ਗੁੰਡਾਗਰਦੀ ਦੀ ਇੰਤਹਾ-ਦੋਸ਼ੀ ਕਹਿੰਦਾ ਗੈਂਗਸਟਰ ਨਾਲ ਯਾਰੀ ਤੇ ਪੁਲਿਸ ਚ, ਮੇਰੀ……. , ਅਗਵਾ ਕਰਕੇ ਲੈ ਜਾਊਂ, ਪਤਾ ਵੀ ਨਹੀਂ ਲੱਗਣਾ ਕਿੱਥੇ ਖਪਾ ਦਿੱਤੀ
ਸ਼ਕਾਇਤ ਦੇਣ ਤੋਂ 8 ਦਿਨ ਬਾਅਦ ਵੀ ਕਾਰਵਾਈ ਤਾਂ ਦੂਰ ਇਨਕੁਆਰੀ ਲਈ ਮਾਰਕ ਵੀ ਨਹੀਂ ਹੋਈ ਦੁਰਖਾਸਤ
ਦੋਸ਼ੀ ਨੇ ਸ਼ਕਾਇਤ ਵਾਪਿਸ ਲੈਣ ਲਈ ਪੀੜਤ ਦੀ ਫਿਰ ਕੀਤੀ ਕੁੱਟਮਾਰ ਤੇ ਕੱਪੜੇ ਪਾੜੇ ,,,
ਹਰਿੰਦਰ ਨਿੱਕਾ ਬਰਨਾਲਾ 28 ਅਗਸਤ 2020
ਵਾਹ ਸਿੰਘਮ ਜੀ ਵਾਹ, ਗੱਲਾਂ ਵੱਡੀਆਂ ਤੇ ਸ਼ਹਿਰ ਚ, ਗੁੰਡਾਗਰਦੀ ਦੀ ਇੰਤਹਾ, ਜੀ ਹਾਂ, ਪੁਲਿਸ ਦੇ ਹਾਲੀਆ ਕੰਮ ਢੰਗ ਤੋਂ ਤਾਂ ਇਹੋ ਨਤੀਜਾ ਕੱਢਿਆ ਜਾ ਰਿਹਾ ਹੈ। ਇੱਕ ਅਬਲਾ ਲੜਕੀ ਖੁਦ ਨਾਲ ਹੋਏ ਬਲਾਤਕਾਰ ਅਤੇ ਉਸਦੀ ਦੋਸ਼ੀ ਵੱਲੋਂ ਬਣਾਈ ਅਸ਼ਲੀਲ ਵੀਡੀਉ ਵਾਇਰਲ ਕਰਨ ਦਾ ਡਰ ਦਿਖਾ ਕੇ ਲੱਖਾਂ ਰੁਪਏ ਵਸੂਲਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਦੀ ਉਮੀਦ ਨਾਲ 21 ਅਗਸਤ ਨੂੰ ਐਸ.ਐਸ.ਪੀ ਦਫਤਰ ਵਿਖੇ ਫਰਿਆਦ ਲੈ ਕੇ ਪਹੁੰਚੀ। ਪਰ ਦਫਤਰ ਅੱਗੇ ਕਾਉਂਟਰ ਲਾਈ ਬੈਠੇ ਮੁਲਾਜਮਾਂ ਨੇ ਘਟਨਾ ਨੂੰ ਗੰਭੀਰਤਾ ਨਾਲ ਲੈ ਕੇ ਪੀੜਤਾ ਨੂੰ ਐਸ.ਐਸ.ਪੀ. ਨੂੰ ਮਿਲਾਉਣ ਦੀ ਬਜਾਏ , ਖੁਦ ਹੀ ਦੁਰਖਾਸਤ ਪੜ੍ਹਕੇ, ਫੜ੍ਹਕੇ ਆਪਣੇ ਕੋਲ ਹੀ ਰੱਖ ਲਈ। ਸਖਤ ਕਾਨੂੰਨੀ ਕਾਰਵਾਈ ਦੀ ਉਡੀਕ ਚ, ਵੀਡੀਉ ਵਾਇਰਲ ਹੋਣ ਦੇ ਡਰ ਹੇਠ ਹਰ ਪਲ ਤਿਲ ਤਿਲ ਕਰਕੇ ਜੀਅ ਰਹੀ ਪੀੜਤਾ ਦੀ ਸ਼ਕਾਇਤ ਦਾ ਹਸ਼ਰ ਇਹ ਹੋਇਆ ਕਿ ਸ਼ਕਾਇਤ ਦੇ 8 ਦਿਨ ਬਾਅਦ ਵੀ ਦੋਸ਼ੀਆਂ ਖਿਲਾਫ ਕੋਈ ਕਾਨੂੰਨੀ ਕਾਰਵਾਈ ਹੋਣਾ ਤਾਂ ਦੂਰ, ਕਿਸੇ ਆਲ੍ਹਾ ਅਧਿਕਾਰੀ ਨੂੰ ਦੁਰਖਾਸਤ ਇਨਕੁਆਰੀ ਲਈ, ਮਾਰਕ ਕਰਨ ਦੀ ਫੁਰਸਤ ਵੀ ਨਹੀਂ ਮਿਲੀ। ਪੁਲਿਸ ਦੀ ਢਿੱਲੀ ਕਾਰਗੁਜਾਰੀ ਦਾ ਖਾਮਿਆਜਾ ਪੀੜਤਾ ਨੂੰ ਬੀਤੇ ਕੱਲ੍ਹ ,ਇੱਕ ਵਾਰ ਫਿਰ ਸ਼ਾਮ ਕਰੀਬ 4 ਵਜੇ ਦੋਸ਼ੀ ਦੇ ਅੱਤਿਆਚਾਰ ਦੇ ਰੂਪ ਚ, ਭੁਗਤਣਾ ਪਿਆ। ਜਦੋਂ ਉਹ ਫਿਰ ਸ਼ਕਾਇਤ ਲੈ ਕੇ ਪਹੁੰਚੀ ਤਾਂ ਅੱਗੋਂ ਪੁਲਿਸ ਮੁਲਾਜਮਾਂ ਨੇ ਕਿਹਾ, ਹਾਲੇ ਵੀਡੀਉ ਵਾਇਰਲ ਤਾਂ ਨਹੀਂ ਹੋਈ, ਬਣਾ ਕੇ ਹੀ ਰੱਖੀ ਹੋਈ ਹੈ। ਜਾਹ ਘਰ ਚਲੀ ਜਾਹ , ਹਾਲੇ ਦੁਰਖਾਸਤ ਮਾਰਕ ਨਹੀਂ ਹੋਈ।
ਇੱਜਤ ਵੀ ਗੁਆਈ ਅਤੇ 3 ਲੱਖ ਰੁਪੱਈਏ ਵੀ,,,
ਸ਼ਹਿਰ ਦੇ ਰਾਏਕੋਟ ਰੋਡ ਦੀ ਰਹਿਣ ਵਾਲੀ ਪੀੜਤਾ ਨੇ ਬਰਨਾਲਾ ਟੂਡੇ ਦੀ ਟੀਮ ਕੋਲ ਆਪਣੀ ਦਰਦ ਭਰੀ ਦਾਸਤਾਨ ਬਿਆਨ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਪਤੀ ਦੇ ਦੋਸਤ ਦਾ ਉਸ ਦੇ ਘਰ ਆਉਣਾ ਜਾਣਾ ਸ਼ੁਰੂ ਹੋ ਗਿਆ। ਉਸ ਨੇ ਆਰਥਿਕ ਤੰਗੀ ਦਾ ਨਜਾਇਜ ਫਾਇਦਾ ਉਠਾਉਂਦੇ ਹੋਈ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ ਸ਼ਰੀਰਕ ਸਬੰਧ ਬਣਾ ਲਏ। ਉਸ ਨੂੰ ਬਲੈਕਮੇਲ ਕਰਨ ਲਈ ਕਿਸੇ ਤਰਾਂ ਉਸ ਦੀ ਅਸ਼ਲੀਲ ਵੀਡੀਉ ਵੀ ਬਣਾ ਲਈ। ਦੋਸ਼ੀ ਨੇ ਵੀਡੀਉ ਵਾਇਰਲ ਕਰਨ ਦਾ ਭੈਅ ਦਿਖਾ ਕੇ ਕਰੀਬ 3 ਲੱਖ ਰੁਪਏ ਵੀ ਲੈ ਲਏ। ਜਿਹੜੇ ਉਸ ਨੇ ਨਿੱਜੀ ਬੈਂਕ ਤੋਂ ਲੋਨ ਲੈ ਕੇ ਦਿੱਤੇ। ਜਿਸ ਦੇ ਸਾਰੇ ਸਬੂਤ ਵੀ ਉਸ ਕੋਲ ਮੌਜੂਦ ਹਨ।
ਦੁੱਖ ਦੱਸਿਆ ਤਾਂ, ਦੁੱਖ ਵਿੱਚ ਵਾਧਾ ਹੋ ਗਿਆ,,,
