ਰਾਹ ਜਾਂਦੇ ਨੂੰ ਫਿਰ ਘੇਰ ਕੇ ਕੁੱਟਿਆ, 4 ਜਣਿਆਂ ਖਿਲਾਫ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 30 ਜੁਲਾਈ 2020
ਕੁਝ ਸਮਾਂ ਪਹਿਲਾਂ ਪਿੰਡ ਬਡਬਰ ਚ, ਦੋ ਧਿਰਾਂ ਦਰਮਿਆਨ ਹੋਈ ਲੜਾਈ ਦਾ ਨਿਪਟਾਰਾ ਭਾਂਵੇ ਪੰਚਾਇਤੀ ਤੌਰ ਤੇ ਮਾਫੀ ਮੰਗ ਕੇ ਰਾਜੀਨਾਮਾ ਕਰਵਾ ਦਿੱਤਾ ਗਿਆ। ਪਰੰਤੂ ਮਾਫੀ ਮੰਗਣ ਦੀ ਰੜਕ ਮਨ ਚੋਂ ਨਾ ਨਿੱਕਲਣ ਕਾਰਣ ਫਿਰ ਮਾਰਕੁੱਟ ਦੀ ਨੌਬਤ ਆ ਗਈ। ਹੁਣ ਪੁਲਿਸ ਨੇ ਨਾਮਜ਼ਦ ਦੋਸ਼ੀ ਧਿਰ ਦੇ 4 ਜਣਿਆਂ ਖਿਲਾਫ ਕੇਸ ਦਰਜ਼ ਕਰ ਦਿੱਤਾ ਹੈ। ਪੁਲਿਸ ਨੂੰ ਦਿੱਤੇ ਬਿਆਨ ਚ, ਸੁਰਜੀਤ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਬਡਬਰ ਨੇ ਦੱਸਿਆ ਕਿ 27 ਜੁਲਾਈ ਨੂੰ ਉਹ ਆਪਣੇ ਲੜਕੇ ਬਿੱਕਰ ਸਿੰਘ ਨੂੰ ਡਾਕਟਰ ਕੋਲੋਂ ਦਵਾਈ ਦਿਵਾਉਣ ਨੂੰ ਜਾ ਰਿਹਾ ਸੀ। ਤਾਂ ਰਾਸਤੇ ਚ, ਇੱਕ ਸਿਵਫਿਟ ਡਿਜਾਇਰ ਗੱਡੀ ਚ, ਸਵਾਰ ਅਨੂਪ ਸਿੰਘ ਕਾਂਤਾ ਸਿੰਘ, ਗੁਰਧਿਆਨ ਸਿੰਘ ਤੇ ਲੱਖ ਸਿੰਘ ਸਾਰੇ ਵਾਸੀ ਬਡਬਰ ਨੇ ਘੇਰ ਲਿਆ ਅਤੇ ਮੁਦਈ ਦੀ ਬੇਰਹਿਮੀ ਨਾਲ ਮਾਰਕੁੱਟ ਕੀਤੀ। ਵਜ੍ਹਾ ਰੰਜਿਸ਼ ਇਹ ਹੈ ਕਿ ਕੁਝ ਸਮਾਂ ਪਹਿਲਾਂ ਉਕਤ ਦੋਸ਼ੀਆਂ ਨੇ ਮੁਦਈ ਦੇ ਲੜਕੇ ਪ੍ਰੀਤਮ ਸਿੰਘ ਦੀ ਵੀ ਮਾਰਕੁੱਟ ਕੀਤੀ ਸੀ। ਬਾਅਦ ਚ, ਪੰਚਾਇਤੀ ਤੌਰ ਤੇ ਮਾਫੀ ਮੰਗ ਕੇ ਰਾਜੀਨਾਮਾ ਕਰ ਲਿਆ ਸੀ। ਪਰੰਤੂ ਦੋਸ਼ੀਆਂ ਨੂੰ ਸਮਝੌਤੇ ਤੋਂ ਬਾਅਦ ਵੀ ਪੰਚਾਇਤੀ ਤੌਰ ਤੇ ਮੰਗੀ ਮਾਫੀ ਰੜਕਦੀ ਰਹੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਏਐਸਆਈ ਭੋਲਾ ਸਿੰਘ ਨੇ ਦੱਸਿਆ ਕਿ ਉਕਤ ਸਾਰੇ ਨਾਮਜ਼ਦ ਦੋਸ਼ੀਆਂ ਖਿਲਾਫ ਅਧੀਨ ਜੁਰਮ 341/323/506/34 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਗਿਰਫਤਾਰੀ ਲਈ ਯਤਨ ਤੇਜ਼ ਕਰ ਦਿੱਤੇ ਹਨ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।