ਕੈਪਟਨ ਸਰਕਾਰ ਨੇ ਜਹਿਰੀਲੀ ਸ਼ਰਾਬ ਵੇਚਣ ਵਾਲਿਆਂ ਅਤੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਕਾਰਵਾਈ ਕੀਤੀ-ਧਰਮਸੋਤ
ਵਿਕਾਸ ਲਈ 6 ਕਰੋੜ ਰੁਪਏ ਦੀ ਗ੍ਰਾਂਟ ਦੇ ਪ੍ਰਵਾਨਗੀ ਪੱਤਰ ਪੰਚਾਇਤਾਂ ਨੂੰ ਸੌਂਪੇ ,ਕੋਰੋਨਾ ਦੇ ਬਾਵਜੂਦ ਵਿਕਾਸ ਕੰਮਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ-ਧਰਮਸੋਤ
ਰਾਜੇਸ਼ ਗੌਤਮ ਪਟਿਆਲਾ 4 ਅਸਗਤ:2020
ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਅੱਜ ਸ਼ਾਮ ਨਾਭਾ ਹਲਕੇ ਦੇ ਪਿੰਡਾਂ ‘ਚ ਲੋਕਾਂ ਦੀ ਸਹੂਲਤ ਲਈ ਨਵੇਂ ਮਾਡਲ ਪੰਚਾਇਤ ਘਰਾਂ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਉਨ੍ਹਾਂ ਨੇ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ 6 ਕਰੋੜ ਰੁਪਏ ਦੀਆਂ ਗ੍ਰਾਂਟਾਂ ਦੇ ਵਿਕਾਸ ਕਾਰਜਾਂ ਦੇ ਪ੍ਰਵਾਨਗੀ ਪੱਤਰ ਵੀ ਗ੍ਰਾਂਮ ਪੰਚਾਇਤਾਂ ਨੂੰ ਸੌਂਪੇ।
ਪਿੰਡ ਥੂਹੀ, ਢੀਂਗੀ, ਭੋਜੋਮਾਜਰੀ, ਖੱਟੜਾ ਕਲੋਨੀ ਅਤੇ ਪਿੰਡ ਫ਼ਰੀਦਪੁਰ ਵਿਖੇ 1 ਕਰੋੜ 60 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਪੰਚਾਇਤ ਘਰਾਂ ਦਾ ਨੀਂਹ ਪੱਥਰ ਰੱਖਣ ਮੌਕੇ ਸ. ਧਰਮਸੋਤ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੰਜਾਬ ਦੇ ਲੋਕਾਂ ਪ੍ਰਤੀ ਵਚਨਬੱਧਤਾ ਕਰਕੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੋਰੋਨਾ ਸੰਕਟ ਦੇ ਬਾਵਜੂਦ ਫੰਡਾਂ ਦੀ ਕੋਈ ਤੋਟ ਨਹੀਂ। ਉਨ੍ਹਾਂ ਕਿਹਾ ਕਿ 2700 ਵਰਗ ਫੁੱਟ ‘ਚ ਦੇ ਇਨ੍ਹਾਂ ਮਾਡਲ ਪੰਚਾਇਤ ਘਰਾਂ ‘ਚ ਹਾਲ, ਕਮਰੇ, ਰਸੋਈ ਆਦਿ ਦੀ ਵਰਤੋਂ ਪਿੰਡ ਦੇ ਵਸਨੀਕ ਸਾਂਝੇ ਕੰਮਾਂ ਸਮੇਤ ਕੋਈ ਸਮਾਗਮ ਆਦਿ ਕਰਵਾਉਣ ਲਈ ਕਰ ਸਕਣਗੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਧਰਮਸੋਤ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਜਹਿਰੀਲੀ ਸ਼ਰਾਬ ਵੇਚਣ ਵਾਲਿਆਂ ਅਤੇ ਪੁਲਿਸ ਤੇ ਆਬਕਾਰੀ ਵਿਭਾਗ ਦੇ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਤੁਰੰਤ ਵੱਡੀ ਕਾਰਵਾਈ ਕੀਤੀ ਹੈ ਅਤੇ ਨਾਲ ਹੀ ਮਰਨ ਵਾਲਿਆਂ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਵੀ ਸਹਾਇਤਾ ਵਜੋਂ ਦਿੱਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਮੈਕ ਤੇ ਚਿੱਟੇ ਦੇ ਤਸਕਰਾਂ ਦਾ ਤਾਂ ਲੱਕ ਤੋੜ ਦਿੱਤਾ ਸੀ ਪਰੰਤੂ ਅਫ਼ਸੋਸ ਹੈ ਕਿ ਪਿਛਲੀ ਸਰਕਾਰ ਇਹ ਜਹਿਰ ਵੇਚਣ ਦੀ ਡੋਰ ਸਮਾਜ ਵਿਰੋਧੀ ਕੁਝ ਮਹਿਲਾਵਾਂ ਦੇ ਹੱਥ ਗਈ ਸੀ, ਜਿਸ ਦਾ ਹੁਣ ਖਾਤਮਾ ਕਰ ਦਿੱਤਾ ਜਾਵੇਗਾ।
