ਐਸਐਚਓ ਸ਼ਰੀਫ਼ ਖਾਨ ‘ਤੇ ਵਿਧਵਾ ਨੇ ਲਾਇਆ ਬਿਨਾਂ ਵਰਦੀ ਰੇਡ ਅਤੇ ਕੁੱਟਮਾਰ ਕਰਨ ਦਾ ਦੋਸ਼
ਮੁੱਖ ਮੰਤਰੀ ਅਤੇ SC ਕਮਿਸ਼ਨ ਦੇ ਚੇਅਰਮੈਨ ਤੱਕ ਵੀ ਪਹੁੰਚੀ ਲਿਖਤੀ ਸ਼ਿਕਾਇਤ
ਪੀੜਤਾ ਨੇ ਕਿਹਾ, ਬਾਹਰਲੇ ਜ਼ਿਲ੍ਹੇ ਦੇ SP ਤੋਂ ਕਰਵਾਉ ਜਾਂਚ
ਹਰਿੰਦਰ ਨਿੱਕਾ, ਬਰਨਾਲਾ 18 ਮਈ 2026
ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਓ. ਸ਼ਰੀਫ਼ ਖਾਨ (ਤਤਕਾਲੀ ਐਸਐਚਓ ਥਾਣਾ ਤਪਾ) ‘ਤੇ ਇੱਕ ਵਿਧਵਾ ਔਰਤ ਨੇ ਬੇਹੱਦ ਗੰਭੀਰ ਅਤੇ ਸੰਗੀਨ ਦੋਸ਼ ਲਾ ਕੇ, ਉਨਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ। ਪੀੜਤ ਔਰਤ ਜਸਵੀਰ ਕੌਰ ਉਰਫ ਰਾਜਵਿੰਦਰ ਕੌਰ ਵਾਸੀ ਢਿੱਲੋਂ ਨਗਰ (ਬਰਨਾਲਾ) ਨੇ ਇਨਸਾਫ਼ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਡੀ.ਜੀ.ਪੀ. ਪੰਜਾਬ ਅਤੇ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਕਥਿਤ ਦੋਸ਼ੀ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਪਰਚਾ ਦਰਜ ਕਰਨ ਦੀ ਗੁਹਾਰ ਲਗਾਈ ਹੈ। ਜਦੋਂਕਿ ਐਸ.ਐਚ.ਓ. ਸ਼ਰੀਫ਼ ਖਾਨ ਨੇ ਮਹਿਲਾ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ ।
ਵਿਧਵਾ ਔਰਤ ਨੇ ਕਿਹੜੇ ਕਿਹੜੇ ਲਾਏ ਦੋਸ਼…
-
ਪੀੜਤਾ ਔਰਤ ਜਸਵੀਰ ਕੌਰ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 26 ਮਾਰਚ ਨੂੰ ਜਦੋਂ ਉਹ ਪਰਿਵਾਰ ਸਮੇਤ ਧਾਰਮਿਕ ਅਸਥਾਨ ‘ਤੇ ਜਾਣ ਦੀ ਤਿਆਰੀ ਕਰ ਰਹੀ ਸੀ, ਤਾਂ ਐਸ.ਐਚ.ਓ. ਸ਼ਰੀਫ਼ ਖਾਨ ਨੇ ਬਿਨਾਂ ਵਰਦੀ, ਬਿਨਾਂ ਸਰਚ ਵਾਰੰਟ ਅਤੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ 20 ਮੁਲਾਜ਼ਮਾਂ ਸਮੇਤ ਉਸ ਦੇ ਘਰ ‘ਤੇ ਧਾਵਾ ਬੋਲਿਆ। ਸਟੋਰ ਵਿੱਚ ਇਕੱਲੀ ਵੇਖ ਕੇ ਉਸ ਨੂੰ ਕਥਿਤ ਤੌਰ ਤੇ ਬਦਨੀਅਤ ਢੰਗ ਨਾਲ ਦਬੋਚ ਲਿਆ।

-
ਮਾਸੂਮ ਧੀ ਦੀ ਕੁੱਟਮਾਰ ਤੇ ਜਾਤੀਸੂਚਕ ਸ਼ਬਦ: ਪੀੜਤਾ ਨੇ ਕਿਹਾ ਕਿ ਵਿਰੋਧ ਕਰਨ ‘ਤੇ ਐਸ.ਐਚ.ਓ. ਨੇ ਉਸ ਨੂੰ ਛੋਟੇ ਬੱਚਿਆਂ ਦੇ ਸਾਹਮਣੇ ਬੇਰਹਿਮੀ ਨਾਲ ਕੁੱਟਿਆ ਅਤੇ ਬੇਹੱਦ ਘਟੀਆ ਜਾਤੀਸੂਚਕ ਸ਼ਬਦ ਬੋਲ ਕੇ ਜਲੀਲ ਵੀ ਕੀਤਾ। ਜਦੋਂ ਉਸ ਦੇ ਬਚਾਅ ਲਈ ਉਸ ਦੀ ਕਰੀਬ 11 ਸਾਲ ਦੀ ਮਾਸੂਮ ਧੀ ਆਈ ਤਾਂ ਐਸਐਚਓ ਨੇ ਉਸ ਦੇ ਮੂੰਹ ‘ਤੇ ਵੀ ਕਈ ਥੱਪੜ ਜੜੇ ਅਤੇ ਪਰਿਵਾਰ ਨੂੰ ਬੰਧਕ ਬਣਾ ਲਿਆ।
-
ਕੈਸ਼, ਸੋਨਾ ਅਤੇ CCTV DVR ਗਾਇਬ: ਪੀੜਤਾ ਦੀ ਸ਼ਿਕਾਇਤ ਮੁਤਾਬਕ ਪੁਲਿਸ ਨੇ ਘਰ ਦੀ ਅਲਮਾਰੀ ‘ਚੋਂ 55 ਹਜ਼ਾਰ ਰੁਪਏ ਨਗਦ ਅਤੇ ਅੱਧਾ ਤੋਲਾ ਸੋਨੇ ਦੀ ਛਾਂਪ ਵੀ ਆਪਣੀ ਜੇਬ ਵਿੱਚ ਪਾ ਲਈ। ਜਿਸ ਨੂੰ ਬਰਾਮਦਗੀ ਵਿੱਚ ਵੀ ਨਹੀਂ ਪਾਇਆ। ਉਹ ਆਪਣੀ ਜਿਆਦਤੀ ਦਾ ਸਬੂਤ ਮਿਟਾਉਣ ਲਈ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ (DVR) ਵੀ ਚੁਕਵਾ ਕੇ ਲੈ ਗਏ, ਜਿਸ ਨੂੰ ਪੁਲਿਸ ਰਿਕਾਰਡ ਦਾ ਹਿੱਸਾ ਹੀ ਨਹੀਂ ਬਣਾਇਆ ਗਿਆ।
-
ਗੁਨਾਹ ਛੁਪਾਉਣ ਲਈ ਝੂਠਾ ਪਰਚਾ: ਪੀੜਤਾ ਨੇ ਦੋਸ਼ ਜਾਰੀ ਰੱਖਦਿਆਂ ਕਿਹਾ ਕਿ ਇਸ ਅੱਤਿਆਚਾਰ ਨੂੰ ਲੁਕਾਉਣ ਲਈ ਪੁਲਿਸ ਨੇ ਉਲਟਾ ਉਸ ਅਤੇ ਉਸ ਦੇ ਹੋਰ ਨਜਦੀਕੀਆਂ ‘ਤੇ ਇੰਮੌਰਲ ਟ੍ਰੈਫਿਕਿੰਗ ਐਕਟ (FIR ਨੰਬਰ 131) ਤਹਿਤ ਝੂਠਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ।
-
DGP ਅਤੇ ਮੁੱਖ ਮੰਤਰੀ ਤੱਕ ਪਹੁੰਚੀ ਸ਼ਕਾਇਤ: ਪੀੜਤਾ ਅਨੁਸਾਰ ਜ਼ਮਾਨਤ ‘ਤੇ ਆਉਣ ਤੋਂ ਬਾਅਦ ਜਦੋਂ ਉਸ ਨੇ ਆਪਣਾ ਕੈਸ਼ ਤੇ ਹੋਰ ਸਾਮਾਨ ਮੰਗਿਆ, ਤਾਂ ਐਸ.ਐਚ.ਓ. ਨੇ ਧਮਕਾਇਆ ਕਿ ਐਸ.ਐਸ.ਪੀ. ਬਰਨਾਲਾ ਮੁਹੰਮਦ ਸਰਫਰਾਜ ਆਲਮ ,ਉਸ ਦਾ ਰਿਸ਼ਤੇਦਾਰ ਹੈ, ਜੇ ਜ਼ਿਆਦਾ ਬੋਲੀ ਤਾਂ (NDPS) ਦੇ ਝੂਠੇ ਕੇਸ ਵਿੱਚ ਉਮਰ ਭਰ ਲਈ ਅੰਦਰ ਕਰ ਦਿਆਂਗਾ। ਪੀੜਤਾ ਨੇ ਇਹ ਸਾਰੇ ਤੱਥ ਲਿਖਤੀ ਤੌਰ ਤੇ ਮੁੱਖ ਮੰਤਰੀ ਮਾਨ ਅਤੇ ਡੀਜੀਪੀ ਦੇ ਨੋਟਿਸ ਵਿੱਚ ਵੀ ਲਿਆਂਦੇ ਹਨ।
