ਸੰਗਰੂਰ ਵਾਸੀ ਕੁਲਵਿੰਦਰ ਸਿੰਘ ਨੇ ਜੀ.ਜੀ.ਐਸ. ਸਕੂਲ ਕੋਲੋਂ ਲੰਘਦੀ ਡਰੇਨ ’ਚ ਗੰਦਗੀ ਹੋਣ ਬਾਰੇ ਕੀਤਾ ਸੀ ਸਵਾਲ
ਹਰਪ੍ਰੀਤ ਕੌਰ ਸੰਗਰੂਰ, 1 ਅਗਸਤ:2020
ਕੋਵਿਡ-19 ਦੀ ਮਹਾਂਮਾਰੀ ਦੌਰਾਨ ਸੂਬਾ ਵਾਸੀਆਂ ਨਾਲ ਰਾਬਤਾ ਰੱਖਣ ਲਈ ਸ਼ੁਰੂ ਕੀਤੇ ਗਏ ਫੇਸਬੁੱਕ ਲਾਇਵ ਪ੍ਰੋਗਰਾਮ ‘ਆਸਕ ਕੈਪਟਨ’ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਸੰਗਰੂਰ ਵਾਸੀ ਕੁਲਵਿੰਦਰ ਸਿੰਘ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆਂ ਢੁੱਕਵੀਂ ਕਾਰਵਾਈ ਕਰਵਾਉਣ ਦਾ ਭਰੋਸਾ ਦਿੱਤਾ। ਕੁਲਵਿੰਦਰ ਸਿੰਘ ਵੱਲੋਂ ਸਥਾਨਕ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਕੋਲੋਂ ਲੰਘਦੀ ਡਰੇਨ ’ਚ ਫੌਜੀ ਕੈਂਪ ਦੇ ਸੀਵਰੇਜ ਪਾਣੀ ਤੇ ਸ਼ਹਿਰ ਵਾਸੀਆਂ ਵੱਲੋਂ ਗੰਦਗੀ ਸੁੱਟੇ ਜਾਣ ਦਾ ਮਸਲਾ ਚੁੱਕਿਆ ਸੀ। ਇਸ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਇਹ ਨਾਲ ਚੰਗੀ ਤਰਾਂ ਸਾਫ਼ ਕਰਵਾਇਆ ਗਿਆ ਸੀ। ਇਸਦੇ ਨਾਲ ਹੀ ਫੌਜੀ ਏਰੀਏ ਤੋਂ ਆਉਦੇ ਗੰਦੇ ਪਾਣੀ ਨੂੰ ਦੀ ਸਥਿਤੀ ਨੂੰ ਸੁਧਾਰਨ ਲਈ ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਉਹ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਮਸਲੇ ਨੂੰ ਸੁਲਝਾਉਣ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਮਾਹਿਰਾਂ ਮੁਤਾਬਿਕ ਮਾਸਕ ਪਾਉਣ ਨਾਲ 75 ਫੀਸਦ ਤੱਕ ਕੋਰੋਨਾਵਾਇਰਸ ਤੋਂ ਬਚਿਆ ਜਾ ਸਕਦਾ ਹੈ ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਪੰਜਾਬੀਆਂ ਵੱਲੋਂ ਇਸ ਗੱਲ ਨੂੰ ਗੌਲਿਆ ਨਹੀਂ ਜਾ ਰਿਹਾ ਤੇ ਰੋਜ਼ਾਨਾ ਮਾਸਕ ਨਾ ਪਾਉਣ ਵਾਲਿਆਂ ਦੇ ਤਕਰੀਬਨ 4 ਤੋਂ 5 ਹਜ਼ਾਰ ਚਾਲਾਨ ਸੂਬੇ ’ਚ ਕੱਟੇ ਜਾ ਰਹੇ ਹਨ। ਉਨਾਂ ਕਿਹਾ ਪੰਜਾਬ ਨੂੰ ਕੋਰੋਨਾਵਾਇਰਸ ਦੇ ਪ੍ਰਕੋਪ ਤੋਂ ਬਚਾਉਣ ਲਈ ਲੋਕਾਂ ਨੂੰ ਸਾਥ ਦੇਣਾ ਹੋਵੇਗਾ ਅਤੇ ਉਹ ਨਹੀਂ ਚਾਹੁੰਦੇ ਕਿ ਕੋਈ ਵੀ ਪੰਜਾਬੀ ਇਸ ਬਿਮਾਰੀ ਨਾਲ ਬਿਮਾਰ ਹੋਵੇ।