ਹਰਿੰਦਰ ਨਿੱਕਾ , ਬਰਨਾਲਾ 11 ਦਸੰਬਰ 2020
ਫੌਜੀ ਬਸਤੀ ਖੇਤਰ ਦੇ ਰਹਿਣ ਵਾਲੇ ਨੌਜਵਾਨ ਸਨੀ ਉਰਫ ਗੋਰਾ ਦੀ ਕੱਲ੍ਹ ਰਾਤ ਪੁਲਿਸ ਵੱਲੋਂ ਗਟਰ ਵਿੱਚੋਂ ਬਰਾਮਦ ਕਰਵਾਈ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਅੱਜ ਪੁਲਿਸ ਨੇ ਸਾਰੀ ਕਾਨੂੰਨੀ ਕਾਰਵਾਈ ਮੁਕੰਮਲ ਕਰ ਲਈ ਹੈ। ਕਈ ਟੁਕੜਿਆਂ ਵਿੱਚ ਵੱਢ ਕੇ ਸੁੱਟੀ ਲਾਸ਼ ਦਾ ਪੋਸਟਮਾਰਟਮ ਕੁਝ ਹੀ ਦੇਰ ਵਿੱਚ ਮੈਡੀਕਲ ਬੋਰਡ ਕਰਨਾ ਸ਼ੁਰੂ ਕਰ ਦੇਵੇਗਾ। ਮਾਮਲੇ ਦੇ ਤਫਤੀਸ਼ ਅਧਿਕਾਰੀ ਅਤੇ ਥਾਣਾ ਸਿਟੀ 2 ਦੇ ਐਸ.ਐਚ.ਉ. ਗੁਰਮੇਲ ਸਿੰਘ ਨੇ ਪੁੱਛਣ ਤੇ ਦੱਸਿਆ ਕਿ ਕਤਲ ਦੇ ਦੋਸ਼ ਵਿੱਚ ਗਿਰਫਤਾਰ 5 ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਬਰਾਮਦ ਹੋਈ ਸਨੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿੱਚ ਰੱਖਿਆ ਹੋਇਆ ਹੈ। ਡਾਕਟਰਾਂ ਨੂੰ ਪੋਸਟਮਾਰਟਮ ਕਰਨ ਲਈ ਦੁਰਖਾਸਤ ਪੇਸ਼ ਕੀਤੀ ਜਾਵੇਗੀ। ਪੋਸਟਮਾਰਟਮ ਉਪਰੰਤ ਲਾਸ਼ ਵਾਰਿਸਾਂ ਦੇ ਹਵਾਲੇ ਕਰਕੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਲਈ ਪੁਲਿਸ ਰਿਮਾਂਡ ਵੀ ਲਿਆ ਜਾਵੇਗਾ। ਵਰਣਨਯੋਗ ਹੈ ਕਿ ਪੁਲਿਸ ਨੇ ਮ੍ਰਿਤਕ ਸਨੀ ਉਰਫ ਗੋਰਾ ਦੇ ਭਰਾ ਆਦੇਸ਼ ਕੁਮਾਰ ਦੇ ਬਿਆਨ ਤੇ ਕੇਸ ਦਰਜ਼ ਕਰਕੇ, ਦੋਸ਼ੀਆਂ ਰਜਨੀਸ਼ ਕੁਮਾਰ ਮੱਖਣ , ਰਵੀ ਪਾਂਡੇ, ਹਰਦੀਪ ਭੀਮਾ, ਰਾਮ ਪ੍ਰਤਾਪ ਅਤੇ ਕੁੰਦਨ ਪ੍ਰਸ਼ਾਦ ਸਾਰੇ ਵਾਸੀ ਪ੍ਰੇਮ ਨਗਰ ਬਰਨਾਲਾ ਦੇ ਖਿਲਾਫ ਅਧੀਨ ਜੁਰਮ 302/201/120 ਬੀ/506 ਆਈਪੀਸੀ ਤਹਿਤ ਕੇਸ ਦਰਜ਼ ਕੀਤਾ ਗਿਆ ਹੈ।