ਪੀੜਤਾ ਨੇ ਦੱਸਿਆ ਕਿ ਉਸ ਨੇ ਦੋਸ਼ੀ ਦੀ ਘਿਣਾਉਣੀ ਕਰਤੂਤ ਸਬੰਧੀ ,ਥਾਣਾ ਸਿਟੀ 1 ਚ, ਤਾਇਨਾਤ ਮੁੱਖ ਦੋਸ਼ੀ ਦੀ ਪੁਲਿਸ ਮੁਲਾਜਮ ਭੈਣ ਕੋਲ ਆਪਣਾ ਦੁੱਖ ਰੋਇਆ। ਦੋਸ਼ੀ ਦੀ ਭੈਣ ਨੇ ਉਸ ਨੂੰ ਖੁਦ ਵੀ ਆਪਣੇ ਫੋਨ ਚ, ਉਸ ਦੇ ਭਰਾ ਵੱਲੋਂ ਬਣਾਈ ਅਸ਼ਲੀਲ ਵੀਡੀਉ ਦਿਖਾ ਕੇ ਡਰਾਉਣਾ ਸ਼ੁਰੂ ਕਰ ਦਿੱਤਾ। ਵੀਡੀਉ ਡਿਲੀਟ ਕਰਵਾਉਣ ਦੇ ਨਾਮ ਤੇ 10 ਹਜ਼ਾਰ ਰੁਪਏ ਵੀ ਲੈ ਲਏ। ਪਰ ਵੀਡੀਉ ਹਾਲੇ ਤੱਕ ਵੀ ਡਿਲੀਟ ਨਹੀਂ ਕਰਵਾਈ। ਪੀੜਤਾ ਨੇ ਕਿਹਾ ਕਿ ਉਸ ਸਮੇਂ ਉਹ ਦੰਗ ਰਹਿ ਗਈ, ਜਦੋਂ ਕੁਝ ਦਿਨ ਪਹਿਲਾਂ ਦੋਸ਼ੀ ਦੀ ਪੁਲਿਸ ਮੁਲਾਜਮ ਭੈਣ ਦਾ ਜਾਹਿਰ ਕਰਦਾ ਪਤੀ ਵੀ ਉਸ ਕੋਲ ਘਰ ਆਇਆ ਅਤੇ ਆਪਣੇ ਫੋਨ ਵਿੱਚ ਅਸ਼ਲੀਲ ਵੀਡੀਉ ਦਿਖਾ ਕੇ ਬਲੈਕਮੇਲ ਕਰਨ ਲੱਗ ਪਿਆ। ਦੋਸ਼ੀ ਨੇ ਵੀਡੀਉ ਡਿਲੀਟ ਕਰਨ ਦੇ ਬਦਲੇ ਨਾਲੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਅਤੇ ਉਸ ਨੂੰ ਬਲੈਕਮੇਲ ਕਰਕੇ 20 ਹਜ਼ਾਰ ਰੁਪਏ ਵੀ ਲੈ ਲਏ। ਪੀੜਤ ਅਨੁਸਾਰ ਮੁੱਖ ਦੋਸ਼ੀ ਅਤੇ ਉਸ ਦੀ ਪੁਲਿਸ ਮੁਲਾਜਮ ਭੈਣ ਤੇ ਉਸ ਦੇ ਜਾਹਿਰ ਕਰਦੇ ਪਤੀ ਨੇ ਮਿਲ ਕੇ ਉਸ ਨੂੰ ਬਲੈਕਮੇਲ ਕਰਕੇ ਹੁਣ ਤੱਕ 3 ਲੱਖ ਰੁਪਏ ਲੈ ਲਏ ਹਨ। ਤਿੰਨੋਂ ਦੋਸ਼ੀ ਹਰ ਦਿਨ ਉਸ ਨੂੰ ਵੀਡੀਉ ਵਾਇਰਲ ਕਰਨ ਦੇ ਨਾਂ ਤੇ ਬਲੈਕਮੇਲ ਕਰਕੇ ਹੋਰ ਰੁਪੱਈਆਂ ਦੀ ਮੰਗ ਕਰ ਰਹੇ ਹਨ। ਜਦੋਂ ਕਿ ਉਹ ਹੁਣ ਇੱਨਾਂ ਦੀ ਬਲੈਕਮੇਲਿੰਗ ਤੋਂ ਤੰਗ ਆ ਚੁੱਕੀ ਹੈ। ਜਿਸ ਕਾਰਣ ਉਸ ਨੇ ਪੁਲਿਸ ਤੋਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ 21 ਅਗਸਤ ਨੂੰ ਐਸ.