ਸੰਘਰਸ਼ਾਂ ਦੀ ਧਰਤੀ ਬਰਨਾਲਾ ਤੇ 43 ਵਾਂ ਦਿਨ , ਦਾਦੀਆਂ ਪੋਤੀਆਂ ਦੇ ਉੱਸਰ ਰਹੇ ਹੋਰ ਸ਼ਹੀਨ ਬਾਗ

Advertisement
Spread information

ਹਰਿੰਦਰ ਨਿੱਕਾ  ਬਰਨਾਲਾ 12 ਨਵੰਬਰ 2020

                  30 ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੀ ਕੜੀ ਵਜੋਂ 43 ਵੇਂ ਦਿਨ ਬਰਨਾਲਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਕਿਸਾਨ ਔਰਤਾਂ, ਮਰਦਾਂ ਤੇ ਨੌਜਵਾਨਾਂ ਦੀ ਗਿਣਤੀ ਨਵਾਂ ਇਤਿਹਾਸ ਸਿਰਜ ਰਹੀ ਹੈ। ਬਰਨਾਲਾ ਦੀ ਧਰਤੀ ਤੇ ਦਾਦੀਆਂ ਪੋਤੀਆਂ ਦੇ ਨਵੇਂ ਸ਼ਹੀਨ ਬਾਗ ਉੱਸਰ ਰਹੇ ਹਨ। ਇਸ ਸੰਘਰਸ਼ ਵਿੱਚ ਬਰਨਾਲਾ ਲਾਗਲੇ ਪਿੰਡ ਕਰਮਗੜ੍ਹ ਦੀ 12 ਸਾਲਾ ਸਕੂਲੀ ਵਿਦਿਆਰਥਣ ਸਵਨਪ੍ਰੀਤ ਆਪਣੀ ਪੜ੍ਹਾਈ ਦੇ ਨਾਲ-ਨਾਲ ਮਹੀਨਾ ਭਰ ਤੋਂ ਲਗਾਤਾਰ ਜਮੀਨਾਂ ਬਚਾਉਣ ਦੇ ਸਾਂਝੇ ਕਿਸਾਨੀ ਵਿੱਚ ਸ਼ਾਮਿਲ ਹੋ ਰਹੀ ਹੈ ਤਾਂ 60 ਸਾਲ ਨੂੰ ਢੁੱਕੀ ਸਵਨਪ੍ਰੀਤ ਦੀ ਦਾਦੀ ਮਹਿੰਦਰ ਕੌਰ ਵੀ ਸੰਘਰਸ਼ ਦੇ ਮੋਢੇ ਨਾਲ ਮੋਢਾ ਢਾਹਕੇ ਚਟਾਨ ਵਾਂਗ ਖੜੀ ਨਜਰ ਆਉਂਦੀ ਹੈ।

Advertisement

              ਸਵਨਪ੍ਰੀਤ ਦਾ ਬਾਪੂ ਪਰਮਪਾਲ ਸਿੰਘ , ਛੋਟਾ ਭਰਾ ਤਰਨਜੋਤ ਸਿੰਘ ਅਤੇ ਦਾਦਾ ਮੁਖਤਿਆਰ ਸਿੰਘ ਵੀ ਸਟੇਜ ਤੋਂ ਜਦ ਪੋਤੀ ਸਵਨਪ੍ਰੀਤ ਇਨਕਲਾਬ-ਜਿੰਦਾਬਾਦ ਅਤੇ ਮੋਦੀ ਸਰਕਾਰ- ਮੁਰਦਾਬਾਦ ਦੇ ਨਾਹਰੇ ਲਗਾਉਂਦੀ ਹੈ ਤਾਂ ਪੂਰੇ ਜੋਸ਼ ਨਾਲ ਜਵਾਬ ਦੇਕੇ ਮੋਦੀ ਸਰਕਾਰ ਨੂੰ ਲਲਕਰਦਾ ਨਜਰੀਂ ਪੈਂਦਾ ਹੈ। ਇਸੇ ਪਿੰਡ ਦੀ ਸਕੂਲੀ ਵਿਦਿਆਰਥਣ ਗੁਰਬੀਰ ਵੀ ਘੱਟ ਨਹੀਂ ਜੋ ਆਪਣੀ ਮਾਤਾ ਅਮਨਦੀਪ ਕੋਰ ਨਾਲ ਸੰਘਰਸ਼ ਦੇ ਰਣਤੱਤੇ ਮੈਦਾਨ ਵਿੱਚ ਲਗਾਤਾਰ ਹਾਜਰੀ ਭਰ ਰਹੀ ਹੈ। ਗੁਰਵੀਰ ਵੀ ਆਪਣੀ ਤਾਈ ਜਸਪਾਲ ਕੌਰ ਨਾਲ ਰੇਲਵੇ ਸਟੇਸ਼ਨ ਬਰਨਾਲਾ ਤੇ ਚੱਲ ਰਹੇ ਸੰਘਰਸ਼ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। 43 ਵੇਂ ਦਿਨ ਦੇ ਮੋਰਚੇ ਵਿੱਚ ਬੈਠੀ ਗੁਰਵੀਰ ਆਪਣੀ ਤਾਈ ਜਸਪਾਲ ਕੌਰ ਨੂੰ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਪ੍ਰੇਰਨਾ ਸ੍ਰੋਤ ਮੰਨਦੀ ਹੈ। ਮਹਿਲਕਲਾਂ ਟੋਲ ਪਲਾਜੇ ਉੱਪਰ ਸੰਘਰਸ਼ ਦੇ ਮੈਦਾਨ ਵਿੱਚ ਡਟੀ ਮਹਿਲਕਲਾਂ ਦੀ ਸਕੂਲ ਵਿਦਿਆਰਥਣ ਖੁਸ਼ਮੀਤ ਕੌਰ ਵੀ ਆਪਣੀ ਦਾਦੀ ਸਮੇਤ ਅਜਿਹੀ ਹੀ ਇਬਾਰਤ ਲਿਖ ਰਹੀ ਹੈ।

