ਰਘਵੀਰ ਹੈਪੀ, ਬਰਨਾਲਾ 18 ਮਈ 2026
ਨਗਰ ਨਿਗਮ ਬਰਨਾਲਾ ਦੀ ਪਲੇਠੀ ਚੋਣ ‘ਚ ਸ਼ਹਿਰ ਦੇ ਬਹੁਚਰਚਿਤ ਵਾਰਡ ਨੰਬਰ 44 ‘ਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਮੈਂਬਰ ਪਾਰਲੀਮੈਂਟ ਮੀਤ ਗੁਰਮੀਤ ਸਿੰਘ ਮੀਤ ਹੇਅਰ ਦੇ ਕਰੀਬੀ ਦੋਸਤ ਹਸਨਪ੍ਰੀਤ ਭਾਰਦਵਾਜ ਦੀ ਚੋਣ ਮੁਹਿੰੰਮ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ, ਜਦੋਂ ਵਾਰਡ ਦਾ ਇੱਕ ਉਮੀਦਵਾਰ ਪੱਤਰਕਾਰ ਸੁਰਿੰਦਰ ਗੋਇਲ ,ਉਨਾਂ ਦੇ ਹੱਕ ਵਿੱਚ ਬੈਠ ਗਿਆ। ਇਹ ਘਟਨਾਕ੍ਰਮ ਲੰਘੀ ਕੱਲ੍ਹ, ਉਸ ਵੇਲੇ ਵਾਪਰਿਆ, ਜਦੋਂ ਐਮਪੀ ਮੀਤ ਹੇਅਰ, ਪੱਤੀ ਰੋਡ ਤੇ ਸਥਿਤ ਹਸਨਪ੍ਰੀਤ ਭਾਰਦਵਾਜ ਤੇ ਚੋਣ ਦਫਤਰ ਦਾ ਉਦਘਾਟਨ ਕਰਨ ਲਈ ਪਹੁੰਚੇ ਸਨ। ਉਹ ਦਫਤਰ ਦੇ ਲੱਗਭੱਗ ਸਾਹਮਣੇ, ਉਮੀਦਵਾਰ ਸੁਰਿੰਦਰ ਗੋਇਲ ਦੀ ਦੁਕਾਨ ਤੇ ਪਹੁੰਚੇ।
ਇਸ ਮੌਕੇ ਉਨਾਂ ਸੁਰਿੰਦਰ ਗੋਇਲ ਨੂੰ ਵਾਰਡ ਦੇ ਵਿਕਾਸ ਦੇ ਮੱਦੇਨਜ਼ਰ ਆਪ ਉਮੀਦਵਾਰ ਹਸਨ ਭਾਰਦਵਾਜ ਨੂੰ ਸਮੱਰਥਨ ਦੇਣ ਦੀ ਅਪੀਲ ਕੀਤੀ। ਸੁਰਿੰਦਰ ਗੋਇਲ ਨੇ, ਮੀਤ ਹੇਅਰ ਦੀ ਅੀਪਲ ਤੇ ਸਹਿਯੋਗ ਦੀ ਮੰਗ ਤੋਂ ਬਾਅਦ, ਆਪਣੀ ਉਮੀਦਵਾਰੀ ਵਾਪਿਸ ਲੈਣ ਅਤੇ ਹਸਨ ਭਾਰਦਵਾਜ ਨੂੰ ਸਮੱਰਥਨ ਦੇਣ ਦਾ ਫੈਸਲਾ ਕੀਤਾ। ਮੀਤ ਹੇਅਰ ਨੇ ਕਿਹਾ ਕਿ ਉਨਾਂ ਨੂੰ ਬੇਹੱਦ ਖੁਸ਼ੀ ਹੋਈ ਹੈ ਕਿ ਸੁਰਿੰਦਰ ਗੋਇਲ ਨੇ ਹਸਨ ਭਾਰਦਵਾਜ ਦੇ ਪੱਖ ਵਿੱਚ ਬੈਠ ਜਾਣ ਦਾ ਫੈਸਲਾ ਕਰਕੇ,ਉਨਾਂ ਦੀ ਮੁਹਿੰਮ ਨੂੰ ਹੋਰ ਵਧੇਰੇ ਬਲ ਮਿਲਿਆ ਹੈ। ਇਸ ਮੌਕੇ ਆਪ ਉਮੀਦਵਾਰ ਹਸਨ ਭਾਰਦਵਾਜ ਨੇ ਕਿਹਾ ਕਿ ਮੈਂ ਸੁਰਿੰਦਰ ਗੋਇਲ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ। ਮੈਂ ਹਮੇਸ਼ਾ ਸੁਰਿੰਦਰ ਗੋਇਲ ਦਾ ਰਿਣੀ ਰਹਾਂਗਾ।
ਇਸ ਮੌਕੇ ਸੁਰਿੰਦਰ ਗੋਇਲ ਨੇ ਕਿਹਾ ਕਿ ਮੈਂ ਵਾਰਡ ਵਾਸੀਆਂ ਦੀ ਮੰਗ ਉੱਤੇ ਵਾਰਡ ਦੇ ਵਿਕਾਸ ਅਤੇ ਬਿਹਤਰੀ ਲਈ ਚੋਣ ਲੜਨ ਦਾ ਫੈਸਲਾ ਕੀਤਾ ਸੀ। ਹੁਣ ਹਸਨ ਭਾਰਦਵਾਜ ਨੇ ਚੋਣ ਤੋਂ ਪਹਿਲਾਂ ਹੀ ਵਾਰਡ ਦੇ 90 ਪ੍ਰਤੀਸ਼ਤ ਕੰਮ ਕਰਵਾ ਦਿੱਤੇ ਹਨ। ਹਸਨ ਭਾਰਦਵਾਜ ਦੀ ਵਾਰਡ ਦੀ ਬਿਹਤਰੀ ਲਈ, ਚੰਗੀ ਤੇ ਇਮਾਨਦਾਰਾਨਾ ਪਹੁੰਚ ਤੋਂ ਪ੍ਰਭਾਵਿਤ ਹੋ ਕੇ, ਉਨਾਂ ਦਾ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਵਿਕਾਸ ਪੱਖੋਂ ਪਛੜੇ ਵਾਰਡ ਨੂੰ ਸ਼ਹਿਰ ਵਿਚੋਂ ਨੰਬਰ 1 ਬਣਾਇਆ ਜਾਵੇ। ਇਸ ਮੌਕੇ ਐਸਡੀ ਸਭਾ ਦੇ ਜਰਨਲ ਸਕੱਤਰ ਐਡਵੋਕੇਟ ਸ਼ਿਵ ਸਿੰਗਲਾ ਅਤੇ ਹੋਰ ਆਗੂ ਵੀ ਮੌਜੂਦ ਸਨ।