ਐਸ.ਪੀ. ਦਫਤਰ ਚ, ਲਿਖਤੀ ਸ਼ਕਾਇਤ ਵੀ ਦਿੱਤੀ। ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਦੋਸ਼ੀ ਸ਼ਰੇਆਮ ਉਸ ਨੂੰ ਹਾਲੇ ਵੀ ਬਲੈਕਮੇਲ ਕਰ ਰਹੇ ਹਨ।
ਸ਼ਕਾਇਤ ਬਾਰੇ ਪਤਾ ਲੱਗਿਆ ਤਾਂ, ਦੋਸ਼ੀ ਨੇ ਕੁੱਟਿਆ ਤੇ ਕੱਪੜੇ ਪਾੜੇ,,,
ਹੁਬਕੀ ਰੋਂਦੀ ਪੀੜਤ ਨੇ ਦੱਸਿਆ ਕਿ ਮੁੱਖ ਦੋਸ਼ੀ ਅਤੇ ਉਸ ਦੀ ਪੁਲਿਸ ਮੁਲਾਜਮ ਭੈਣ ਦਾ ਜਾਹਿਰ ਕਰਦਾ ਪਤੀ ਸ਼ਰਾਬ ਤਸਕਰ ਹਨ। ਦੋਸ਼ੀਆਂ ਅਨੁਸਾਰ ਬਰਨਾਲਾ ਦੇ ਕਈ ਪੁਲਿਸ ਮੁਲਾਜਮਾਂ ਅਤੇ ਇਲਾਕੇ ਦੇ ਨਾਮੀ ਗੈਂਗਸਟਰ ਨਾਲ ਉਨਾਂ ਦੇ ਨਜਦੀਕੀ ਸਬੰਧ ਵੀ ਹਨ। ਦੋਵਾਂ ਖਿਲਾਫ ਹੀ ਵੱਖ ਵੱਖ ਥਾਣਿਆਂ ਚ, ਸ਼ਰਾਬ ਤਸਕਰੀ ਅਤੇ ਹੋਰ ਸੰਗੀਨ ਜੁਰਮਾਂ ਅਧੀਨ ਕੇਸ ਵੀ ਦਰਜ਼ ਹਨ। ਪੀੜਤ ਨੇ ਦੱਸਿਆ ਕਿ ਐਸ.ਐਸ.ਪੀ. ਦਫਤਰ ਦੇ ਮੁਲਾਜਮਾਂ ਨੇ ਉਸ ਦੀ ਸ਼ਕਾਇਤ ਕਿਸੇ ਅਧਿਕਾਰੀ ਤੋਂ ਮਾਰਕ ਕਰਵਾ ਕੇ ਭਾਂਵੇ ਕੋਈ ਕਾਨੂੰਨੀ ਕਾਰਵਾਈ ਤਾਂ ਨਹੀਂ ਕੀਤੀ। ਪਰ ਦੋਸ਼ੀ ਦੀ ਪੁਲਿਸ ਮੁਲਾਜਮ ਭੈਣ ਦੇ ਸਹਿਯੋਗੀ ਮੁਲਾਜਮਾਂ ਨੇ ਉਸ ਦੀ ਸ਼ਕਾਇਤ ਬਾਰੇ ਦੋਸ਼ੀ ਨੂੰ ਜਰੂਰ ਦੱਸ ਦਿੱਤਾ।
ਦੋਸ਼ੀ ਪੀੜਤ ਨੂੰ ਸਿਟੀ ਥਾਣੇ ਵੱਲ ਲੈ ਜਾਣ ਲਈ ਖਿੱਚਦਾ ਰਿਹਾ,,
ਪੀੜਤਾ ਨੇ ਦੱਸਿਆ ਕਿ ਮੁੱਖ ਦੋਸ਼ੀ 27 ਅਗਸਤ ਦੀ ਸ਼ਾਮ ਕਰੀਬ 4 ਵਜੇ ਉਸ ਨੂੰ ਫਿਰ ਮਿਲਿਆ ਅਤੇ ਸ਼ਕਾਇਤ ਕਰਨ ਬਦਲੇ ਉਸ ਦੀ ਕੁੱਟਮਾਰ ਕੀਤੀ ਅਤੇ ਕੱਪੜੇ ਵੀ ਪਾੜ ਦਿੱਤੇ। ਕਹਿੰਦਾ ਰਿਹਾ ਕਿ ਜਾਂ ਸ਼ਕਾਇਤ ਵਾਪਿਸ ਲੈ ਲੈ, ਜਾਂ ਫਿਰ ਉਹ ਉਸ ਨੂੰ ਆਪਣੇ ਗੈਂਗਸਟਰ ਸਾਥੀਆਂ ਦੀ ਮੱਦਦ ਨਾਲ ਅਗਵਾ ਕਰਕੇ ਲੈ ਜਾਵੇਗਾ, ਕਿਸੇ ਨੂੰ ਭਿਣਕ ਵੀ ਨਹੀਂ ਪੈਣ ਦੇਵੇਗਾ ਕਿ ਉਸ ਨੂੰ ਮਾਰ ਕੇ ਕਿੱਥੇ ਖਪਾ ਦਿੱਤਾ। ਉਸ ਨੇ ਦੱਸਿਆ ਕਿ ਦੋਸ਼ੀ ਉਸ ਨੂੰ ਧਮਕੀਆਂ ਦੇ ਰਹੇ ਹਨ ਕਿ ਉਹ ਉਸ ਦੀ ਵੀਡੀਉ ਵਾਇਰਲ ਕਰਕੇ ਉਸ ਨੂੰ ਸਮਾਜ ਚ, ਮੂੰਹ ਦਿਖਾਉਣ ਦੇ ਲਾਇਕ ਵੀ ਛੱਡਣਗੇ। ਉਨਾਂ ਕਿਹਾ ਕਿ ਮੈਂ ਕੱਲ੍ਹ ਵਾਪਰੀ ਘਟਨਾ ਸਬੰਧੀ ਐਸਐਸਪੀ ਦਫਤਰ ਵਿਖੇ ਫਿਰ ਪਹੁੰਚੀ, ਪਰ ਉਸ ਨੂੰ ਕਿਸੇ ਵੀ ਮੁਲਾਜਮ ਨੇ ਆਲ੍ਹਾ ਅਧਿਕਾਰੀਆਂ ਨੂੰ ਮਿਲਣ ਨਹੀਂ ਦਿੱਤਾ।
ਉਸ ਨੇ ਖੁਦ ਐਸ.ਐਸ.ਪੀ. ਦੇ ਮੋਬਾਇਲ ਨੰਬਰ ਤੇ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਸਜ ਵੀ ਭੇਜਿਆ। ਪਰ ਕੋਈ ਸੁਣਵਾਈ ਨਹੀਂ ਹੋਈ। ਉਨਾਂ ਪੁਲਿਸ ਅਧਿਕਾਰੀਆਂ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ , ਉਸ ਦੀ ਵੀਡੀਉ ਡਿਲੀਟ ਕਰਵਾਈ ਜਾਵੇ ਅਤੇ ਬਲੈਕਮੇਲ ਕਰਕੇ ਵਸੂਲੇ 3 ਲੱਖ ਰੁਪਏ ਵਾਪਿਸ ਦਿਵਾਏ ਜਾਣ। ਪੀੜਤ ਨੇ ਕਿਹਾ ਕਿ ਦੋਸ਼ੀ ਉਸ ਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਵੀ ਦੇ ਰਹੇ ਹਨ ,ਜੇਕਰ ਉਸ ਨਾਲ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਉਸ ਦੀ ਜਿੰਮੇਵਾਰੀ ਤਿੰਨੋਂ ਦੋਸ਼ੀਆਂ ਅਤੇ ਕਾਨੂੰਨੀ ਕਾਰਵਾਈ ਚ, ਢਿੱਲ ਕਰ ਰਹੀ ਤੇ ਦੋਸ਼ੀਆਂ ਨਾਲ ਰਿਆਇਤ ਫੁਰਮਾ ਰਹੀ ਮੁਕਾਮੀ ਪੁਲਿਸ ਦੀ ਵੀ ਹੋਵੇਗੀ।