ਵਾਰਦਾਤ ਦੇ 26 ਘੰਟਿਆਂ ਬਾਅਦ ਵੀ ਨਹੀਂ ਖੁੱਲ੍ਹਿਆ ਵਜ੍ਹਾ ਰੰਜਿਸ਼ ਦਾ ਪੇਚ
ਹਰਿੰਦਰ ਨਿੱਕਾ/ਰਘਵੀਰ ਹੈਪੀ ਬਰਨਾਲਾ 2 ਸਤੰਬਰ 2020
ਜਾਨੋਂ ਮਾਰ ਦੀ ਨੀਯਤ ਨਾਲ ਆਪਣੀ ਨੂੰਹ ਨੂੰ ਪੈਟ੍ਰੌਲ ਪਾ ਕੇ ਅੱਗ ਲਾਉਣ ਦੇ ਦੋਸ਼ ‘ਚ ਪੁਲਿਸ ਨੇ ਅੱਗ ਦੀ ਝੁਲਸੀ ਨੂੰਹ ਦੇ ਬਿਆਨ ਤੇ ਇਰਾਦਾ ਕਤਲ ਦਾ ਕੇਸ ਦਰਜ਼ ਕੀਤਾ ਹੈ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਏ ਨਾਮਜ਼ਦ ਦੋਸ਼ੀ ਸਹੁਰੇ ਨੂੰ ਲੱਭਣ ਲਈ ਪੁਲਿਸ ਪੱਬਾਂ ਭਾਰ ਹੋ ਗਈ ਹੈ। ਪਰੰਤੂ ਵਾਰਦਾਤ ਦੇ 26 ਘੰਟੇ ਬੀਤ ਜਾਣ ਤੋਂ ਬਾਅਦ ਵੀ ਹਾਲੇ ਘਟਨਾ ਦੀ ਵਜ੍ਹਾ ਰੰਜਿਸ਼ ਦਾ ਪੇਚ ਨਹੀਂ ਖੁੱਲ੍ਹਿਆ। ਪੁਲਿਸ ਵੱਲੋਂ ਦਰਜ਼ ਕੇਸ ‘ਚ ਵੀ ਵਾਰਦਾਤ ਦੀ ਵਜ੍ਹਾ ਰੰਜਿਸ਼ ਦਾ ਕੋਈ ਜਿਕਰ ਨਹੀਂ ਹੈ ਕਿ ਆਖਿਰ ਸੌਹਰੇ ਨੇ ਕਿਹੜੀ ਗੱਲ ਤੋਂ ਖਫਾ ਹੋ ਕੇ ਆਪਣੀ ਨੂੰਹ ਨੂੰ ਅੱਗ ਲਾ ਕੇ ਸਾੜਨ ਦੀ ਕੋਸ਼ਿਸ਼ ਕੀਤੀ। ਦਰਜ਼ ਕੇਸ ਸਬੰਧੀ ਜਾਣਕਾਰੀ ਦਿੰਦਿਆਂ ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਵਿਖੇ ਜੇਰੇ ਇਲਾਜ ਪੀੜਤ ਲਖਦੀਪ ਕੌਰ ਅਨੁਸਾਰ ਉਸ ਦੀ ਸ਼ਾਦੀ ਕਰੀਬ 13 ਵਰ੍ਹੇ ਪਹਿਲਾਂ ਗਗਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਨਿਵਾਸੀ ਮਾਨਾ ਪੱਤੀ ਠੀਕਰੀਵਾਲਾ ਨਾਲ ਹੋਈ ਸੀ। ਵਿਆਹ ਤੋਂ ਬਾਅਦ ਉਨਾਂ ਦੇ ਘਰ ਬੇਟੇ ਦਾ ਜਨਮ ਹੋਇਆ । ਜਿਸ ਦਾ ਨਾਮ ਹਰਮਨਜੋਤ ਸਿੰਘ ਤੇ ਉਮਰ ਕਰੀਬ 11 ਸਾਲ ਹੈ। ਇੱਕ ਸਤੰਬਰ ਦੀ ਸਵੇਰੇ ਕਰੀਬ 9 ਵਜੇ ਉਹ ਕੱਪੜੇ ਧੋਕੇ ਸੁੱਕਣੇ ਪਾ ਕੇ ਕਮਰੇ ਵਿੱਚ ਚਲੀ ਗਈ ਤਾਂ ਉਸ ਦੇ ਸੌਹਰੇ ਗਬਰਚਰਨ ਸਿੰਘ ਨੇ ਕੱਟੀ ਹੋਈ ਪਲਾਸਟਿਕ ਦੀ ਬੋਤਲ ਵਿੱਚੋਂ ਉਸ ਉਪਰ ਪੈਟ੍ਰੌਲ ਪਾ ਕੇ ਅੱਗ ਲਾ ਦਿੱਤੀ। ਉਹ ਬਚਾਉ ਬਚਾਉ ਦਾ ਰੌਲਾ ਪਾਉਂਦੀ ਹੋਈ ਕਮਰੇ ਵਿੱਚੋਂ ਬਾਹਰ ਨਿੱਕਲ ਆਈ। ਉਸ ਦੇ ਸੌਹਰੇ ਨੇ ਫਿਰ ਜਾਨ ਤੋਂ ਮਾਰ ਦੇਣ ਨੀਯਤ ਨਾਲ ਉਸ ਦੇ ਸਿਰ ਤੇ ਕਹੀ ਪੁੱਠੀ ਕਰਕੇ ਉਸ ਦੇ ਸਿਰ ਤੇ ਹਮਲਾ ਕਰ ਦਿੱਤਾ। ਜਿਸ ਕਾਰਣ ਉਹ ਹੇਠਾਂ ਡਿੱਗ ਪਈ, ਰੌਲਾ ਸੁਣ ਕੇ ਆਂਢ ਗੁਆਂਢ ਦੇ ਲੋਕਾਂ ਦਾ ਇਕੱਠ ਹੋ ਗਿਆ। ਜਿੰਨਾਂ ਨੇ ਉਸ ਨੂੰ ਲੱਗੀ ਅੱਗ ਨੂੰ ਬੁਝਾਇਆ ਅਤੇ ਸਿਵਲ ਹਸਪਤਾਲ ਬਰਨਾਲਾ ਭਰਤੀ ਕਰਵਾਇਆ। ਤਫਤੀਸ਼ ਅਧਿਕਾਰੀ ਨੇ ਕਿਹਾ ਕਿ ਲਵਦੀਪ ਕੌਰ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਖਿਲਾਫ ਇਰਾਦਾ ਕਤਲ ਅਤੇ ਕੁੱਟਮਾਰ ਦੇ ਜੁਰਮ ਤਹਿਤ ਥਾਣਾ ਸਦਰ ਬਰਨਾਲਾ ਵਿਖੇ ਕੇਸ ਦਰਜ਼ ਕਰਕੇ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਸ ਨੂੰ ਗਿਰਫਤਾਰ ਕਰ ਲਿਆ ਜਾਵੇਗਾ। ਉਨਾਂ ਕਿਹਾ ਕਿ ਪੀੜਤਾ ਨੇ ਆਪਣੇ ਬਿਆਨ ਵਿੱਚ ਘਟਨਾ ਦੀ ਵਜ੍ਹਾ ਰੰਜਿਸ਼ ਬਾਰੇ ਆਪਣਾ ਮੂੰਹ ਨਹੀਂ ਖੋਹਲਿਆ। ਫਿਰ ਵੀ ਦੀ ਗਹਿਰਾਈ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਿਹੋ ਜਿਹੇ ਤੱਥ ਸਾਹਮਣੇ ਆਏ, ੳਹੋ ਜਿਹੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।