ਸ. ਧਰਮਸੋਤ ਨੇ ਵਿਰੋਧੀ ਧਿਰਾਂ ਨੂੰ ਇਸ ਮੁੱਦੇ ‘ਤੇ ਸਿਆਸੀ ਰੋਟੀਆਂ ਸੇਕਣ ਤੋਂ ਵਰਜਦਿਆਂ ਕਿਹਾ ਕਿ ਜਿਹੜੇ ਲੋਕਾਂ ਨੇ 10 ਸਾਲ ਨਸ਼ਿਆਂ ਦੀ ਗੁੜ੍ਹਤੀ ਦਿੱਤੀ ਉਨ੍ਹਾਂ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰਨਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਬੋਲਣ ਦਾ ਕੋਈ ਹੱਕ ਨਹੀਂ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਸੁਪਰੀਮੋ ਆਪਣੇ ਬੋਲਾਂ ਦੀ ਮੁਆਫ਼ੀ ਮੰਗ ਗਿਆ ਸੀ, ਉਨ੍ਹਾਂ ਨੂੰ ਵੀ ਸਿਆਸੀ ਰੋਟੀਆਂ ਨਹੀਂ ਸੇਕਣੀਆਂ ਚਾਹੀਦੀਆਂ। ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾ ਸੰਕਟ ਸਮੇਂ ਜਿਸ ਤਰ੍ਹਾਂ ਪੰਜਾਬ ਦੀ ਅਗਵਾਈ ਕੀਤੀ ਉਹ ਦੇਸ਼ ਤੇ ਪੂਰੀ ਦੁਨੀਆਂ ‘ਚ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਦੀ ਪਲ-ਪਲ ਦੀ ਖ਼ਬਰ ਰੱਖਦੇ ਹਨ ਅਤੇ ਇੱਥੋਂ ਤੱਕ ਕਿ ਕੋਰੋਨਾ ਯੋਧਿਆਂ ਨੂੰ ਖ਼ੁਦ ਫੋਨ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਦੇ ਹਨ।
ਸ. ਧਰਮਸੋਤ ਨੇ ਦੱਸਿਆ ਕਿ ਇਨ੍ਹਾਂ ਪੰਚਾਇਤ ਘਰਾਂ ਦੀ ਉਸਾਰੀ ਲਈ ਪ੍ਰਤੀ ਪਿੰਡ 20 ਲੱਖ ਰੁਪਏ ਦੀ ਗ੍ਰਾਂਟ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਅਤੇ 12 ਲੱਖ ਰੁਪਏ ਮਗਨਰੇਗਾ ਸਕੀਮ ਤਹਿਤ ਖ਼ਰਚੇ ਜਾਣਗੇ। ਸ. ਧਰਮਸੋਤ ਨੇ ਦੱਸਿਆ ਕਿ ਨਾਭਾ ਹਲਕੇ ਦੇ ਵਿਕਾਸ ਲਈ 25 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਜਾਣ ਦੀ ਤਜਵੀਜ਼ ਹੈ, ਜਿਸ ਵਿੱਚੋਂ 9 ਕਰੋੜ ਰੁਪਏ ਨਾਭਾ ਨਗਰ ਕੌਂਸਲ ਅਤੇ ਭਾਦਸੋਂ ਨਗਰ ਪੰਚਾਇਤ ਵਿਖੇ ਵਿਕਾਸ ਕਾਰਜਾਂ ਲਈ ਅਤੇ 16 ਕਰੋੜ ਰੁਪਏ ਹਲਕੇ ਦੇ ਪਿੰਡਾਂ ਨੂੰ ਸਮਾਰਟ ਵਿਲੇਜ ਵਜੋਂ ਵਿਕਸਤ ਕਰਨ ਲਈ ਖ਼ਰਚੀ ਜਾਵੇਗੀ।
ਇਸ ਮੌਕੇ ਬਲਾਕ ਸੰਮਤੀ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਜਨੀਸ਼ ਮਿੱਤਲ ਸ਼ੈਂਟੀ, ਇੰਪਰੂਵਮੈਂਟ ਟਰਸੱਟ ਦੇ ਚੇਅਰਮੈਨ ਅਮਰਦੀਪ ਸਿੰਘ ਖੰਨਾ, ਮਾਰਕੀਟ ਕਮੇਟੀ ਚੇਅਰਮੈਨ ਜਗਜੀਤ ਸਿੰਘ ਦੁਲੱਦੀ, ਸਰਪੰਚ ਬਲਵਿੰਦਰ ਸਿੰਘ ਬਿੱਟੂ ਢੀਂਗੀ, ਯੂਥ ਕਾਂਗਰਸ ਪ੍ਰਧਾਨ ਇੰਦਰਜੀਤ ਸਿੰਘ ਚੀਕੂ ਸਰਪੰਚ ਥੂਹੀ, ਮਾਰਕੀਟ ਕਮੇਟੀ ਭਾਦਸੋਂ ਚੇਅਰਮੈਨ ਪਰਮਜੀਤ ਸਿੰਘ ਖੱਟੜਾ, ਵਾਈਸ ਚੇਅਰਮੈਨ ਮਾਰਕੀਟ ਕਮੇਟੀ ਜਗਦੀਸ਼ ਸਿੰਘ ਮੱਗੋ, ਬਲਾਕ ਸੰਮਤੀ ਮੈਂਬਰ ਗੁਰਮੀਤ ਸਿੰਘ ਥੂਹੀ, ਸੁਖਜੀਤ ਸਿੰਘ ਸਰਪੰਚ ਭੋਜੋਮਾਜਰੀ, ਜਤਿੰਦਰ ਸਿੰਘ ਜਾਤੀ ਅਬੈਪੁਰ, ਸ. ਧਰਮਸੋਤ ਦੇ ਪੀਏ ਚਰਨਜੀਤ ਬਾਤਿਸ਼, ਬੀ.ਡੀ.ਪੀ.ਓ ਅਜਾਇਬ ਸਿੰਘ, ਐਸ.ਡੀ.ਓ. ਰਜਿੰਦਰ ਕੁਮਾਰ, ਜੇ.ਈ. ਅਮਨਦੀਪ ਬਾਂਸਲ ਸਮੇਤ ਹੋਰ ਪਤਵੰਤੇ ਮੌਜੂਦ ਸਨ।