                 ਭਰਾਤਰੀ ਜਥੇਬੰਦੀਆਂ ਵੀ ਰੋਜਾਨਾ ਸ਼ਾਮਿਲ ਹੋਕੇ ਇਸ ਸਾਂਝੇ ਕਿਸਾਨ ਸੰਘਰਸ਼ ਨੂੰ ਸਮਰਥਨ ਦੇ ਰਹੀਆਂ ਹਨ। ਪੜ੍ਹੇ ਲਿਖੇ ਤਬਕੇ ਵਿੱਚੋਂ ਹਰਚਰਨ ਚਹਿਲ, ਨਰਿੰਦਰ ਸਿੰਗਲਾ(ਦੋਵੇਂ ਰਿਟਾਇਰ ਮਨੇਜਰ) ਅਤੇ ਬਿੱਕਰ ਸਿੰਘ ਔਲਖ (ਰਿਟਾਇਰ ਮੁੱਖ ਅਧਿਆਪਕ) ਸਾਂਝੇ ਸੰਘਰਸ਼ਸ਼ੀਲ ਕਾਫਲੇ ਵਿੱਚ ਫੰਡ ਇਕੱਤਰ ਕਰਨ/ ਹਿਸਾਬ ਕਿਤਾਬ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਇਸ ਸਾਂਝਾ ਸੰਘਰਸ਼ ਵੱਖੋ ਵੱਖ ਤਬਕਿਆਂ ਦੀ ਸਾਂਝ ਦਾ ਖੂਬਸੂਰਤ ਗੁਲਦਸਤਾ ਹੈ। ਇਸੇ ਕਰਕੇ ਇਹ ਸਾਂਝਾ ਸੰਘਰਸ਼ ਸਿਰਫ ਕਿਸਾਨੀ ਸੰਘਰਸ਼ ਨਾਂ ਹੋਕੇ ਲੋਕ ਸੰਘਰਸ਼ ਵਿੱਚ ਆਪਣੀ ਸਿਫਤ ਤਬਦੀਲ ਕਰ ਚੁੱਕਾ ਹੈ। ਰੋਜਾਨਾ ਹੋ ਰਹੀਆਂ ਤਕਰੀਰਾਂ ਅਤੇ ਅਕਾਸ਼ ਗੁੰਜਾਊ ਨਾਹਰਿਆਂ ਦੀ ਰੋਹਲੀ ਗਰਜ ਨੇ ਮੋਦੀ ਹਕੂਮਤ ਲਈ ਵੱਡੀ ਸਿਰਦਰਦੀ ਪੈਦਾ ਕਰ ਰੱਖੀ ਹੈ। ਮੋਦੀ ਸਰਕਾਰ ਦੀਆਂ ਕਿਸਾਨ/ਲੋਕ ਵਿਰੋਧੀ ਨੀਤੀਆਂ ਦੀ ਚਰਚਾ ਕਰਦਿਆਂ ਬੁਲਾਰਿਆਂ ਜਥੇਬੰਦ ਹੋਕੇ ਮੋਦੀ ਸਰਕਾਰ ਦੀਆਂ ਕਿਸਾਨ/ ਲੋਕ ਵਿਰੋਧੀ ਨੀਤੀਆਂ ਦਾ ਡਟਕੇ ਮੁਕਾਬਲਾ ਕਰਨ ਦੇ ਰਾਹ ਅੱਗੇ ਵਧਣ ਦੀ ਅਪੀਲ ਕੀਤੀ।

