ ਉਪਰੰਤ ਵਿਅੰਗ ਕਸਦਿਆਂ ਕਿਹਾ ਕਿ ਜਦੋਂ ਜਿਲ੍ਹਾ ਪੱਧਰੀ ਹਸਪਤਾਲ ਅੰਦਰ ਸਮਾਜ ਸੇਵੀ ਸੰਸਥਾ 3 ਵਖਤ ਦਾ ਖਾਣਾ ਮਰੀਜਾਂ ਨੂੰ ਮੁਫਤ ਦੇ ਰਹੀ ਹੈ ਤਾਂ ਫਿਰ ਸਰਕਾਰੀ ਖਾਣਾ ਕੌਣ ਖਾ ਗਿਆ। ਉਨਾਂ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਉਹ ਇਸ ਵੱਡੇ ਘੁਟਾਲੇ ਦੀ ਉੱਚ ਪੱਧਰੀ ਜਾਂਚ ਲਈ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਪੰਜਾਬ ਨੂੰ ਸ਼ਕਾਇਤ ਵੀ ਭੇਜਣਗੇ ਤਾਂ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰ ਦੇਣਗੇ।