” ਬਰਨਾਲਾ ਟੂਡੇ ” ਦੀ ਖਬਰ ਤੇ ਡੀ.ਸੀ. ਫੂਲਕਾ ਨੇ ਲਿਆ ਐਕਸ਼ਨ, ਐਸ.ਡੀ.ਐਮ. ਨੂੰ ਸੌਪੀ ਜਾਂਚ
ਫੂਡ ਸਪਲਾਈ ਵਿਭਾਗ ਦੇ ਅੱਖੀਂ ਘੱਟਾ ਪਾ ਕੇ ਸ਼ਾਹੂਕਾਰ ਨੀਲਾ ਕਾਰਡ ਬਣਾ ਕੇ ਲੈ ਰਿਹਾ ਸੀ ਮੁਫਤ ਰਾਸ਼ਨ
ਹਰਿੰਦਰ ਨਿੱਕਾ ਬਰਨਾਲਾ 13 ਨਵੰਬਰ 2020
ਨੀਲਾ ਕਾਰਡ ਬਣਾ ਕੇ ਲੰਬੇ ਸਮੇਂ ਤੋਂ ਮੁਫਤ ਕਣਕ ਅਤੇ ਦਾਲ ਲੈ ਰਹੇ ਭਦੌੜ ਦੇ ਸ਼ਾਹੂਕਾਰ ਰਮੇਸ਼ ਚੰਦ ਦੀ ਡੀ.ਸੀ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਤੜਾਮ ਕਸਦੇ ਹੋਏ ਮਾਮਲੇ ਦੀ ਜਾਂਚ ਐਸ.ਡੀ.ਐਮ. ਨੂੰ ਸੌਂਪ ਦਿੱਤੀ ਹੈ। ਫੂਡ ਸਪਲਾਈ ਵਿਭਾਗ ਦੇ ਅੱਖੀਂ ਘੱਟਾ ਪਾ ਕੇ ਗਰੀਬਾਂ ਨੂੰ ਮਿਲਣ ਵਾਲਾ ਮੁਫਤ ਰਾਸ਼ਨ ਲੈਣ ਦਾ ਇਹ ਮਾਮਲਾ ਬਰਨਾਲਾ ਟੂਡੇ , ਦੀ ਟੀਮ ਵੱਲੋਂ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਗਿਆ ਸੀ। ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਬਰਨਾਲਾ ਟੂਡੇ ਦੀ ਖਬਰ ਪੜ੍ਹਨ ਤੋਂ ਬਾਅਦ ਇਹ ਮਾਮਲਾ ਉਜਾਗਰ ਹੋਇਆ ਤਾਂ ਉਨਾਂ ਇਸ ਦੀ ਡੂੰਘਾਈ ਨਾਲ ਪੜਤਾਲ ਕਰਨ ਦੀ ਡਿਊਟੀ ਐਸ.ਡੀ.ਐਮ. ਨੂੰ ਸੌਂਪ ਦਿੱਤੀ।
ਡੀ.ਸੀ. ਫੂਲਕਾ ਨੇ ਕਿਹਾ ਕਿ ਜਿੱਥੇ ਇਹ ਮਾਮਲਾ ਕਾਨੂੰਨੀ ਤੌਰ ਤੇ ਗਲਤ ਹੈ, ਉੱਥੇ ਨੈਤਿਕ ਤੌਰ ਤੇ ਵੀ ਠੀਕ ਨਹੀਂ। ਉਨਾਂ ਕਿਹਾ ਕਿ ਇਹ ਗੱਲ ਤੋਂ ਹਰ ਕੋਈ ਵਾਕਿਫ ਹੈ ਕਿ ਸਰਕਾਰ ਨੇ ਗਰੀਬ ਲੋਕਾਂ ਦੀ ਸਹਾਇਤਾ ਕਰਨ ਲਈ ਨੀਲੇ ਕਾਰਡ (ਸਮਾਰਟ ਰਾਸ਼ਨ ਕਾਰਡ) ਜਾਰੀ ਕੀਤੇ ਹਨ। ਪਰੰਤੂ ਜੇਕਰ ਕੋਈ ਸਾਧਨ ਸੰਪੰਨ ਪਰਿਵਾਰ ਨੀਲਾ ਕਾਰਡ ਬਣਾ ਕੇ ਮੁਫਤ ਰਾਸ਼ਨ ਲੈ ਰਿਹਾ ਹੈ, ਇਹ ਬੇਹੱਦ ਸ਼ਰਮਨਾਕ ਘਟਨਾ ਹੈ। ਉਨਾਂ ਕਿਹਾ ਕਿ ਪ੍ਰਸ਼ਾਸ਼ਨ ਕੋਈ ਕਾਨੂੰਨੀ ਕਾਰਵਾਈ ਕਰੇ, ਇਸ ਤੋਂ ਬੇਹਤਰ ਹੈ ਕਿ ਸਾਧਨ ਸਪੰਨ ਲੋਕ ਖੁਦ ਹੀ ਅਜਿਹਾ ਕਰਨ ਤੋਂ ਗੁਰੇਜ ਕਰਨ, ਤਾਂਕਿ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਜਰੂਰਤਮੰਦ ਲੋਕਾਂ ਨੂੰ ਮਿਲ ਸਕੇ। ਡੀ.ਸੀ. ਫੂਲਕਾ ਨੇ ਕਿਹਾ ਕਿ ਐਸ.ਡੀ.ਐਮ. ਦੀ ਰਿਪੋਰਟ ਮਿਲਦਿਆਂ ਹੀ ਨੀਲਾ ਕਾਰਡ ਕੱਟਿਆ ਜਾਵੇਗਾ ਅਤੇ ਗਲਤ ਤੱਥ ਪੇਸ਼ ਕਰਕੇ ਨੀਲਾ ਕਾਰਡ ਜਾਰੀ ਕਰਵਾਉਣ ਵਾਲੇ ਵਿਅਕਤੀ ਦੇ ਖਿਲਾਫ ਉਚਿਤ ਕਾਨੂੰਨੀ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ।
ਕੀ ਹੈ ਪੂਰਾ ਮਾਮਲਾ
ਜਾਣਕਾਰੀ ਅਨੁਸਾਰ ਭਦੌੜ ‘ਚ ਕੇਬਲ ਟੀਵੀ ਨੈਟਵਰਕ ਦਾ ਕੰਮ ਕਰਦੇ ਰਮੇਸ਼ ਚੰਦ ਦੇ ਨਾਮ ਤੇ ਕਾਰਡ ਨੰ. 030006477846 ਬਣਿਆ ਹੋਇਆ ਹੈ। ਕਾਰਡ ਤੇ ਪਰਿਵਾਰ ਦੇ ਮੁਖੀ ਰਮੇਸ਼ ਚੰਦ ਸਣੇ 3 ਜੀਆਂ ਨੇ ਨਾਮ ਦਰਜ਼ ਹਨ। ਕਾਰਡ ਵਿੱਚ ਪਰਿਵਾਰ ਦੀ ਸਲਾਨਾ ਆਮਦਨ 0 , ਯਾਨੀ ਕੁਝ ਵੀ ਨਾ ਹੋਣ ਬਾਰੇ ਲਿਖਿਆ ਗਿਆ ਹੈ। ਜਦੋਂ ਕਿ ਉਕਤ ਪਰਿਵਾਰ ਕੋਲ ਇੱਕ ਕਾਰ, ਆਲੀਸ਼ਾਨ ਕੋਠੀ ਤੋੰ ਇਲਾਵਾ ਏ.ਸੀ, ਫਰਿਜ, ਐਲਈਡੀ ਆਦਿ ਤੋ ਇਲਾਵਾ ਹਰ ਤਰਾਂ ਦੀਆਂ ਸੁੱਖ ਸੁਵਿਧਾਵਾਂ ਵੀ ਮੌਜੂਦ ਹਨ। ਡਿੱਪੂ ਹੋਲਡਰ ਭੂਸ਼ਣ ਕੁਮਾਰ ਮੁਤਾਬਿਕ ਉਸ ਦੇ ਡਿੱਪੂ ਤੋਂ ਰਮੇਸ਼ ਚੰਦ ਦੇ ਨਾਮ ਤੇ ਬਣੇ ਕਾਰਡ ਨੰ. 030006477846 ਤੇ ਨਵੰਬਰ ਮਹੀਨੇ ਤੱਕ ਦੀ ਪ੍ਰਤੀ ਜੀਅ ਦੇ ਹਿਸਾਬ ਨਾਲ 75 ਕਿੱਲੋ ਕਣਕ ਅਤੇ 5 ਕਿੱਲੋ ਦਾਲ ਪਰਿਵਾਰ ਨੂੰ ਮੁਫਤ ਦਿੱਤੀ ਗਈ ਹੈ।