-
ਅਦਾਲਤੀ ਰੰਜਿਸ਼ ਬਣੀ ਵਜ੍ਹਾ: ਪੀੜਤਾ ਨੇ ਖੁਲਾਸਾ ਕੀਤਾ ਕਿ ਉਸ ਦੇ ਮ੍ਰਿਤਕ ਪਤੀ ਹੌਲਦਾਰ ਗੁਲਾਬ ਸਿੰਘ ਦੀ ਪਹਿਲੀ ਪਤਨੀ ਨਾਲ ਚੱਲ ਰਹੇ ਅਦਾਲਤੀ ਕੇਸ ਵਿੱਚ ਐਸ.ਐਚ.ਓ. ਸ਼ਰੀਫ਼ ਖਾਨ ਦੂਜੀ ਧਿਰ ਦੀ ਮਦਦ ਕਰ ਰਿਹਾ ਹੈ। ਉਸ ਨੇ ਅਦਾਲਤੀ ਕੇਸ ਵਾਪਸ ਨਾ ਲੈਣ ਦੇ ਬਦਲੇ ਹੀ ਇਹ ਖੌਫਨਾਕ ਸਾਜ਼ਿਸ਼ ਰਚੀ ਗਈ।
ਪੀੜਤਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਬਰਨਾਲਾ ਪੁਲਿਸ ਦੇ ਕਥਿਤ ਪ੍ਰਭਾਵ ਤੋਂ ਮੁਕਤ ਜਾਂਚ ਲਈ ਇਸ ਮਾਮਲੇ ਦੀ ਪੜਤਾਲ ਜ਼ਿਲ੍ਹਾ ਬਰਨਾਲਾ ਤੋਂ ਬਾਹਰ ਦੇ ਕਿਸੇ ਐਸ.ਪੀ. (SP) ਰੈਂਕ ਦੇ ਅਧਿਕਾਰੀ ਤੋਂ ਕਰਵਾਈ ਜਾਵੇ ਅਤੇ ਮੁਲਜ਼ਮ ਪੁਲਿਸ ਪਾਰਟੀ ਦੇ ਮੋਬਾਈਲਾਂ ਦੀ ਲੋਕੇਸ਼ਨ ਤੇ ਕਾਲ ਡਿਟੇਲਸ (CDR) ਖੰਗਾਲ ਕੇ ਸੱਚ ਸਾਹਮਣੇ ਲਿਆਂਦਾ ਜਾਵੇ।
ਐਸ.ਐਚ.ਓ. ਸ਼ਰੀਫ਼ ਖਾਨ ਨੇ ਦੋਸ਼ ਨਕਾਰੇ…
ਐਸ.ਐਚ.ਓ. ਸ਼ਰੀਫ਼ ਖਾਨ ਨੇ ਜਸਵੀਰ ਕੌਰ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਜਸਵੀਰ ਕੌਰ ਅਤੇ ਉਸ ਦੇ ਸਾਥੀਆਂ ਦੇ ਖਿਲਾਫ ਕੇਸ ਥਾਣਾ ਸਿਟੀ 1 ਬਰਨਾਲਾ ਵਿਖੇ ਦਰਜ ਹੋਇਆ ਹੈ। ਇਸ ਲਈ, ਮੇਰਾ ਇਸ ਕਾਰਵਾਈ ਨਾਲ ਜਦੋਂ ਕੋਈ ਸਬੰਧ ਹੀ ਨਹੀਂ,ਫਿਰ ਰੇਡ ਜਾਂ ਹੋਰ ਸਾਰੇ ਦੋਸ਼ ਪੂਰੀ ਤਰਾਂ ਬੇਬੁਨਿਆਦ ਹਨ। ਉਨਾਂ ਕਿਹਾ ਕਿ ਮੈਂ ਹੌਲਦਾਰ ਗੁਲਾਬ ਸਿੰਘ ਦੀ ਦੂਜੀ ਪਤਨੀ ਨੂੰ ਜਾਣਦਾ ਤੱਕ ਵੀ ਨਹੀਂ ਹਾਂ। ਇਸ ਲਈ ਉਨ੍ਹਾਂ ਦੀ ਮੱਦਦ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ।