                  ਬੁਲਾਰਿਆਂ ਨੇ ਮੋਦੀ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਨ ਤੋਂ ਪਹਿਲਾਂ ਸੰਜੀਦਾ ਹੋਣ ਦੀ ਗੱਲ ਜੋਰਦਾਰ ਢੰਗ ਨਾਲ ਆਖੀ। ਮੰਗ ਕੀਤੀ ਕਿ ਸਭ ਤੋਂ ਪਹਿਲਾਂ ਪਹਿਲ ਕਦਮੀ ਕਰਦਿਆਂ ਕਿਸਾਨਾਂ ਵੱਲੋਂ ਰੇਲ ਪਟੜੀਆਂ, ਰੇਲਵੇ ਸਟੇਸ਼ਨ ਖਾਲੀ ਕਰਨ ਦੇ ਬਾਵਜੂਦ ਬਿਨ੍ਹਾਂ ਵਜਾਹ ਰੋਕੀਆਂ ਹੋਈਆਂ ਰੇਲ ਗੱਡੀਆਂ ਫੌਰੀ ਤੌਰ’ਤੇ ਚਾਲੂ ਕੀਤੀਆਂ ਜਾਣ। ਬੁਲਾਰਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੂਬਾ ਪ੍ਰੈੱਸ ਸਕੱਤਰ ਬਲਵੰਤ ਸਿੰਘ ਉੱਪਲੀ, ਦਰਸ਼ਨ ਸਿੰਘ ਉੱਗੋਕੇ, ਬੀਕੇਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ, ਬੀਕੇਯੂ ਰਾਜੇਵਾਲ ਦੇ ਨਿਰਭੈ ਸਿੰਘ ਗਿਆਨੀ , ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਜਸਪਾਲ ਸਿੰਘ ਕਲਾਲਮਾਜਰਾ, ਮਨਜੀਤ ਰਾਜ, ਲੰਗਰ ਕਮੇਟੀ ਦੇ ਕੁਲਵਿੰਦਰ ਸਿੰਘ ਉੱਪਲੀ, ਬਾਬੂ ਸਿੰਘ ਖੁੱਡੀਕਲਾਂ, ਪਰਮਜੀਤ ਕੌਰ, ਮੇਲਾ ਸਿੰਘ ਕੱਟੂ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਮੁਲਕ ਪੱਧਰ ਦੀਆਂ 500 ਕਿਸਾਨ ਅਤੇ ਸਹਾਇਕ ਕਿੱਤਿਆਂ ਦੀਆਂ ਜਥੇਬੰਦੀਆਂ ਵੱਲੋਂ 26-27 ਨਵੰਬਰ ਦਿੱਲੀ ਇਤਿਹਾਸਕ ਕਿਸਾਨ ਮਾਰਚ ਦੀ ਸਫਲਤਾ ਲਈ ਹੁਣੇ ਤੋਂ ਪਿੰਡਾਂ ਵਿੱਚ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ।

                  ਇਸ ਇਤਿਹਾਸਕ ਮਾਰਚ ਲਈ ਸਭਨਾਂ ਇਨਸਾਫਪਸੰਦ, ਜਨਤਕ ਜਮਹੂਰੀ ਜਥੇਬੰਦੀਆਂ ਨੂੰ ਵੱਡੀ ਗਿਣਤੀ ਵਿੱਚ ਕਰਨ ਦੀ ਅਪੀਲ ਕੀਤੀ ਗਈ। ਟੌਲ ਪਲਾਜਾ ਮਹਿਲਕਲਾਂ, ਰਿਲਾਇੰਸ ਮਾਲ/ਪਟਰੋਲ ਪੰਪ, ਡੀਮਾਰਟ, ਐਸਾਰ ਪਟਰੋਲ ਪੰਪਾਂ ਅੱਗੇ ਚੱਲ ਰਹੇ ਧਰਨੇ ਉਸੇ ਤਰ੍ਹਾਂ ਜਾਰੀ ਰਹੇ। ਜਿਨ੍ਹਾਂ ਨੂੰ ਜਗਰਾਜ ਸਿੰਘ ਹਰਦਾਸਪੁਰਾ, ਜੱਗਾ ਸਿੰਘ ਛਾਪਾ, ਮਲਕੀਤ ਸਿੰਘ ਈਨਾ, ਭੋਲਾ ਸਿੰਘ ਛੰਨਾਂ, ਅਮਰਜੀਤ ਸਿੰਘ ਮਹਿਲਖੁਰਦ, ਜਗਤਾਰ ਸਿੰਘ ਕਲਾਲਮਾਜਰਾ, ਪਰਮਿੰਦਰ ਸਿੰਘ ਹੰਢਿਆਇਆ, ਸਿਕੰਦਰ ਸਿੰਘ ਭੂਰੇ, ਜਗਤਾਰ ਸਿੰਘ ਮੂੂੰਮ, ਹਰਪ੍ਰੀਤ ਕੌਰ, ਮੇਜਰ ਸਿੰਘ ਸੰਘੇੜਾ, ਅਮਰਜੀਤ ਕੌਰ, ਕੁਲਵੰਤ ਸਿੰਘ ਭਦੌੜ, ਕਾਲਾ ਜੈਦ ਆਦਿ ਆਗੂਆਂ ਨੇ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਦਰਸ਼ਨ ਸਿੰਘ ਛੀਨੀਵਾਲਕਲਾਂ ਨੇ ਬਾਖੂਬੀ ਨਿਭਾਈ।

Advertisement
Advertisement
Advertisement
Advertisement
Advertisement
error: Content is protected !!